ਜੱਲ੍ਹਿਆਂਵਾਲਾ ਬਾਗ਼ ਸੰਬੰਧੀ ਲੇਖ…
ਹਰਪ੍ਰੀਤ ਸਿੰਘ ਕਾਹਲੋਂ
Sr. Executive Editor
The Unmute
ਇਤਿਹਾਸ ਦਾ ਇੱਕ ਜ਼ਿਕਰ ਹੈ ਕਿ ਜਲ੍ਹਿਆਂਵਾਲਾ ਬਾਗ਼ ਪੰਡਿਤ ਜੱਲ੍ਹੇ ਦਾ ਸੀ ਪਰ ਇਤਿਹਾਸ ਦੇ ਸਫ਼ੇ ਕੁਝ ਹੋਰ ਬਿਆਨ ਕਰਦੇ ਹਨ। ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਸਰਹਿੰਦ ਤਹਿਸੀਲ ਅਤੇ ਬਲਾਕ ਦਾ ਪਿੰਡ ਜੱਲ੍ਹਾ ਅਤੇ ਜੱਲ੍ਹਿਆਂਵਾਲੇ ਬਾਗ਼ ਦਾ ਰਿਸ਼ਤਾ ਖਾਸ ਹੈ।ਫ਼ਤਿਹਗੜ੍ਹ ਸਾਹਿਬ ਤੋਂ ੧੪ ਕਿਲੋਮੀਟਰ ‘ਤੇ ਪੈਂਦਾ ਇਹ ਪਿੰਡ ਸਰਹਿੰਦ-ਭਾਦਸੋਂ ਸੜਕ ‘ਤੇ ਹੈ।
ਇਹ ਪਿੰਡ ਮਹਾਰਾਜਾ ਪਟਿਆਲਾ ਦੇ ਪ੍ਰੋਹਤ ਪੰਡਤ ਜੱਲ੍ਹੇ ਨੇ ਵਸਾਇਆ ਸੀ।੪੫੦ ਸਾਲਾਂ ਪੁਰਾਣੇ ਇਸ ਪਿੰਡ ਦੀ ਜਗੀਰ ਸਰਦਾਰ ਹਿੰਮਤ ਸਿੰਘ ਨੂੰ ਮਿਲੀ ਸੀ।ਸਰਦਾਰ ਹਿੰਮਤ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਹਲਪੁਰ ਦੇ ਚੌਧਰੀ ਗੁਲਾਬ ਰਾਇ ਬੈਂਸ ਜੱਟ ਦਾ ਮੁੰਡਾ ਸੀ ਜਿਹਨੂੰ ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਸੂਬਾ ਸਰਹਿੰਦ ‘ਤੇ ਕੀਤੀ ਕਾਰਵਾਈ ‘ਚ ਹਿੱਸਾ ਲੈਣ ਲਈ ਇਹ ਪਿੰਡ ਜਗੀਰ ਵਜੋਂ ਮਿਲਿਆ ਸੀ।ਇਸ ਪਿੰਡ ਤੋਂ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਸਰਦਾਰ ਵੱਜਣ ਲੱਗ ਪਏ।ਇਸ ਪਿੰਡ ‘ਚ ਵੱਸਣ ਵੇਲੇ ਸਰਦਾਰ ਹਿੰਮਤ ਸਿੰਘ ਨਾਭਾ ਰਿਆਸਤ ‘ਚ ਸੇਵਾਵਾਂ ਦੇਣ ਲੱਗ ਪਏ।
ਸੰਨ ੧੮੧੨ ਤੋਂ ਮਹਾਰਾਜਾ ਰਣਜੀਤ ਸਿੰਘ ਨੇ ਸਰਦਾਰ ਹਿੰਮਤ ਸਿੰਘ ਨੂੰ ਆਪਣੀਆਂ ਸੇਵਾਵਾਂ ‘ਚ ਸ਼ਾਮਲ ਕਰ ਲਿਆ।ਇਹਨਾਂ ਸੇਵਾਵਾਂ ਬਦਲੇ ਸਰਦਾਰ ਹਿੰਮਤ ਸਿੰਘ ਜੱਲੇਵਾਲੀਆ ਨੂੰ ਜਲੰਧਰ ਦਾ ਪਿੰਡ ਅਲਾਵਲਪੁਰ (ਜਲੰਧਰ-ਪਠਾਨਕੋਟ ਸੜਕ ‘ਤੇ ਪੈਂਦਾ ਹੈ) ਅਤੇ ਅੰਮ੍ਰਿਤਸਰ ਦੇ ਬਾਗ਼ ਵਾਲੀ ਥਾਂ ਇਨਾਮ ਵਜੋਂ ਦਿੱਤੀ।ਇੰਝ ਇਸ ਥਾਂ ‘ਤੇ ਇਹਨਾਂ ਸਰਦਾਰਾਂ ਵੱਲੋਂ ਬਾਗ਼ ਲਵਾਇਆ ਗਿਆ ਜੋ ਜੱਲ੍ਹਿਆਂਵਾਲੇ ਸਰਦਾਰਾਂ ਦਾ ਬਾਗ਼ ਵੱਜਦਾ ਸੀ।ਸਰਦਾਰ ਹਿੰਮਤ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਅਲਾਵਲਪੁਰ ਦੀ ਜਗੀਰ ਸਰਦਾਰ ਦੇ ਚਾਰ ਮੁੰਡਿਆਂ ‘ਚ ਵੰਡ ਦਿੱਤੀ ਗਈ। ੧੩ ਅਪ੍ਰੈਲ ੧੯੧੯ ਨੂੰ ਕਾਲੇ ਐਤਵਾਰ ਦੀ ਖ਼ੂਨੀ ਵਿਸਾਖੀ ਨੂੰ ਇਸ ਜੱਲ੍ਹਿਆਂਵਾਲੇ ਬਾਗ਼ ਦਾ ਸਿਰਫ ਨਾਮ ਹੀ ਬਾਗ਼ ਸੀ ਪਰ ਇੱਕ ਇਹਨਾਂ ਸਰਦਾਰਾਂ ਦੀ ਸਮਾਧੀ ਤੋਂ ਇਲਾਵਾ ਇੱਕ ਖ਼ੂਹ ਸੀ ਅਤੇ ਬਾਕੀ ਥਾਂ ਖਾਲੀ ਰੜੇ ਮੈਦਾਨ ਹੀ ਸੀ।
ਪਿੰਡ ਜੱਲ੍ਹੇ ਦੇ ਲੋਕਾਂ ਨੂੰ ਆਪਣੇ ਇਸ ਇਤਿਹਾਸ ਬਾਰੇ ਪੂਰੀ ਤਰ੍ਹਾਂ ਸਾਫ ਸਪੱਸ਼ਟ ਨਹੀਂ ਹੈ।ਪਿੰਡ ਵਾਲਿਆਂ ਮੁਤਾਬਕ ਪਿੰਡ ‘ਚ ਸਰਦਾਰਾਂ ਦੀ ਸਮਾਧਾਂ ਵੀ ਹਨ ਅਤੇ ਮਹਾਰਾਜਾ ਰਣਜੀਤ ਸਿੰਘ ਇੱਥੇ ਵਿਆਹੇ ਸਨ।ਮਹਾਰਾਜਾ ਰਣਜੀਤ ਦੇ ਵਿਆਹੇ ਦੀ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਪਰ ਜੱਲ੍ਹਿਆਂਵਾਲੇ ਬਾਗ਼ ਦੇ ਸਰਦਾਰ ਇਸ ਪਿੰਡ ਦੇ ਹੀ ਸਨ।ਇਸ ਬਾਰੇ ਬਹੁਤ ਸਾਰੇ ਹਵਾਲੇ ਗਵਾਹੀ ਦਿੰਦੇ ਹਨ।ਲੈਪਲ ਗ੍ਰੀਫਨ ਦੀ ਚੀਫ਼ਸ ਐਂਡ ਫੈਮਲੀਜ਼ ਆਫ ਨੋਟ ਇਨ ਦੀ ਪੰਜਾਬ (੧੮੯੦) ਮੁਤਾਬਕ ਵੀ ਇਹ ਰਿਕਾਰਡ ਬੋਲਦਾ ਹੈ।ਇਸ ਤੋਂ ਇਲਾਵਾ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਪੰਜਾਬ ਕੋਸ਼, ਡਾ ਰਤਨ ਸਿੰਘ ਜੱਗੀ ਦਾ ਸਿੱਖ ਪੰਥ ਵਿਸ਼ਵਕੋਸ਼, ਪੰਜਾਬੀ ਯੂਨੀਵਰਸਿਟੀ ਦਾ ਸਿੱਖ ਧਰਮ ਵਿਸ਼ਵਕੋਸ਼ ਅਤੇ ਪ੍ਰੋ ਪਿਆਰਾ ਸਿੰਘ ਪਦਮ ਦਾ ਸੰਖੇਪ ਸਿੱਖ ਇਤਿਹਾਸ (੧੪੬੯-੧੯੭੯) ‘ਚ ਵੀ ਇਹਨਾਂ ਸਰਦਾਰਾਂ ਦਾ ਅਤੇ ਬਾਗ਼ ਦਾ ਇਤਿਹਾਸਕ ਹਵਾਲਾ ਮਿਲਦਾ ਹੈ।ਇਹਨਾਂ ਦਿਨਾਂ ‘ਚ ਫ਼ਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ‘ਨਾਜ਼’ ਹੁਣਾਂ ਦੀ ਕਿਤਾਬ ‘ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸ਼ਹਿਰ, ਕਸਬੇ ਅਤੇ ਪਿੰਡ-ਸੰਖੇਪ ਇਤਿਹਾਸਕ ਜਾਣਕਾਰੀ ‘ਚ ਵੀ ਪਿੰਡ ਜੱਲ੍ਹੇ ਅਤੇ ਜੱਲ੍ਹਿਆਂਵਾਲੇ ਬਾਗ਼ ਦੇ ਰਿਸ਼ਤੇ ਦੀ ਕਹਾਣੀ ਸਾਹਮਣੇ ਆਉਂਦੀ ਹੈ।
੧੩ ਅਪ੍ਰੈਲ ੧੯੧੯ ਦੇ ਖ਼ੂਨੀ ਸਾਕੇ ਤੋਂ ਬਾਅਦ ਇੱਕ ਯਾਦਗਾਰ ਕਮੇਟੀ ਹੋਂਦ ‘ਚ ਆਈ।ਇਸ ਕਮੇਟੀ ਦੇ ਪ੍ਰਧਾਨ ਮਦਨ ਮੋਹਨ ਮਾਲਵੀਆ ਤੇ ਸਕੱਤਰ ਮੁਕਰਜੀ ਸਨ।ਇਸ ਬਾਗ਼ ਨੂੰ ੧੯੨੩ ‘ਚ ਇਹਦੇ ੩੪ ਮਾਲਕਾਂ ਕੋਲੋਂ ੫ ਲੱਖ ੬੫ ਹਜ਼ਾਰ ਰੁਪਏ ‘ਚ ਖਰੀਦਿਆ ਸੀ।ਹੁਣ ਸਵਾਲ ਵੱਡਾ ਇਹ ਹੈ ਕਿ ੧੦੦ ਸਾਲ ਬਾਅਦ ਇਸ ਬਾਗ਼ ਨੂੰ ਵੇਖਦਿਆਂ ਇਹ ਕਿਤੇ ਸੈਰ ਸਪਾਟਾ ਅਤੇ ਸੈਲਫੀਆਂ ਖਿੱਚਣ ਲਈ ਥਾਂ ਤਾਂ ਨਹੀਂ ਬਣ ਗਈ।ਇਸ ਨੂੰ ਲੈਕੇ ਸਰਕਾਰੀ ਪੱਧਰ ‘ਤੇ ਵੀ ਕੋਈ ਢੁੱਕਵੇਂ ਪ੍ਰੋਗਰਾਮਾਂ ਦੀ ਰੂਪ ਰੇਖਾ ਸਾਹਮਣੇ ਨਹੀਂ ਆਈ।ਇਤਿਹਾਸ ਦੇ ਵੱਡੇ ਖ਼ੂਨੀ ਸਾਕੇ ਪ੍ਰਤੀ ਇੰਨੀ ਉਦਾਸੀਨਤਾ ਕਿਉਂ ਹੈ?
