Site icon TheUnmute.com

DAP ਸਮੇਤ ਹੋਰ ਖਾਦਾਂ ਨਾਲ ਹੋਰ ਕੋਈ ਉਤਪਾਦ ਦੀ ਟੈਗਿੰਗ ਖ਼ਿਲਾਫ ਹੋਵੇਗੀ ਸਖ਼ਤ ਕਾਰਵਾਈ: ਗੁਰਮੀਤ ਸਿੰਘ ਖੁੱਡੀਆਂ

DAP

ਚੰਡੀਗੜ੍ਹ, 07 ਅਕਤੂਬਰ 2024: ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ (Gurmeet Singh Khuddian) ਨੇ ਅੱਜ ਪੰਜਾਬ ਭਵਨ ਵਿਖੇ ਕਿਸਾਨ ਜਥੇਬੰਦੀਆਂ ਨਾਲ ਸੂਬਾ ਪੱਧਰੀ ਬੈਠਕ ਕੀਤੀ | ਇਸ ਦੌਰਾਨ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਸਾਨ ਜਥੇਬੰਦੀਆਂ ਨੂੰ ਭਰੋਸਾ ਦਿੱਤਾ ਹੈ ਕਿ ਝੋਨੇ ਦੀ ਫ਼ਸਲ ਦੀ ਖ਼ਰੀਦ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਜਾਵੇਗੀ |

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਾੜ੍ਹੀ ਦੀਆਂ ਫਸਲਾਂ ਦੀ ਨਿਰਵਿਘਨ ਬਿਜਾਈ ਲਈ ਡਾਇਮੋਨੀਅਮ ਫਾਸਫੇਟ (DAP) ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਵਚਨਬੱਧ ਹੈ। ਇਸ ਪਹਿਲਕਦਮੀ ‘ਚ ਸੂਬੇ ਦੇ ਕਿਸਾਨ ਨੂੰ ਸਮੇਂ ਸਿਰ ਸਹਾਇਤਾ ਪ੍ਰਦਾਨ ਕਰਨਾ ਅਤੇ ਨਿਰਵਿਘਨ ਬਿਜਾਈ ਪ੍ਰਕਿਰਿਆ ਨੂੰ ਯਕੀਨੀ ਬਣਾਉਣਾ ਸ਼ਾਮਲ ਹੈ |

ਇਸਦੇ ਨਾਲ ਹੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਹਾੜ੍ਹੀ ਦੇ ਸੀਜ਼ਨ ਦੀ ਮੰਗ ਨੂੰ ਪੂਰਾ ਕਰਨ ਲਈ ਅਕਤੂਬਰ ਮਹੀਨੇ ਲਈ 2.50 ਲੱਖ ਮੀਟ੍ਰਿਕ ਟਨ ਡੀ.ਏ.ਪੀ. (DAP)ਖਾਦ ਅਲਾਟ ਕਰਨ ਦਾ ਐਲਾਨ ਕੀਤਾ ਹੈ | ਉਨ੍ਹਾਂ ਕਿਹਾ ਕਿ ਇਸ ਅਲਾਟਮੈਂਟ ਲਈ ਪੰਜਾਬ ਨੂੰ ਪਹਿਲਾਂ ਤੋਂ ਹੀ 22,204 ਮੀਟ੍ਰਿਕ ਟਨ ਡੀ.ਏ.ਪੀ. ਪ੍ਰਾਪਤ ਹੋਈ ਹੈ ਅਤੇ ਹੋਰ 15,000 ਮੀਟਰਕ ਟਨ ਛੇਤੀ ਪ੍ਰਾਪਤ ਹੋ ਜਾਵੇਗੀ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਪੰਜਾਬ ਨੂੰ ਹੁਣ ਤੱਕ ਕਰੀਬ 1.77 ਲੱਖ ਮੀਟ੍ਰਿਕ ਟਨ ਡੀ.ਏ.ਪੀ. ਪ੍ਰਾਪਤ ਹੋ ਚੁੱਕੀ ਹੈ। ਹੁਣ ਤੱਕ 51,612 ਮੀਟ੍ਰਿਕ ਟਨ ਡੀ.ਏ.ਪੀ. ਦੇ ਬਰਾਬਰ ਫਾਸਫੇਟ ਦੇ ਵੱਖ-ਵੱਖ ਬਦਲ ਵੀ ਪ੍ਰਾਪਤ ਹੋਏ, ਜਿਸ ਨਾਲ ਕੁੱਲ ਉਪਲਬੱਧਤਾ 2,27,563 ਮੀਟ੍ਰਿਕ ਟਨ ਬਣੀ ਹੈ।

ਇਸ ਦੌਰਾਨ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਬੂਟਾ ਸਿੰਘ ਬੁਰਜਗਿੱਲ, ਹਰਿੰਦਰ ਸਿੰਘ ਲੱਖੋਵਾਲ, ਹਰਮੀਤ ਸਿੰਘ ਕਾਦੀਆਂ ਅਤੇ ਰਮਿੰਦਰ ਸਿੰਘ ਦੀ ਅਗਵਾਈ ‘ਚ ਬੈਠਕ ਲਈ ਆਏ ਕਿਸਾਨ ਯੂਨੀਅਨਾਂ ਦੇ ਮੈਂਬਰਾਂ ਵੱਲੋਂ ਚੁੱਕੇ ਗਏ ਮੁੱਦਿਆਂ ਸੰਬੰਧੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਨੇ ਕਿਹਾ ਕਿ ਸਹਿਕਾਰੀ ਸਭਾਵਾਂ ਨੂੰ ਡੀ.ਏ.ਪੀ. 60 ਫੀਸਦੀ ਅਲਾਟ ਕੀਤਾ ਜਾ ਰਹੀ ਹੈ, ਜਦਕਿ ਬਾਕੀ 40 ਫੀਸਦੀ ਖਾਦ ਡੀਲਰਾਂ ਨੂੰ ਦਿੱਤੀ ਜਾਵੇਗੀ ।

ਖੇਤੀਬਾੜੀ ਮੰਤਰੀ ਨੇ ਕਿਹਾ ਕਿ ਡੀ.ਏ.ਪੀ. ਅਤੇ ਹੋਰ ਖਾਦਾਂ ਦੇ ਨਾਲ-ਨਾਲ ਕਿਸੇ ਵੀ ਉਤਪਾਦ ਦੀ ਕਾਲਾਬਾਜ਼ਾਰੀ ਜਾਂ ਟੈਗਿੰਗ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਕਿਸੇ ਵੀ ਘਟਨਾ ਦੀ ਸੂਚਨਾ ਦੇਣ ਤਾਂ ਜੋ ਦੋਸ਼ੀਆਂ ਪਾਏ ਜਾਂ ਵਾਲਿਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕੇ |

Exit mobile version