੧੦੦ ਸਾਲ-ਇੱਕ ਸਦੀ-ਜਲ੍ਹਿਆਂਵਾਲਾ ਬਾਗ਼-ਸ਼ਹਾਦਤ
(ਜੋ ਤੁਰ ਗਏ ਅਤੇ ਆਪਣੇ ਖ਼ੂਨ ਨਾਲ ਮਿੱਟੀ ਨੂੰ ਸਿੰਝ ਗਏ ਉਹਨਾਂ ਸ਼ਹੀਦਾਂ ਦੇ ਨਾਮ)
ਰਗੋਂ ਮੇਂ ਦੌੜਤੇ ਫਿਰਨੇ ਕੇ ਹਮ ਨਹੀਂ ਕਾਇਲ
ਜਬ ਆਂਖ ਹੀ ਸੇ ਨਾ ਟਪਕਾ ਤੋ ਫਿਰ ਲਹੂ ਕਿਆ ਹੈ
– ਗ਼ਾਲਿਬ
ਅੰਮ੍ਰਿਤਸਰ ਸ਼ਹਿਰ ਗੁਰੂਆਂ ਦੀ ਚਰਨ ਸ਼ੋਅ ਪ੍ਰਾਪਤ ਧਰਤੀ ਜੀਹਨੂੰ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ।ਇਸ ਸ਼ਹਿਰ ਦੀਆਂ ਗਲੀਆਂ ਹਰ ਦੌਰ ‘ਚ ਖੂਨੀ ਇਤਿਹਾਸ ਦੀਆਂ ਗਵਾਹ ਰਹੀਆਂ ਹਨ।੧੯੧੯ ਦਾ ਅੰਮ੍ਰਿਤਸਰ ਆਪਣੀ ੧੬੦੦੦੦ ਦੀ ਅਬਾਦੀ ਵਾਲਾ ਸ਼ਹਿਰ ਸੀ।ਇਹ ਵੱਡਾ ਸ਼ਹਿਰ ਸੀ ਅਤੇ ਵਪਾਰ ਦਾ ਵੱਡਾ ਕੇਂਦਰ ਸੀ।ਸਿੱਖ, ਮੁਸਲਮਾਨ, ਹਿੰਦੂਆਂ ਦੀ ਅਬਾਦੀ ਸੀ।ਵਪਾਰ ਦਾ ਵੱਡਾ ਕੇਂਦਰ ਹੋਣ ਕਰਕੇ ਵਪਾਰੀਆਂ ਦਾ ਜਮਘਟ ਰਹਿੰਦਾ ਸੀ।ਗੰਗਾ-ਜਮੁਨਾ ਦੀ ਧਰਤੀ ਤੋਂ ਹਿੰਦੂ ਵਪਾਰੀਆਂ ਲਈ ਵੀ ਇਹ ਮੁੱਖ ਕੇਂਦਰ ਸੀ ਅਤੇ ਕਸ਼ਮੀਰੀ ਵਪਾਰੀਆਂ ਦਾ ਇੱਥੇ ਪੂਰੇ ਦਾ ਪੂਰਾ ਵੱਡਾ ਬਜ਼ਾਰ ਸੀ।ਇਸ ਤੋਂ ਇਲਾਵਾ ਰੇਲਵੇ ਜੰਕਸ਼ਨ ਸੀ।ਪਵਿੱਤਰ ਸ਼ਹਿਰ ਅਤੇ ਸਿਜਦੇ ਹੁੰਦੇ ਮਨਾਂ ਦੀ ਸ਼ੁਕਰਾਨੇ ਦੀ ਅਰਦਾਸ ਇੱਥੇ ਹੁੰਦੀ ਸੀ।
ਇਹ ਪੰਜਾਬ ਸੀ ਅਤੇ ਪੰਜਾਬ ਦਾ ਸ਼ਹਿਰ ਅੰਮ੍ਰਿਤਸਰ ਸੀ।ਵਿਸਾਖੀ ਆਉਣ ਵਾਲੀ ਸੀ ਅਤੇ ਫਸਲਾਂ ਦੇ ਸ਼ੁਕਰਾਨੇ ਦੇ ਇਸ ਤਿਉਹਾਰ ਲਈ ਲੋਕਾਂ ਦੀ ਚੌਖੀ ਭੀੜ ਇਕੱਠੀ ਹੋਣ ਲੱਗੀ ਸੀ।ਪਰ ਕੀ ਪਤਾ ਸੀ ਕਿ ਘਰੋਂ ਨਿਕਲੇ ਸੱਜਣ ਕਦੀ ਹੁਣ ਘਰਾਂ ਨੂੰ ਨਹੀਂ ਪਰਤਣਗੇ।ਕੋਣ ਜਾਣਦਾ ਸੀ ਕਿ ਕੁਝ ਇੰਝ ਹੋ ਜਾਵੇਗਾ? ੧੩ ਅਪ੍ਰੈਲ, ਕਾਲੀ ਵਿਸਾਖੀ, ਕਾਲਾ ਐਤਵਾਰ ਅਤੇ ਲਹੂ ਨਾਲ ਸਿੰਜਿਆ ਇਤਿਹਾਸ ਜੋ ਅੱਜ ਵੀ ਸਾਨੂੰ ਧੁਰ ਅੰਦਰ ਤੱਕ ਹਿਲਾਉਂਦਾ ਹੈ।ਇਹ ਇਤਿਹਾਸ ਦੇ ਸਫਿਆਂ ਦਾ ਸਭ ਤੋਂ ਵੱਡਾ ਅਣਮਨੁੱਖੀ ਕਾਰਾ ਅਤੇ ਹੈਵਾਨੀਅਤ ਭਰਿਆ ਸਾਕਾ ਸੀ।੧੦੦ ਸਾਲ ਬਾਅਦ ਇਹ ਸਮਝਣਾ ਬਣਦਾ ਹੈ ਕਿ ਉਹਨਾਂ ਦਿਨਾਂ ਦੀ ਦਾਸਤਾਨ ਕੀ ਸੀ ਅਤੇ ਸਾਡੇ ਮਨਾਂ ‘ਚ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਲੈਕੇ ਕੀ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ? ਅਪ੍ਰੈਲ ਮਹੀਨੇ ਦੇ ਉਹ ਦਿਨ ਬਹੁਤ ਸਾਰੇ ਹਲਾਤ ਅਤੇ ਮਿਲੇ ਜੁਲੇ ਮਾਹੌਲ ਦਾ ਨਤੀਜਾ ਸਨ।ਉਹਨਾਂ ਦਿਨਾਂ ‘ਚ ਅੰਮ੍ਰਿਤਸਰ ਵਿਸਾਖੀ ਨੂੰ ਇੱਕਠੀਆਂ ਹੋ ਰਹੀਆਂ ਸੰਗਤਾਂ ਵੀ ਸਨ ਅਤੇ ਅਜ਼ਾਦੀ ਦੀ ਭਖ ਰਹੀ ਲੜਾਈ ‘ਚ ਜੁਝਦੇ ਲੋਕ ਵੀ ਸਨ।
ਉਹਨਾਂ ਦਿਨਾਂ ‘ਚ ਪੰਜਾਬ ਦੇ ਹਲਾਤ ਪਹਿਲੀ ਸੰਸਾਰ ਜੰਗ ਨਾਲ ਪ੍ਰਭਾਵਿਤ ਸਨ।ਆਰਥਿਕਤਾ ਅਤੇ ਖੇਤੀਬਾੜੀ, ਲੋਕਾਂ ਦਾ ਸਮਾਜੀ ਜੀਵਨ ਅਤੇ ਕੁਦਰਤੀ ਕਰੋਪੀ ਦਾ ਵੀ ਅਸਰ ਸੀ।ਜਲਿਆਂਵਾਲੇ ਬਾਗ ਦੇ ਸਾਕੇ ਸਮੇਂ ਅਤੇ ਉਹ ਤੋਂ ਪਹਿਲਾਂ ਪੰਜਾਬ ‘ਚ ਉਹ ਜ਼ਮੀਨ ਕਿਵੇਂ ਤਿਆਰ ਹੋ ਰਹੀ ਸੀ, ਇਸ ਦੇ ਵਿਸਥਾਰ ‘ਚ ਜਾਏ ਬਿਨਾਂ ਅਸੀਂ ੧੦੦ ਸਾਲ ਬਾਅਦ ਜਲਿਆਂਵਾਲੇ ਬਾਗ ਦੇ ਸਾਕੇ ਨੂੰ ਸਮਝ ਨਹੀਂ ਸਕਾਂਗੇ।ਇਸ ਦੌਰਾਨ ਇਹ ਜ਼ਰੂਰ ਧਿਆਨ ‘ਚ ਰਹੇ ਕਿ ਅੰਮ੍ਰਿਤਸਰ ਕਦੀ ਵੀ ਫੌਜੀ ਮੱਹਤਤਾ ਵਾਲਾ ਸ਼ਹਿਰ ਨਹੀਂ ਸੀ।ਅੰਗਰੇਜ਼ਾਂ ਦੀ ਵੱਡੀ ਛਾਉਣੀ ਜਲੰਧਰ ਡਿਵੀਜ਼ਨ ‘ਚ ਸੀ ਜਾਂ ਲਾਹੌਰ ਸੀ।ਅੰਮ੍ਰਿਤਸਰ ਸ਼ਹਿਰ ਦੋ ਹਿੱਸਿਆਂ ‘ਚ ਵੰਡਿਆ ਨਗਰ ਸੀ।
ਇਹਦੀ ਪੁਰਾਣੀ ਕੰਧ ਦੀ ਘੇਰੇਬੰਦੀ ‘ਚ ਪੁਰਾਤਣ ਸ਼ਹਿਰ ਸੀ।ਜਿਹਦੀਆਂ ਤੰਗ ਗਲੀਆਂ ਅਤੇ ਭੀੜੇ ਬਜ਼ਾਰ ਸਨ।ਦੂਜਾ ਸ਼ਹਿਰ ਕੰਧ ਤੋਂ ਬਾਹਰ ਦਾ ਬ੍ਰਿਟਿਸ਼ ਛਾਉਣੀ ਸੀ।ਇੱਥੇ ਸਿਰਫ ਨਿੱਕੀ ਕੋਤਵਾਲੀ ਅਤੇ ਨਿੱਕੀ ਬਟਾਲੀਅਨ ਸੀ ਜਿਹਨੂੰ ਗੈਰਸੀਨ ਬਟਾਲੀਅਨ ਕਿਹਾ ਜਾਂਦਾ ਸੀ।ਇਸ ‘ਚ ੧੮੪ ਪੈਦਲ ਫੌਜ ਅਤੇ ੫੫ ਘੋੜਸਵਾਰ ਅਤੇ ਰੋਇਲ ਫੀਲਡ ਆਰਟੀਲਰੀ ਸੀ।ਗੈਰਸਿਨ ਬਟਾਲੀਅਨ ਦੀ ਕਮਾਨ ਕੈਪਟਨ ਮੈਸੀ ਹੱਥ ਸੀ ਅਤੇ ਇਹ ਟੁਕੜੀ ਜਲੰਧਰ ੪੫ ਬ੍ਰਿਗੇਡ ਨੂੰ ਜਵਾਬਦੇਹ ਸੀ।ਖੈਰ ੧੦੦ ਸਾਲ ਬਾਅਦ ਜਲਿਆਂਵਾਲੇ ਬਾਗ ਦਾ ਸਾਕਾ ਇਸ ਦੌਰ ਦੀ ਅਸਹਿਣਸ਼ੀਲਤਾ ਵਿਚਕਾਰ ਦੇਸ਼ ਲਈ ਸ਼ਹਾਦਤ ਪਾਉਣ ਵਾਲੀ ਮਿੱਟੀ ਦੀ ਤਾਸੀਰ ਸਮਝਣ ਦਾ ਵੀ ਸਬੱਬ ਹੈ।ਕਿਉਂ ਕਿ ਜਿਹਨਾਂ ਸਾਡੇ ਲਈ ਸ਼ਹੀਦੀਆਂ ਪਾਈਆਂ ਇਹ ਮਹਿਸੂਸ ਕਰਨ ਦੀ ਵੀ ਲੋੜ ਹੈ ਕਿ ਸਾਕੇ ਤੋਂ ੧੦੦ ਸਾਲ ਬਾਅਦ ਉਹਨਾਂ ਸ਼ਹੀਦਾਂ ਦਾ ਭਾਰਤ ਕਿਹੋ ਜਿਹਾ ਹੈ?
ਉਹਨਾਂ ਦਿਨਾਂ ਦਾ ਅਫ਼ਸਾਨਾ…ਪੰਜਾਬ ੧੯੧੪-੧੯੧੯ (1914-1919)
(ੳ) ਪਹਿਲੀ ਸੰਸਾਰ ਜੰਗ
ਬਾਰੂਦਾਂ ਦੇ ਢੇਰ ‘ਤੇ ਖੜ੍ਹੀ ਦੁਨੀਆਂ ‘ਚ ਬਰਤਾਨਵੀ ਸਰਕਾਰ ਵੱਲੋਂ ਪਹਿਲੀ ਸੰਸਾਰ ਜੰਗ ‘ਚ ਭਾਰਤ ਦੇ ਫੌਜੀਆਂ ਨੂੰ ਸ਼ਾਮਲ ਕੀਤਾ ਗਿਆ।ਇਸ ਜੰਗ ਵਿੱਚ 13 ਲੱਖ ਭਾਰਤੀ ਫੌਜੀਆਂ ਨੇ ਹਿੱਸਾ ਲਿਆ।ਇਸ ਤੋਂ ਵੱਡਾ ਉਹਨਾਂ ਪਰਿਵਾਰਾਂ ਲਈ ਜ਼ਖ਼ਮ ਕੀ ਹੋਵੇਗਾ ਕਿ 74000 ਫੌਜੀ ਵਾਪਸ ਨਹੀਂ ਆਏ।ਪਹਿਲੀ ਆਲਮੀ ਜੰਗ (1914-1919) ਲਈ ਪੰਜਾਬੀ ਜੰਗੀ ਸਮਾਨ ਬਣਕੇ ਉਭਰੇ।ਇਹ ਫੌਜੀ ਅਨਪੜ੍ਹ ਸਨ, ਘੱਟ ਪੜ੍ਹੇ ਲਿਖੇ, ਗਰੀਬ ਅਤੇ ਹਾਸ਼ੀਏ ‘ਤੇ ਧੱਕੇ ਬੰਦੇ ਸਨ।ਪੰਜਾਬ ਤੋਂ ਇਲਾਵਾ ਬਰਤਾਨਵੀ ਫੌਜ ‘ਚ ਸ਼ਾਮਲ ਹੋਣ ਵਾਲੇ ਨੇਪਾਲ, ਉੱਤਰ ਪੱਛਮੀ ਫਰੰਟੀਅਰ ਅਤੇ ਸਾਂਝਾ ਪ੍ਰੋਵੀਨੈਂਸ ਦਾ ਖਿੱਤਾ ਸੀ।ਪੰਜਾਬ ਦਾ ਬਰਤਾਨਵੀ ਫੌਜ ‘ਚ ਸ਼ਾਮਲ ਹੋਣ ਦਾ ਹਵਾਲਾ ਖੁਸ਼ੀ ਅਤੇ ਦੁੱਖ ਦੋਵੇਂ ਰੂਪ ‘ਚ ਲੋਕ ਧਾਰਾ ‘ਚ ਵੀ ਮਿਲਦਾ ਹੈ।
ਇੱਥੇ ਪਾਵੇਂ ਟੁੱਟੇ ਛਿੱਤਰ ਉੱਥੇ ਮਿਲਦੇ ਬੂਟ ਇੱਥੇ ਖਾਵੇ ਰੁੱਖੀ ਮਿਸੀ, ਉੱਥੇ ਖਾਵੇਂ ਫਰੂਟ ਭਰਤੀ ਹੋਜਾ ਵੇ ਬਾਹਰ ਖੜ੍ਹੇ ਰੰਗਰੂਟ
ਜਾਂ ਇਹ ਬੋਲੀ ਵੀ ਬਹੁਤ ਮਸ਼ਹੂਰ ਸੀ।
ਬਸਰੇ ਦੀ ਲਾਮ ਟੁੱਟਜੇ ਮੈਂ ਰੰਡੀਓ ਸੁਹਾਗਣ ਹੋਵਾਂ
ਜਰਮਨ ਅਤੇ ਇੰਗਲੈਂਡ ਵਿਚਲੀ ਬਸਰੇ ਦੀ ਥਾਂ ‘ਤੇ ਸਭ ਤੋਂ ਲੰਮੀ ਅਤੇ ਲਹੂ ਲੁਹਾਣ ਜੰਗ ਹੋਈ ਸੀ।ਲਾਮ ਫ੍ਰੈਂਚ ਦਾ ਸ਼ਬਦ ਹੈ ਜੋ ਉਰਦੂ ‘ਚ ਆਇਆ।ਇਹਦਾ ਅਰਥ ਜੰਗ ਹੁੰਦਾ ਹੈ।ਇੱਥੋਂ ਪੰਜਾਬ ਦੇ ਲੋਕਾਂ ਦਾ ਸੁਭਾਅ ਵੀ ਸਮਝ ਆਉਂਦਾ ਹੈ।ਲੜਾਕੂ ਸੁਭਾਅ, ਆਰਥਿਕਤਾ ਹਰ ਅਜਿਹੇ ਅਧਾਰ ਪੰਜਾਬ ਦੀ ਸਰਜ਼ਮੀਨ ‘ਤੇ ਸਨ।ਪਹਿਲੀ ਸੰਸਾਰ ਜੰਗ ਨੇ ਪੰਜਾਬ ਦੀ ਆਰਥਿਕਤਾ ਦਾ ਲੱਕ ਵੀ ਬੁਰੀ ਤਰ੍ਹਾਂ ਤੋੜਿਆ ਸੀ।ਇਹਨਾਂ ਸਭ ਦੇ ਬਾਵਜੂਦ ਪੰਜਾਬ ਬਰਤਾਨੀਆਂ ਲਈ ਫੌਜੀ ਤਾਕਤ ਦਾ ਮਜ਼ਬੂਤ ਅਧਾਰ ਰਿਹਾ ਹੈ।ਇਸ ਨਾਲ ਇਹ ਵੀ ਧਿਆਨ ਰੱਖਿਆ ਜਾਵੇ ਕਿ ਪੰਜਾਬ ਅਜ਼ਾਦੀ ਲਈ ਸੰਘਰਸ਼ ਕਰਦਿਆਂ ਬਰਤਾਨੀਆਂ ਲਈ ਵੱਡੀ ਚਣੌਤੀ ਵੀ ਸਦਾ ਰਿਹਾ ਹੈ।
ਪੰਜਾਬ ਦੇ ਬੰਦਿਆਂ ਦਾ ਬਰਤਾਨਵੀ ਫੌਜ ‘ਚ ਕੀ ਅਧਾਰ ਸੀ ਇਹਦਾ ਅਹਿਸਾਸ ਇਸ ਤੋਂ ਵੀ ਸਮਝ ਸਕਦੇ ਹਾਂ ਕਿ ਚਕਵਾਲ ਪੰਜਾਬ ਤੋਂ 26 ਸਾਲਾ ਖੁਦਾਦ ਖ਼ਾਨ (੨੦ ਅਕਤੂਬਰ ੧੮੮੮-੮ ਮਾਰਚ ੧੯੭੧) (20 October 1888-8 March 1971) ਨੂੰ ਪਹਿਲੀ ਸੰਸਾਰ ਜੰਗ ‘ਚ ਵਿਕਟੋਰੀਆ ਕ੍ਰੋਸ ਨਾਲ ਨਵਾਜਿਆ ਗਿਆ ਸੀ।ਖੁਦਾਦ ਖ਼ਾਨ ਨੂੰ 31 ਅਕਤੂਬਰ 1914 ਨੂੰ ਹੈਲੇਬੇਕੇ ਬੇਲਜੀਅਮ ‘ਚ ਜੰਗ ਦੌਰਾਨ ਬਹਾਦਰੀ ਲਈ ਇਹ ਇਨਾਮ ਮਿਲਿਆ ਸੀ।ਪੰਜਾਬ ਦੀ ਬਰਤਾਨਵੀ ਫੌਜ ‘ਚ ਸ਼ਮੂਲੀਅਤ ਨੂੰ ਇਸ ਤੋਂ ਵੀ ਸਮਝ ਸਕਦੇ ਹਾਂ ਕਿ 1916’ਚ (ਹਵਾਲਾ ਸਰ ਮਾਈਕਲ ਓਡਵਾਇਰ, ਇੰਡੀਆ ਐਸ ਆਈ ਨਿਊ ਇਟ, 1885-1925) 192000 ਭਰਤੀਆਂ ‘ਚੋਂ 110000 ਭਰਤੀ ਇੱਕਲੇ ਪੰਜਾਬ ਤੋਂ ਸੀ।
(ਅ) ਗਦਰ
ਗਦਰ ਲਹਿਰ (੧੯੧੩-੧੯੧੭-੧੮) ਨੇ ਅਜ਼ਾਦੀ ਦਾ ਸੰਘਰਸ਼ ਭਾਰਤ ਤੋਂ ਬਾਹਰ ਬੜੀ ਮਜ਼ਬੂਤੀ ਨਾਲ ਲੜਿਆ।ਗਦਰ ਪਾਰਟੀ ਦੀ ਸ਼ੁਰੂਆਤ ਪਹਿਲੀ ਆਲਮੀ ਜੰਗ ਦੇ ਵੇਲਿਆਂ ‘ਚ ਹੋਈ ਸੀ।ਅਮਰੀਕਾ ਦੇ ਸੈਨ ਫਰਾਂਸਿਸਕੋ ‘ਚ ੧੯੧੩ ‘ਚ ਗਦਰ ਪਾਰਟੀ ਦੀ ਨੀਂਹ ਰੱਖੀ ਗਈ।ਅਮਰੀਕਾ ਅਤੇ ਕਨੇਡਾ ਗਦਰ ਲਈ ਲੜਾਈ ਦੀ ਜ਼ਮੀਨ ਸੀ।ਪਹਿਲੀ ਸੰਸਾਰ ਜੰਗ ਵੇਲੇ ਗਦਰ ਪਾਰਟੀ ਨੇ ਬਰਤਾਨੀਆ ਦੀ ਭਾਰਤੀ ਫੌਜੀਆਂ ਦੀ ਟੁਕੜੀ ‘ਚ ‘ਪੂਅਰ ਪੇਅ’ (ਮਾੜੀ ਉਜਰਤ) ਦੇ ਪਰਚੇ ਵੰਡੇ।ਇਹ ਪਰਚੇ ਬਰਲਿਨ ‘ਚ ਛਾਪੇ ਗਏ ਅਤੇ ਜਰਮਨ ਜਹਾਜ਼ਾਂ ਨਾਲ ਫਰਾਂਸ ਵਿਖੇ ਜੰਗ ਦੌਰਾਨ ਸੁੱਟੇ ਗਏ।ਇਹਨਾਂ ਪਰਚਿਆਂ ਦਾ ਮਕਸਦ ਦੱਸਣਾ ਸੀ ਕਿ ਬ੍ਰਿਟਿਸ਼ ਹਕੂਮਤ ਫੌਜ ‘ਚ ਤੁਹਾਡੇ ਨਾਲ ਨਸਲ, ਰੰਗ ਅਤੇ ਧਰਮ ਦੇ ਅਧਾਰ ‘ਤੇ ਕਿੰਨਾ ਵਿਤਕਰਾ ਕਰਦੀ ਹੈ।ਗਦਰ ਲਹਿਰ ਨੂੰ ਦਬਾਉਣ ਲਈ ਵੱਡਾ ਸੰਘਰਸ਼ ਕਰਨਾ ਪਿਆ ਅਤੇ ਗਦਰ ਪਾਰਟੀ ਨਾਲ ਸੰਬਧਿਤ ਦੇਸ਼ ਭਗਤਾਂ ‘ਤੇ ਦੇਸ਼ ਧ੍ਰੋਹ ਦਾ ਮੁੱਕਦਮਾ ਚਲਾਕੇ ਫਾਂਸੀਆਂ ਦਿੱਤੀਆਂ ਗਈਆਂ।ਇੰਝ ਦੀ ਇੱਕ ਦਾਸਤਾਨ ਕਾਮਾਗਾਟਾ ਮਾਰੂ ਜਹਾਜ਼ ਦੀ ਹੈ ਜਿਹੜਾ ਬਜਬਜ ਘਾਟ ਕਲਕੱਤੇ ਉਤਰਣ ‘ਤੇ ਹਕੂਮਤ ਵੱਲੋਂ ਸਜ਼ਾਵਾਂ ਦਾ ਹੱਕਦਾਰ ਬਣਿਆ।
(ੲ): ਸਿਲਕ ਲੈਟਰ ਕੋਨਸਪੀਰੇਸੀ
੧੯੧੬-੧੯੧੭ ‘ਚ ਰਾਜਾ ਮਹਿੰਦਰ ਪ੍ਰਤਾਪ ਕੁੰਵਰ ਅਤੇ ਮੌਲਵੀ ਬਰਕਤਉੱਲਾ ਨੇ ਆਪਣੇ ਆਪ ਨੂੰ ਰਾਸ਼ਟਰਪਤੀ ਅਤੇ ਪ੍ਰਧਾਨਮੰਤਰੀ ਐਲਾਨ ਦਿੱਤਾ।ਅਬਦੁੱਲਾ ਸਿੰਧੀ ਜੋ ਇਸਲਾਮਿਕ ਦੇਵਬੰਦ ਸਕੂਲ ਤੋਂ ਸਨ ਗ੍ਰਹਿ ਮੰਤਰੀ ਬਣ ਗਏ।ਇਹ ਬਰਤਾਨਵੀ ਸਰਕਾਰ ਖਿਲਾਫ ਜਿਹਾਦ ਸੀ।ਅਬਦੁੱਲਾ ਸਿੰਧੀ ਨਾਲ ਕਾਬੁਲ ਤੋਂ ਵਹਾਬੀ ਮੁਹੰਮਦ ਹਸਨ ਸੀ।ਇਹਨਾਂ ਸਭ ਨੇ ਮਿਲਕੇ ‘ਖ਼ੁਦਾ ਦੀ ਫੌਜ’ ਬਣਾਈ ਅਤੇ ਇਸੇ ਸਿਲਸਿਲੇ ‘ਚ ਰੇਸ਼ਮ ਦੇ ਕਪੜੇ ‘ਤੇ ਫਾਰਸੀ ‘ਚ ਕੌਮ ਦੇ ਨਾਮ ਚਿੱਠੀ ਲਿਖੀ ਗਈ ਤਾਂ ਕਿ ਬਰਤਾਨੀਆਂ ਸਰਕਾਰ ਖਿਲਾਫ ਬਗਾਵਤ ਲਈ ਕ੍ਰਾਂਤੀ ਕੀਤੀ ਜਾ ਸਕੇ।ਇਤਿਹਾਸ ‘ਚ ਇਹਨੂੰ ‘ਸਿਲਕ ਲੈਟਰ ਪਲਾਟ’ ਕਹਿੰਦੇ ਹਨ।ਲਾਹੌਰ, ਦਿੱਲੀ ਅਤੇ ਕਲਕੱਤੇ ਤੋਂ ਸਿਲਕ ਲੈਟਰ ਸਾਜਿਸ਼ ਨਾਲ ਜੁੜੇ ੨੦ ਬਾਗੀਆਂ ਨੂੰ ਫੜ੍ਹਿਆ ਗਿਆ।ਇਹ ਦਿਲਚਸਪ ਹੈ ਕਿ ਅਫਗਾਨਿਸਤਾਨ ਦੇ ਕਾਬੁਲ ‘ਚ ਜਦੋਂ ਇਹ ਲਹਿਰ ਸਰਗਰਮ ਹੋਈ ਉਦੋਂ ਬ੍ਰਿਗੇਡੀਅਰ ਜਨਰਲ ਡਾਇਰ ਅਫਗਾਨਿਸਤਾਨ ਦੇ ਸਰਹੱਦ ‘ਚ ਸੇਵਾਵਾਂ ਦੇ ਰਿਹਾ ਸੀ।
(ਸ) ਪੰਜਾਬ ਦੀ ਬਰਬਾਦ ਆਰਥਿਕਤਾ ਅਤੇ ਜ਼ਿੰਦਗੀ
ਪੰਜਾਬ ਦੀ ਆਰਥਿਕਤਾ ਨੇ ਉਸ ਦੌਰ ਅੰਦਰ ਲੋਕਾਂ ਅੰਦਰ ਬਰਤਾਨਵੀ ਸਰਕਾਰ ਲਈ ਚੋਖਾ ਗੁੱਸਾ ਪੈਦਾ ਕੀਤਾ।ਇਸ ਨੂੰ ਇੰਝ ਸਮਝਿਆ ਜਾ ਸਕਦਾ ਹੈ ਕਿ ੧ ਅਪ੍ਰੈਲ ੧੯੧੭ ਨੂੰ ਸੁਪਰ ਟੈਕਸ, ਇਸੇ ਤਾਰੀਖ਼ ਨੂੰ ੧੯੧੮ ‘ਚ ਆਮਦਨ ਟੈਕਸ ਅਤੇ ੧੯੧੯ ‘ਚ ਇਸੇ ਮਹੀਨੇ ਪ੍ਰੋਫਿਟ ਡਿਊਟੀ ਟੈਕਸ ਲਾਇਆ।ਪਹਿਲੀ ਆਲਮੀ ਜੰਗ ਦੇ ਖਰਚਿਆਂ ਲਈ ਇੰਝ ਹਰ ਸਾਲ ਨਵੇਂ ਟੈਕਸ ਨਾਲ ਉਗਰਾਹੀ ਕਰਦਿਆਂ ਭਾਰਤ ਦੇ ਲੋਕਾਂ ਦਾ ਲਹੂ ਚੂਸਿਆ ਜਾ ਰਿਹਾ ਸੀ।ਪੰਜਾਬ ‘ਚ ਇਹਦਾ ਅਸਰ ਇਹ ਸੀ ਕਿ ਲਾਹੌਰ ‘ਚ ਮਹਿੰਗਾਈ ਦਰ ੩੦ ਫੀਸਦੀ ਅਤੇ ਅੰਮ੍ਰਿਤਸਰ ‘ਚ ਇਹੋ ਦਰ ੫੫ ਫੀਸਦੀ ਵਧ ਗਈ।ਇੰਝ ਅੰਮ੍ਰਿਤਸਰ ਦੇ ਕੱਪੜਾ ਵਪਾਰ ਵੱਡੇ ਘਾਟੇ ‘ਚ ਜਾਂਦਾ ਰਿਹਾ।ਇਹੋ ਨਹੀਂ ਉਹਨਾਂ ਸਮਿਆਂ ‘ਚ ਕਣਕ ੪੭ ਫੀਸਦ, ਕਪਾਹ ੩੧੦ ਫੀਸਦੀ, ਖੰਡ ੬੮ ਫੀਸਦੀ, ਅਨਾਜ ੯੩ ਫੀਸਦੀ ਦੀ ਦਰ ਨਾਲ ਮਹਿੰਗੇ ਹੋ ਗਏ।ਸਨਅਤੀ ਖੇਤਰਾਂ ‘ਚ ਘਾਟਾ ਇੱਕ ਪਾਸੇ ਪਰ ਪੰਜਾਬ ਦੇ ਪੇਂਡੂ ਖੇਤਰ ਕਰਜ਼ਿਆਂ ਦੀ ਮਾਰ ਥੱਲੇ ਸਨ।ਬਿਮਾਰੀਆਂ ਜਨਮ ਲੈ ਰਹੀਆਂ ਸਨ।੧੯੧੮ ਦੀ ਪੱਤਝੜ ਤੱਕ ੫੦ ਲੱਖ ਭਾਰਤ ਦੀ ਅਬਾਦੀ ਮੌਸਮੀ ਨਜ਼ਲਾ, ਬੁਖ਼ਾਰ ਤੇ ਅਜਿਹੀਆਂ ਮਹਾਂਮਾਰੀਆਂ ਦੀ ਗ੍ਰਿਫਤ ‘ਚ ਸੀ ਅਤੇ ਇਹਨਾਂ ‘ਚੋਂ ੨੫ ਫੀਸਦੀ ਪੇਂਡੂ ਅਬਾਦੀ ਮੌਤ ਦੇ ਮੂੰਹ ‘ਚ ਚਲੀ ਗਈ ਸੀ।ਉਹਨਾਂ ਸਮਿਆਂ ‘ਚ ਬਰਬਾਦੀ ‘ਤੇ ਕੁਰਤੀ ਕਹਿਰ ਵੀ ਸੀ।ਪਿਛਲੇ ੪੭ ਸਾਲਾਂ ‘ਚ ਪਹਿਲੀ ਵਾਰ ਮੁੱਸਲੇਧਾਰ ਮੀਂਹ ਜ਼ੋਰਾਂ ‘ਤੇ ਸੀ ਅਤੇ ਬਰਬਾਦ ਫਸਲਾਂ ਨੇ ਕਿਸਾਨੀ ਕਰਜ਼ੇ ਹੇਠਾਂ ਕਰ ਦਿੱਤੀ ਸੀ।
(ਹ) ਹੋਮ ਰੂਲ, ਖਿਲਾਫਤ ਅੰਦੋਲਨ
ਹੋਮ ਰੂਲ ਅੰਦੋਲਨ ਦੀ ਸਥਾਪਨਾ ੧੯੧੬ ‘ਚ ਬਾਲ ਗੰਗਾਧਰ ਤਿਲਕ ਨੇ ਕੀਤੀ ਸੀ।ਜਿਸ ਦਾ ਮੁੱਖ ਮਕਸਦ ਭਾਰਤ ‘ਚ ਖੁਦ ਮੁਖਤਿਆਰੀ ਲੈਕੇ ਆਉਣਾ ਸੀ।ਇਸ ਤੋਂ ਇਲਾਵਾ ਇਸ ਔਦੋਲਨ ‘ਚ ਵੱਡੇ ਤੇ ਖਾਸ ਆਗੂ ਐਨੀ ਬੇਸੇਂਟ, ਜੋਸੇਫ ਬਪਟਿਸਟਾ, ਐੱਨ.ਸੀ. ਕੇਲਕਰ ਤੋਂ ਇਲਾਵਾ ਮੁਹੰਮਦ ਅਲੀ ਜਿੱਨਾਹ ਨੇ ਖਾਸ ਭੂਮਿਕਾ ਨਿਭਾਈ। ਦੂਜੇ ਪਾਸੇ ਆਲਮੀ ਜੰਗ ਤੋਂ ਬਾਅਦ ਰਾਸ਼ਟਰੀ ਮੁਸਲਿਮ ਆਗੂਆਂ ਨੇ “ਖਿਲਾਫਤ ਅੰਦੋਲਨ” ਦੀ ਸ਼ੁਰੂਆਤ ਕੀਤੀ।ਜਿਸ ਦਾ ਮੁੱਖ ਮਕਸਦ ਬ੍ਰਿਟਿਸ਼ ਰਾਜ ਨੂੰ ਖਦੇੜਕੇ ਮੁਸਲਿਮ ਇੱਕਮੁੱਠਤਾ ਨੂੰ ਕਾਇਮ ਕਰਨਾ ਸੀ।
(ਕ) ਮਾਰਲੇ-ਮਿੰਟੋ ਸੁਧਾਰ
ਐਡਵਿਨ ਮੋਟੈਂਗਿਊ ੧੯੧੭-੧੮ ਦੇ ਸਿਆਲਾਂ ‘ਚ ਭਾਰਤ ਆਇਆ ਸੀ।ਇਸ ਤੋਂ ਪਹਿਲਾਂ ੨੦ ਅਗਸਤ ੧੯੧੭ ਨੂੰ ਹਾਊਸ ਆਫ ਕਾਮਨ ‘ਚ ਮੋਟੈਂਗਿਊ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਸੀ ਕਿ ਭਾਰਤ ਦੇ ਪ੍ਰਬੰਧਕੀ ਢਾਂਚੇ ‘ਚ ਸਾਨੂੰ ਭਾਰਤੀਆਂ ਦੀ ਸ਼ਮੂਲੀਅਤ ‘ਚ ਵਾਧਾ ਕਰਨ ਦੀ ਲੋੜ ਹੈ।ਬ੍ਰਿਟਿਸ਼ ਸਾਮਰਾਜ ਦੇ ਲਿਹਾਜ ਤੋਂ ਇਹ ਚੰਗਾ ਹੋਵੇਗਾ ਕਿ ਭਾਰਤ ‘ਚ ਭਾਰਤੀਆਂ ਦੀ ਖੁਦਮੁਖਤਾਰੀ ਵਾਲਾ ਸ਼ਾਸ਼ਨ ਪ੍ਰਬੰਧ ਹੋਵੇ ਅਤੇ ਇੱਕ ਜ਼ਿੰਮੇਵਾਰ ਸਰਕਾਰ ਦਾ ਅਧਾਰ ਬੱਝੇ।ਇਹ ਸੰਬੋਧਨ ਭਾਰਤ ਅੰਦਰ ਉਦਾਰਵਾਦੀ ਭਾਵਨਾ ਵਾਲਾ ਸੀ।ਅਪ੍ਰੈਲ ੧੯੧੮ ਨੂੰ ਮੋਟੈਂਗਿਊ ਅਤੇ ਭਾਰਤ ਦੇ ਵਾਇਸਰਾਏ ਲੋਰਡ ਚੇਮਸਫੋਰਡ ਨੇ ਇਸ ਨੂੰ ਪੇਸ਼ ਕੀਤਾ।ਇਤਿਹਾਸ ‘ਚ ਇਹਨੂੰ ਮਾਰਲੇ ਮਿੰਟੋ ਸੁਧਾਰ ਕਹਿੰਦੇ ਹਨ।
ਇਹਨਾਂ ਸੁਧਾਰਾਂ ‘ਚ ਸੱਤਾ ਪ੍ਰਬੰਧਨ ਨੂੰ ਨਵੇਂ ਢੰਗ ਨਾਲ ਉਲੀਕਣ ਦੀ ਗੱਲ ਸੀ।ਰਿਪੋਰਟ ਮੁਤਾਬਕ ਸਥਾਨਕ ਪ੍ਰਬੰਧ, ਸਿਹਤ ਅਤੇ ਸਿੱਖਿਆ ‘ਚ ਭਾਰਤੀਆਂ ਦੀ ਹਿੱਸੇਦਾਰੀ ‘ਚ ਵਾਧਾ ਕਰਨਾ ਸੀ ਅਤੇ ‘ਸੁਰੱਖਿਆ ਅਤੇ ਪੁਲਿਸ’ ਗਵਰਨਰ ਅਧੀਨ ਰੱਖਣ ਦੀ ਪੇਸ਼ਕਸ਼ ਸੀ।ਇਸ ਸੁਧਾਰ ‘ਚ ਇੰਡੀਅਨ ਸਿਵਲ ਸਰਵਿਸ ‘ਚ ਭਾਰਤੀਆਂ ਦੀ ਸ਼ਮੂਲੀਅਤ ਵਧਾਉਣ ਦੀ ਵੀ ਗੱਲ ਸੀ।ਇਸ ਸੁਧਾਰ ਦਾ ਵਿਰੋਧ ਬਰਤਾਨਵੀਆਂ ‘ਚ ਵੀ ਸੀ ਅਤੇ ਪੰਜਾਬ ਦੇ ਗਵਰਨਰ ਸਰ ਮਾਈਕਲ ਓਡਵਾਇਰ ਨੇ ਇਸ ਸੁਧਾਰ ਦਾ ਤਿੱਖਾ ਵਿਰੋਧ ਕੀਤਾ ਸੀ।
(ਖ) ਰੋਲਟ ਐਕਟ ਅਤੇ ਸੱਤਿਆਗ੍ਰਹਿ
ਇੱਕ ਪਾਸੇ ਖੁਦਮੁਖਤਾਰੀ ਦੀ ਭਾਵਨਾ ਵਾਲੀ ਹੋਮ ਰੂਲ ਲਹਿਰ ਸੀ।ਦੂਜੇ ਪਾਸੇ ਮਾਰਲੇ ਮਿੰਟੋ ਸੁਧਾਰ ਸੀ ਪਰ ਇਹਨਾਂ ਦੇ ਉਲਟ ਇੱਕ ਰੋਲਟ ਐਕਟ ਆਉਣ ਦੀ ਤਿਆਰੀ ‘ਚ ਸੀ।ਇਸ ਐਕਟ ਨੇ ਮਾਰਲੇ ਮਿੰਟੋ ਸੁਧਾਰ ਦਾ ਤਿੱਖਾ ਵਿਰੋਧ ਵੀ ਕੀਤਾ ਅਤੇ ਇਸ ਨੂੰ ਯਾਦ ਰੱਖਿਆ ਜਾਵੇ ਕਿ (ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਇਨ ਇੰਡੀਆ, ਸਰ ਵਰਨੇ ਲੋਵੇਟ, ਲੰਡਨ ਜੋਨ ਮੁਰੇ ੧੯੨੧ ਮੁਤਾਬਕ) ੨੨ ਮਈ ੧੯੧੯ ਨੂੰ ਇੰਗਲੈਂਡ ਪਾਰਲੀਮੈਂਟ ‘ਚ ਖੁਦ ਉਧਾਰਵਾਦੀ ਵਿਚਾਰ ਰੱਖਣ ਵਾਲੇ ਮੋਂਟੈਗਿਊ ਨੇ ਵੀ ਇਸ ਦੀ ਹਮਾਇਤ ਕੀਤੀ ਸੀ ਕਿ ਜੇ ਰੋਲਟ ਐਕਟ ਦੀ ਲੋੜ ਹੈ ਤਾਂ ਸਾਨੂੰ ਬਿਨਾਂ ਦੇਰੀ ਤੋਂ ਇਹਨੂੰ ਲਾਗੂ ਕਰਨਾ ਚਾਹੀਦਾ ਹੈ।ਇਸ ਤੋਂ ਇਹ ਅਹਿਸਾਸ ਵੀ ਹੁੰਦਾ ਹੈ ਕਿ ਮੋਟ ਫੋਰਡ ਸੁਧਾਰ ਦੀ ਭਾਵਨਾ ਭਾਰਤ ਦਾ ਵਿਕਾਸ ਨਹੀਂ ਸੀ ਸਗੋਂ ਬਰਤਾਨਵੀ ਹਿੱਤਾਂ ਦੀ ਰਾਖੀ ਕਰਨਾ ਹੀ ਸੀ।
ਜਸਟਿਸ ਸਿਡਨੀ ਆਰਥਰ ਟੇਲਰ ਰੋਲਟ ਨੇ ਭਾਰਤ ‘ਚ ਸੁਰੱਖਿਆ ਦੇ ਖਤਰਿਆਂ ਨੂੰ ਲੈਕੇ ਪੁੰਨਛਾਣ ਕੀਤੀ ਅਤੇ ਰਿਪੋਰਟ ਤਿਆਰ ਕੀਤੀ।ਰੋਲਟ ਕਮਿਸ਼ਨ ਨੇ ਇਹ ਚਾਹਿਆ ਕਿ ਵਾਇਸਰਾਏ ਉਹਨਾਂ ਖੇਤਰਾਂ ਨੂੰ ਇਸ ਤੋਂ ਮੁਕਤ ਨਹੀਂ ਕਰ ਸਕਦੇ ਜਿਹੜੇ ਬਰਤਾਨਵੀ ਸਾਮਰਾਜ ਲਈ ਅਤਿ ਦਾ ਖਤਰਾ ਹਨ।ਇੰਝ ਸੈਕਰੇਟਰੀ ਆਫ ਹੋਮ ਸਰ ਵਿਲੀਅਮ ਵਿਨਸੈਂਟ ਦੀ ਦੇਖਰੇਖ ‘ਚ ਰੋਲਟ ਰਿਪੋਰਟ ਪੇਸ਼ ਕੀਤੀ ਗਈ ਜਿਹਨੂੰ ਅਸੀਂ ਰੋਲਟ ਐਕਟ ਵਜੋਂ ਜਾਣਦੇ ਹਾਂ।
ਨਾ ਦਲੀਲ-ਨਾ ਵਕੀਲ-ਨਾ ਅਪੀਲ
ਇਸ ਐਕਟ ਦਾ ਵਿਰੋਧ ਪੂਰੇ ਭਾਰਤ ‘ਚ ਵੱਡੇ ਪੱਧਰ ‘ਤੇ ਹੋਇਆ।ਇਸ ਤਹਿਤ ਪੁਲਿਸ ਦੋ ਜਾਂ ਦੋ ਵੱਧ ਬੰਦਿਆਂ ਨੂੰ ਗ੍ਰਿਫਤਾਰ ਕਰ ਸਕਦੀ ਸੀ।ਇੰਝ ਸ਼ੱਕ ਦੇ ਬਿਨਾਹ ‘ਤੇ ਬਿਨਾਂ ਕਿਸੇ ਚੇਤਾਵਨੀ, ਵਾਰੰਟ ਗ੍ਰਿਫਤਾਰੀ ਸੀ।ਇਹੋ ਨਹੀਂ ਵਿਆਹ ਸਮਾਗਮਾਂ ਅਤੇ ਸ਼ਮਸ਼ਾਨ ਘਾਟ ‘ਚ ਸਸਕਾਰ ਵੇਲੇ ਪੰਜ ਰੁਪਏ ਟੈਕਸ ਵੀ ਲਗਾਇਆ ਗਿਆ।ਇਹ ਕਾਨੂੰਨ ਕਿਸੇ ਨੂੰ ਵੀ ਬਰਤਾਨਵੀ ਸਾਮਰਾਜ ‘ਤੇ ਖਤਰਾ ਦੱਸਦਿਆਂ ਕਤਲ ਕਰ ਸਕਦਾ ਸੀ।ਕਾਨੂੰਨ ਦੀ ਅਜਿਹੀ ਭਾਵਨਾ ਨੂੰ ਉਹਨਾਂ ਸਮਿਆਂ ‘ਚ ‘ਕਾਲਾ ਕਾਨੂੰਨ’ ਕਿਹਾ ਗਿਆ।
ਇਸ ਕਾਨੂੰਨ ਖਿਲਾਫ ੩੦ ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਸੰਗ ਸੱਤਿਆਗ੍ਰਹਿ ਦਾ ਸੱਦਾ ਦਿਤਾ ਗਿਆ।ਮਹਾਤਮਾ ਗਾਂਧੀ ਦੀ ਅਵਾਜ਼ ‘ਤੇ ਲੋਕਾਂ ਨੇ ਇਸ ਹੜਤਾਲ ਨੂੰ ਭਰਵਾ ਹੁੰਗਾਰਾ ਦਿੱਤਾ।੩੦ ਮਾਰਚ ਦੇ ਇਸੇ ਸੱਦੇ ਨੂੰ ੬ ਅਪ੍ਰੈਲ ਦੀ ਤਾਰੀਖ਼ ‘ਚ ਬਦਲਿਆ ਗਿਆ।ਇਸ ਸੱਤਿਆਗ੍ਰਹਿ ਦੇ ਵਿਚਾਰ ‘ਚ ਪੇਸ਼ ਕੀਤਾ ਗਿਆ ਸੀ ਕਿ ੧੦ ਮਾਰਚ ੧੯੧੯ ਦੇ ਇਸ ਕਾਲੇ ਰੋਲਟ ਕਾਨੂੰਨ ਨੇ ਨਿਆਂ ਅਤੇ ਮਨੁੱਖੀ ਅਧਿਕਾਰਾਂ ਦਾ ਕੋਝਾ ਮਜ਼ਾਕ ਉਡਾਇਆ ਹੈ ਅਤੇ ਇਹ ਕਾਨੂੰਨ ਬੁਨਿਆਦੀ ਅਧਿਕਾਰਾਂ ਦੇ ਤਹੱਈਏ ਨੂੰ ਉਜਾੜਦਾ ਹੈ।ਸੱਤਿਆਗ੍ਰਹਿ ਦੀ ਇਸ ਸਹੁੰ ‘ਚ ਮਹਾਤਮਾ ਗਾਂਧੀ ਨੇ ਨਾ ਮਿਲਵਰਤਨ ਦਾ ਸੱਦਾ ਦਿੰਦੇ ਹੋਏ ਅਹਿੰਸਾਤਮਕ ਅੰਦੋਲਣ ਦੀ ਨੀਂਹ ਰੱਖੀ ਅਤੇ ਸੱਚ ਦੇ ਮਾਰਗ ‘ਤੇ ਚਲਦਿਆਂ ਅਜ਼ਾਦੀ ਦਾ ਪਹਿਲਾਂ ਵੱਡਾ ਅਹਿੰਸਾ ਭਰਪੂਰ ਅੰਦੋਲਣ ਵਿੱਢਿਆ।
ਦਸਤਕ-ਮਹਾਤਮਾ ਗਾਂਧੀ ਅਤੇ ਜਨਰਲ ਰਿਜੀਨਾਲਡ ਡਾਇਰ
ਰੋਲਟ ਐਕਟ ਨੇ ਜਿਹੜੀ ਜ਼ਮੀਨ ਤਿਆਰ ਕੀਤੀ ਸੀ ਇਹ ਭਾਰਤ ਦੇ ਅਜ਼ਾਦੀ ਸੰਘਰਸ਼ ਨੂੰ ਵੱਡੀ ਕ੍ਰਾਂਤੀ ਵੱਲ ਲੈਕੇ ਜਾ ਰਹੀ ਸੀ।ਪਹਿਲਾਂ ਜਿਵੇਂ ਕਿ ਜ਼ਿਕਰ ਕੀਤਾ ਹੈ ਕਿ ਸਿਲਕ ਲੈਟਰ ਕੋਂਸਪੀਰੇਸੀ ਵੇਲੇ ਡਾਇਰ ਅਫਗਾਨਿਸਤਾਨ ਦੇ ਸਰਹੱਦ ‘ਚ ਸੀ।ਕਹਿੰਦੇ ਹਨ ਕਿ ਉਹ ਐਬਟਾਬਾਦ ‘ਚ ਬਹੁਤੀ ਦੇਰ ਨਾ ਰਹਿ ਸਕਿਆ।੨੯ ਮਾਰਚ ੧੯੧੭ ਨੂੰ ਡਾਇਰ ਗਸ਼ਤ ਦੌਰਾਨ ਘੋੜੇ ਤੋਂ ਡਿੱਗਣ ਕਰਕੇ ਜ਼ਖ਼ਮੀ ਹੋ ਗਿਆ।ਇਸ ਤੋਂ ਬਾਅਦ ਠੀਕ ਹੋਣ ਮਗਰੋਂ ਜਨਰਲ ਡਾਇਰ ਐਬਟਾਬਾਦ ਤੋਂ ਜਲੰਧਰ ਆਕੇ ਹਾਜ਼ਰ ਹੁੰਦਾ ਹੈ।
ਇਹ ਦੌਰ ਉਹ ਵੀ ਸੀ ਕਿ ੧੯੧੫ ‘ਚ ਦੱਖਣੀ ਅਫਰੀਕਾ ਤੋਂ ਮੋਹਨ ਦਾਸ ਕਰਮ ਚੰਦ ਗਾਂਧੀ ਭਾਰਤ ਆਉਂਦੇ ਹਨ।ਬਾਲ ਗੰਗਾਧਰ ਤਿਲਕ ਨੂੰ ਉਹ ਆਪਣਾ ਸਿਆਸੀ ਗੁਰੂ ਮੰਨਦੇ ਹਨ।ਉਹਨਾਂ ਦੀ ਸਲਾਹ ਨਾਲ ਉਹ ਪੂਰੇ ਭਾਰਤ ‘ਚ ਘੁੰਮਦੇ ਹਨ।ਇਸ ਤੋਂ ਬਾਅਦ ਰੋਲਟ ਐਕਟ ਦੇ ਨਾਲੋਂ ਨਾਲ ਇਸ ਕਾਨੂੰਨ ਦੇ ਵਿਰੋਧ ‘ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ੧੯੧੯ ਪਹਿਲੀ ਵਾਰ ਮਹਾਤਮਾ ਗਾਂਧੀ ਦੀ ਵੱਡੀ ਹਾਜ਼ਰੀ ਸੀ।
ਇਹਨਾਂ ਹਲਾਤ ਵਿੱਚ ਅਸੀਂ ਸਮਝ ਸਕਦੇ ਹਾਂ ਕਿ ਉਸ ਦੌਰ ‘ਚ ਇੱਕ ਲੜਾਈ ਉਹ ਸੀ ਜੋ ਅਜ਼ਾਦੀ ਲਈ ਮਘ ਰਹੀ ਸੀ।ਦੂਜਾ ਪੰਜਾਬੀ ਜੀਵਨ ਸੀ ਜੋ ਆਪਣੀ ਬਰਬਾਦ ਆਰਥਿਕਤਾ ਅਤੇ ਕੁਦਰਤੀ ਕਰੋਪੀ ਨਾਲ ਜੂਝਦਾ ਅੰਦਰੋ ਅੰਦਰ ਸੁਲਗ ਰਿਹਾ ਸੀ।ਬਰਤਾਨਵੀ ਹਕੂਮਤ ਲਈ ਓਪਰੋਕਤ ਲਹਿਰਾਂ ਵੱਡੀ ਸਿਰਦਰਦੀ ਬਣੀਆਂ ਸਨ।ਪੰਜਾਬ ਉਹਨਾਂ ਲਈ ਉਹ ਜੁਝਾਰੂ ਧਰਤੀ ਸੀ ਜੋ ਉਹਨਾਂ ਨੂੰ ਮੋੜ ਮੋੜ ‘ਤੇ ਵੰਗਾਰਦੀ ਸੀ।ਇਹ ਆਮਦ ਰੋਲਟ ਐਕਟ ਦੀ ਵੀ ਸੀ ਅਤੇ ੧੯੧੫ ‘ਚ ਦੱਖਣੀ ਅਫਰੀਕਾ ਤੋਂ ਆਏ ਮਹਾਮਤਾ ਗਾਂਧੀ ਦੀ ਪਹਿਲੀ ਵੱਡੀ ਦਸਤਕ ਦੀ ਵੀ ਸੀ।ਅੰਮ੍ਰਿਤਸਰ ‘ਚ ਉਹਨਾਂ ੧੩ ਦਿਨਾਂ ਨੇ ਅੰਗਰੇਜ਼ ਸਰਕਾਰ ਨੂੰ ਵੱਡੇ ਖੌਫ ਨਾਲ ਭਰ ਦਿੱਤਾ ਸੀ।ਉਹਨਾਂ ਨੂੰ ਲੱਗਦਾ ਸੀ ਕਿ ਕੋਈ ਵੱਡੀ ਕ੍ਰਾਂਤੀ ਜਨਮ ਲੈ ਰਹੀ ਹੈ ਜੋ ਉਹਨਾਂ ਨੂੰ ਤਹਿਸ ਨਹਿਸ ਕਰ ਦੇਵੇਗੀ।
ਉਹ ੧੩ ਦਿਨ…
੩੦ ਮਾਰਚ ੧੯੧੯
ਮਹਾਤਮਾ ਗਾਂਧੀ ਦੀ ਅਗਵਾਈ ‘ਚ ਸੱਤਿਆਗ੍ਰਹਿ ਨਾ ਮਿਲਵਰਤਣ ਅੰਦੋਲਣ ਦੀ ਨੀਂਹ ੨੪ ਫਰਵਰੀ ੧੯੧੯ ਨੂੰ ਰੱਖੀ ਗਈ।੨ ਮਾਰਚ ਨੂੰ ਅੰਦੋਲਣ ਦਾ ਮੈਨੀਫੈਸਟੋ ਪੇਸ਼ ਕੀਤਾ ਗਿਆ ਜੋ ਉਹਨਾਂ ਦਿਨਾਂ ‘ਚ ਅਖ਼ਬਾਰਾਂ ‘ਚ ਵੀ ਪ੍ਰਕਾਸ਼ਿਤ ਹੋਇਆ।ਇਸੇ ਲੜੀ ‘ਚ ੩੦ ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿਤਾ ਗਿਆ।ਇਸ ਦੌਰਾਨ ਸਾਰੇ ਕੰਮ, ਹਰ ਦੁਕਾਨ, ਦਫਤਰ ਬੰਦ ਕਰਨ ਨੂੰ ਕਿਹਾ ਗਿਆ।ਪਰ ਇਹ ਹੜਤਾਲ ੬ ਅਪ੍ਰੈਲ ਨੂੰ ਬਦਲ ਦਿੱਤੀ ਗਈ।੬ ਅਪ੍ਰੈਲ ਤਾਰੀਖ਼ ਬਦਲਣ ਦੀ ਖ਼ਬਰ ਸਭ ਤੱਕ ਨਾ ਪਹੁੰਚੀ ਅਤੇ ਬਹੁਤ ਸਾਰੀਆਂ ਥਾਵਾਂ ‘ਤੇ ਹੜਤਾਲ ੩੦ ਮਾਰਚ ਨੂੰ ਹੋਈ।ਇਹ ਬਹੁਤ ਸ਼ਾਂਤਮਈ ਹੜਤਾਲ ਸੀ ਪਰ ਦਿੱਲੀ ਵਿੱਚ ਰੇਲਵੇ ਸਟੇਸ਼ਨ ‘ਤੇ ਹਿੰਸਾ ਹੋਈ।ਅੰਮ੍ਰਿਤਸਰ ‘ਚ ਇਸ ਵੇਲੇ ੨੫ ਤੋਂ ੩੦ ਹਜ਼ਾਰ ਦਾ ਇੱਕਠ ਹੋ ਗਿਆ।
੨ ਅਪ੍ਰੈਲ ੧੯੧੯
ਇਸ ਦਿਨ ਪਿਛਲੇ ਦੋ ਦਿਨਾਂ ਤੋਂ ਵੀ ਵੱਧ ਇੱਕਠ ਹੋਇਆ।ਜੱਲ੍ਹਿਆਂਵਾਲ਼ੇ ਬਾਗ਼ ‘ਚ ਇਸ ਇੱਕਠ ਨੂੰ ਸਵਾਮੀ ਸੱਤਿਆ ਦਿਓ ਨੇ ਸੰਬੋਧਿਤ ਕੀਤਾ ਅਤੇ ਨਾ ਮਿਲਵਰਤਨ ਸੱਤਿਆਗ੍ਰਹਿ ਅੰਦੋਲਨ ਬਾਰੇ ਰੌਲੇਟ ਕਾਨੂੰਨ ਦੇ ਵਿਰੋਧ ‘ਚ ਲੋਕਾਂ ਅੱਗੇ ਆਪਣੀ ਗੱਲ ਵਿਸਥਾਰ ਨਾਲ ਰੱਖੀ।
੬ ਅਪ੍ਰੈਲ ੧੯੧੯
ਜਿਵੇਂ ਕਿ ਪਹਿਲਾਂ ਹੀ ਤੈਅ ਹੋਇਆ ਸੀ ਕਿ ੬ ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਹੋਵੇਗੀ।ਇਸ ਨੂੰ ਲੈਕੇ ਡੀ.ਸੀ. ਮਾਈਲਜ਼ ਇਰਵਿੰਗ ਨੇ ੫ ਅਪ੍ਰੈਲ ਨੂੰ ਬੈਠਕ ਸੱਦੀ ਤਾਂਕਿ ਅੰਮ੍ਰਿਤਸਰ ‘ਚ ਕਿਸੇ ਤਰ੍ਹਾਂ ਵੀ ਹੜਤਾਲ ਨੂੰ ਹੁੰਗਾਰਾ ਨਾ ਮਿਲੇ।ਇਸ ਹੜਤਾਲ ਦੀ ਅਗਵਾਈ ਸਥਾਨਕ ਆਗੂ ਡਾ.ਸੈਫੂਦੀਨ ਕਿਚਲੂ ਅਤੇ ਡਾ. ਸੱਤਿਆਪਾਲ ਨੇ ਕੀਤੀ।੬ ਅਪ੍ਰੈਲ ਨੂੰ ਦੇਸ਼ ਵਿਆਪੀ ਹੜਤਾਲ ਨੂੰ ਭਰਵਾ ਹੁੰਗਾਰਾ ਮਿਲਿਆ ਸੀ।ਮੁੰਬਈ ਦੇ ਚੌਪਾਟੀ ‘ਚ ਮਹਾਤਮਾ ਗਾਂਧੀ ਨੇ ੧ ਲੱਖ ਲੋਕਾਂ ਦੇ ਇੱਕਠ ਨੂੰ ਸੰਬੋਧਣ ਕੀਤਾ।ਇਸ ਤੋਂ ਅਗਲੇ ਦਿਨ ਰੌਲੇਟ ਐਕਟ ਨੂੰ ਟਿੱਚ ਜਾਣਦਿਆਂ ਬਿਨਾਂ ਮਨਜ਼ੂਰੀ ਤੋਂ ‘ਸੱਤਿਆਗ੍ਰਹਿ’ ਅਖ਼ਬਾਰ ਵੀ ਕੱਢਿਆ।
੯ ਅਪ੍ਰੈਲ ੧੯੧੯
ਇਹ ਦਿਨ ਸ਼੍ਰੀ ਰਾਮ ਜੀ ਦੇ ਜਨਮ ਦੀ ਖੁਸ਼ੀ ਨੂੰ ਸਮਰਪਿਤ ‘ਰਾਮ ਨੌਮੀ’ ਸੀ।ਇਹ ਅੰਗਰੇਜ਼ਾਂ ਲਈ ਬਿਲਕੁਲ ਅਣਸੁਖਾਂਵੀ ਗੱਲ ਹੋ ਨਿਭੜੀ।ਹਿੰਦੂ-ਮੁਸਲਮਾਨ ਏਕਤਾ ਦੀ ਸ਼ਾਂਤਮਈ ਕਤਾਰਾਂ ਅੰਮ੍ਰਿਤਸਰ ਦੀ ਗਲ਼ੀਆਂ ‘ਚ ਤੁਰ ਰਹੀਆਂ ਸਨ।ਇੱਕ ਦੂਜੇ ਨੂੰ ਸਾਂਝੇ ਘੜੇ ‘ਚ ਪਾਣੀ ਪਿਆਇਆ ਜਾ ਰਿਹਾ ਸੀ ਅਤੇ ਹਿੰਦੂ-ਮੁਸਲਿਮ ਏਕਤਾ ਦੇ ਨਾਅਰੇ ਲੱਗ ਰਹੇ ਸਨ।
ਡਾ. ਹਾਫ਼ਿਜ਼ ਮੁੰਹਮਦ ਬਸ਼ੀਰ ਦੀ ਅਗਵਾਈ ‘ਚ ਕਿਚਲੂ ਸੱਤਿਆਪਾਲ ਕੀ ਜੈ, ਗਾਂਧੀ ਕੀ ਜੈ ਅਤੇ ਹਿੰਦੂ-ਮੁਸਲਿਮ ਕੀ ਜੈ ਦੇ ਨਾਅਰੇ ਲੱਗ ਰਹੇ ਸਨ।ਇਸ ਦੌਰਾਨ ਅੰਗਰੇਜ਼ ਸਰਕਾਰ ਲਈ ਦੁਚਿੱਤੀ ਇਹ ਵੀ ਸੀ ਕਿ ਇਹ ਹੜਤਾਲ ਸ਼ਾਂਤਮਈ ਸੀ ਅਤੇ ਨਾਲੋਂ ਨਾਲ ਇੱਕ ਬੈਂਡ ਬਰਤਾਨਵੀਆਂ ਦਾ ਗੀਤ ‘ਗੋਡ ਸੇਵ ਦੀ ਕਿੰਗ’ ਪੂਰੇ ਆਦਰ ਸਤਕਾਰ ਨਾਲ ਗਾ ਰਿਹਾ ਸੀ।ਇਹ ਪੂਰਾ ਪਰਤਾਰਾ ਬਰਤਾਨੀਆਂ ਦੇ ਫੁੱਟ ਪਾਓ ਅਤੇ ਰਾਜ ਕਰੋ ਦੇ ਨਾਅਰੇ ਦਾ ਮਜ਼ਾਕ ਉਡਾ ਰਿਹਾ ਸੀ।ਦੂਜੇ ਪਾਸੇ ਮਹਾਤਮਾ ਗਾਂਧੀ ਨੂੰ ਪੰਜਾਬ ਆਉਣ ਨਹੀਂ ਦਿੱਤਾ ਗਿਆ ਅਤੇ ਹਰਿਆਣੇ ਦੇ ਪਲਵਰ ਸਟੇਸ਼ਨ ਤੋਂ ਗ੍ਰਿਫਤਾਰ ਕਰਕੇ ਵਾਪਸ ਮੋੜ ਦਿੱਤਾ ਗਿਆ। ਉਹਨਾਂ ਦਿਨਾਂ ‘ਚ ਅਫਵਾਹਾਂ ਦਾ ਵੀ ਬਹੁਤ ਜ਼ੋਰ ਸੀ।ਇੱਕ ਅਫ਼ਵਾਹ ਸੀ ਕਿ ੧੬ ਅਪ੍ਰੈਲ ਨੂੰ ਗਾਂਧੀ ਜੀ ਦੇ ਆਉਣ ‘ਤੇ ਬਰਤਾਨਵੀ ਸਰਕਾਰ ਨੇ ਵੱਡੀ ਕਾਰਵਾਈ ਕਰਨੀ ਹੈ ਜਿਸ ‘ਚ ਸਾਰਿਆਂ ਨੇ ਮਾਰਿਆ ਜਾਣਾ ਹੈ।
੧੦ ਅਪ੍ਰੈਲ ੧੯੧੯ : ੯ ਅਪ੍ਰੈਲ ਦੀ ਸ਼ਾਮ ਨੂੰ ਪੰਜਾਬ ਦੇ ਗਵਰਨਰ ਮਾਈਕਲ ਓਡਵਾਇਰ ਨੇ ਡਾ.ਕਿਚਲੂ ਅਤੇ ਡਾ. ਸੱਤਿਆਪਾਲ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ।੧੦ ਅਪ੍ਰੈਲ ਸਵੇਰੇ ੧੧ ਵਜੇ ਦੋਵਾਂ ਨੂੰ ਗ੍ਰਿਫਤਾਰ ਕਰਕੇ ਸ਼ਹਿਰ ਤੋਂ ਬਾਹਰ ਧਰਮਸ਼ਾਲਾ ‘ਚ ਨਜ਼ਰਬੰਦ ਕਰਨ ਲਈ ਰਵਾਨਾ ਕਰ ਦਿੱਤਾ।ਇਹ ਖ਼ਬਰ ਸ਼ਹਿਰ ‘ਚ ਫੈਲ ਗਈ ਅਤੇ ਅੰਦੋਲਣ ਲਈ ਜੁਟੀ ਭੀੜ ਨੇ ਹਿੰਸਕ ਰੂਪ ਲੈ ਲਿਆ।ਇੱਕ ਘਟਨਾ ਰੇਲਵੇ ਸਟੇਸ਼ਨ ‘ਤੇ ਵਾਪਰੀ।ਲੋਕਾਂ ਦੀ ਭੀੜ ਭੰਡਾਰੀ ਪੁੱਲ ‘ਤੇ ਸੀ ਜੀਹਨੂੰ ਪੁਲਿਸ ਨੇ ਰੋਕਣ ਦੀ ਕੌਸ਼ਿਸ਼ ਕੀਤਾ।ਇਸ ਧੱਕਾ ਮੁੱਕੀ ‘ਚ ਵੱਧ ਰਹੀ ਭੀੜ ਡੀ.ਸੀ. ਦਫਤਰ ਨੂੰ ਘੇਰਨ ਦੀ ਤਿਆਰੀ ‘ਚ ਸੀ।
ਇਸ ਦੌਰਾਨ ਗੋਲੀਬਾਰੀ ‘ਚ ੨੦ ਜਣੇ ਮਾਰੇ ਗਏ।ਹਾਲ ਬਾਜ਼ਾਰ ਵਿਖੇ ਤਿੰਨ ਬੈਂਕ, ੩ ਡਾਕਘਰ ਅਤੇ ਇੱਕ ਚਰਚ ‘ਤੇ ਵੀ ਹਮਲਾ ਹੋ ਗਿਆ।ਨੈਸ਼ਨਲ ਬੈਂਕ ਸਟੀਵਰਟ ਅਤੇ ਸਕੋਟ ਦਾ ਸੀ ਅਤੇ ਅਲਾਂਈਸ ਬੈਂਕ ‘ਚ ਥੋਮਸਨ ਸੀ।ਰੋਸ ਅਤੇ ਥੌਮਸਨ ਨੂੰ ਬੈਂਕ ਦੇ ਆਪਣੇ ਭਾਰਤੀ ਕਲਰਕਾਂ ਨੇ ਕਿਸੇ ਤਰ੍ਹਾਂ ਬਚਾ ਲਿਆ।ਇਸੇ ਦੌਰਾਨ ੫ ਯੂਰੂਪੀਆਂ ਨੂੰ ਵੀ ਮਾਰਿਆ ਗਿਆ।ਸ਼ਹਿਰ ਦੇ ਦੂਜੇ ਹਿੱਸੇ ਰੇਲਵੇ ਸਟੇਸ਼ਨ ‘ਤੇ ਅੱਗ ਲਾ ਦਿੱਤੀ ਗਈ।ਇਸ ਦੌਰਾਨ ੨ ਵਜੇ ਦੁਪਹਿਰ ਕੈਪਟਨ ਕਰੈਂਪਟਨ ਆਪਣੀ ੧ ਗੋਰਖਾ ਬਟਾਲੀਅਨ ਦੇ ੨੬੦ ਫੌਜੀਆਂ ਨਾਲ ਪੇਸ਼ਾਵਰ ਜਾ ਰਿਹਾ ਸੀ।
ਸਟੇਸ਼ਨ ਦੇ ਹਲਾਤ ਵੇਖ ਉਹਨਾਂ ਉੱਥੇ ਮੋਰਚਾ ਸਾਂਭ ਲਿਆ।ਇਸ ਦੌਰਾਨ ਭੀੜ ਵੱਲੋਂ ਡਾਗਾਂ ਮਾਰਕੇ ਗਾਰਡ ਰਬਿਨਸਨ ਦਾ ਕਤਲ ਕਰ ਦਿੱਤਾ ਅਤੇ ਸਟੇਸ਼ਨ ਮਾਸਟਰ ਬੈਨੇਟ ਜ਼ਖ਼ਮੀ ਹੋ ਗਿਆ।ਸਟੇਸ਼ਨ ‘ਤੇ ਹੋਈ ਇਸੇ ਹਿੰਸਾ ੧੦ ਭਾਰਤੀ ਮਾਰੇ ਗਏ ਅਤੇ ੩੦ ਤੋਂ ਵਧੇਰੇ ਜ਼ਖ਼ਮੀ ਹੋ ਗਏ।ਅੰਮ੍ਰਿਤਸਰ ਦੀ ਅੰਦਰੂਨ ਕੰਧ ਦੇ ਪੁਰਾਣੇ ਸ਼ਹਿਰ ‘ਚ ਜਨਾਨਾ ਹਸਪਤਾਲ ਦੀ ਡਾਕਟਰ ਈਸਡਨ ‘ਤੇ ਹਮਲਾ ਹੋਇਆ ਪਰ ਮੌਕੇ ‘ਤੇ ਬਚਾ ਲਿਆ ਗਿਆ।ਦੂਜੇ ਪਾਸੇ ਕੁੜੀਆਂ ਦੇ ਮਿਸ਼ਨ ਡੇ ਸਕੂਲ ਦੀ ਸੁਪਰੀਟੈਡਿੰਟ ਮਾਰਸੀਲਾ ਸ਼ੇਅਰਵੁੱਡ ਵੀ ਹਿੰਸਕ ਭੀੜ ਦਾ ਸ਼ਿਕਾਰ ਹੋਈ।ਸ਼ੇਅਰਵੁੱਡ ਨਾਲ ਇਹ ਘਟਨਾ ਕੂਚਾ ਕੌੜੀਆਂਵਾਲ਼ਾ ‘ਚ ਵਾਪਰੀ।੧੦ ਅਪ੍ਰੈਲ ਦੇ ਇਸ ਦਿਨ ਦੀਆਂ ਹਿੰਸਕ ਘਟਨਾਵਾਂ ਨੇ ਅੰਮ੍ਰਿਤਸਰ ਦਾ ਮਾਹੌਲ ਕਾਫੀ ਨਾਜ਼ੁਕ ਕਰ ਦਿੱਤਾ ਸੀ।
੧੧ ਅਪ੍ਰੈਲ ੧੯੧੯
ਪਿਛਲੇ ਦਿਨ ਦੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਹਲਾਤ ਨਾਜ਼ੁਕ ਤਾਂ ਸਨ ਹੀ ਪਰ ਅਫ਼ਵਾਹਾਂ ਨੇ ਵੀ ਜ਼ੋਰ ਫੜ੍ਹ ਲਿਆ।ਇੱਕ ਅਫ਼ਵਾਹ ਸੀ ਕਿ ਅੰਮ੍ਰਿਤਸਰ ‘ਤੇ ਹਵਾਈ ਜਹਾਜ਼ਾਂ ਨਾਲ ਬੰਬ ਧਮਾਕੇ ਕੀਤੇ ਜਾਣਗੇ।ਹੁਣ ਤੱਕ ਹਿੰਸਾ ਦੌਰਾਨ ਮਾਰੇ ਗਿਆਂ ਨੂੰ ਸਸਕਾਰ ਅਤੇ ਦਫਨਾਉਣ ਲਈ ੨ ਵਜੇ ਤੱਕ ਦਾ ਸਮਾਂ ਦਿੱਤਾ।ਡੀ.ਸੀ. ਦਾ ਹੁਕਮ ਸੀ ਕਿ ਸਸਕਾਰ ਅਤੇ ਜਨਾਜ਼ੇ ਦੌਰਾਨ ਬਹੁਤੀ ਭੀੜ ਨਹੀਂ ਹੋ ਸਕਦੀ।ਸਾਰੀਆਂ ਲਾਸ਼ਾਂ ਨੂੰ ਅੰਤਿਮ ਕਿਰਿਆ ਲਈ ਸੁਲਤਾਨਵਿੰਡ ਦੇ ਇਲਾਕੇ ‘ਚ ਪਹੁੰਚਾਇਆ ਗਿਆ। ਏ.ਜੇ.ਡਬਲਿਊ ਕਿਚਨ ਕਮਿਸ਼ਨਰ ਲਾਹੌਰ ਡਿਵੀਜਨ ਨੂੰ ਸਾਰੇ ਹਲਾਤ ਦਾ ਚਾਰਜ ਦਿੱਤਾ ਗਿਆ।ਬਾਕੀ ਕਾਰਵਾਈ ਫੌਜ ਹਵਾਲੇ ਕਰ ਦਿੱਤੀ ਅਤੇ ਜਲੰਧਰ ਤੋਂ ਜਨਰਲ ਡਾਇਰ ਆਪਣੀ ੪੫ ਵੀਂ ਬ੍ਰਿਗੇਡ ਨਾਲ ਰਾਤ ੯ ਵਜੇ ਅੰਮ੍ਰਿਤਸਰ ਆ ਗਿਆ।ਜਨਰਲ ਡਾਇਰ ਨੇ ਇੱਥੇ ਰਾਮ ਬਾਗ਼ ‘ਚ ਆਪਣਾ ਫੌਜੀ ਕੈਂਪ ਸਥਾਪਿਤ ਕਰ ਲਿਆ।
੧੨ ਅਪ੍ਰੈਲ ੧੯੧੯
ਜਨਰਲ ਡਾਇਰ ਨੇ ਪੂਰੇ ਸ਼ਹਿਰ ਦੀ ਗਸ਼ਤ ਕੀਤੀ।ਇਸ ਦੌਰਾਨ ਡਾਇਰ ਨਾਲ ੪੦੦ ਫੌਜੀ ਅਤੇ ੨ ਕਾਰਾਂ ਸਨ।ਦੂਜੇ ਪਾਸੇ ਅੰਦੋਲਨਕਾਰੀਆਂ ਵੱਲੋਂ ਹਿੰਦੂ ਸਭਾ ਸਕੂਲ ‘ਚ ਜੱਲ੍ਹਿਆਂਵਾਲ਼ੇ ਬਾਗ਼ ‘ਚ ਇੱਕਠ ਕਰਨ ਦਾ ਸੱਦਾ ਦਿੱਤਾ ਗਿਆ।
ਕਾਲਾ ਐਤਵਾਰ ੧੩ ਅਪ੍ਰੈਲ ੧੯੧੯
ਐਤਵਾਰ ਨੂੰ ਹਲਾਤ ਬਹੁਤ ਨਾਜ਼ੁਕ ਸਨ।੧੦ ਅਪ੍ਰੈਲ ਤੋਂ ਸ਼੍ਰੀ ਹਰਿਮੰਦਰ ਸਾਹਿਬ ਸੰਗਤਾਂ ਵਿਸਾਖੀ ਮੌਕੇ ਇਕੱਠੀਆਂ ਹੋ ਰਹੀਆਂ ਸਨ।ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਅਜਿਹੇ ਹਿੰਸਕ ਹਲਾਤ ਅਤੇ ਸੱਤਿਆਗ੍ਰਹਿ ਅੰਦੋਲਣ ਦਾ ਜਮਘਟ ਸੀ।ਉਹਨਾਂ ਦਿਨਾਂ ਦੇ ਸ਼ਹਿਰ ਦੇ ਹਲਾਤ ਕੀ ਸਨ ਇਸ ਦਾ ਜ਼ਿਕਰ ਉੱਪਰ ਕਰ ਚੁੱਕੇ ਹਾਂ। ਸਵੇਰੇ ਜਨਰਲ ਡਾਇਰ ਅਤੇ ਮਾਈਲਜ਼ ਇਰਵਿੰਗ ਨੇ ਸ਼ਹਿਰ ‘ਚ ਗਸ਼ਤ ਕੀਤੀ ਅਤੇ ਪੰਜਾਬੀ-ਉਰਦੂ ‘ਚ ਹੋਕਾ ਦਿੱਤਾ ਕਿ ਸ਼ਹਿਰ ‘ਚ ਇੱਕਠ ਨਾ ਕੀਤਾ ਜਾਵੇ, ਇੰਝ ਕਰਨ ‘ਤੇ ਕਾਰਵਾਈ ਕੀਤੀ ਜਾਵੇਗੀ।ਇਹ ਹੋਕਾ ਜੱਲ੍ਹਿਆਂਵਾਲ਼ਾ ਬਾਗ਼ ਤੋਂ ਦੂਰ ੧੯ ਹੋਰਨਾਂ ਥਾਵਾਂ ‘ਤੇ ਦਿੱਤਾ ਗਿਆ ਸੀ।ਖ਼ਾਲਸੇ ਦੇ ਜਨਮ ਦਿਨ ਨੂੰ ਮਨਾਉਂਦੀਆਂ ਸੰਗਤਾਂ ਵਿਹਲ ‘ਚ ਬਾਗ਼ ਵਾਲੀ ਥਾਂ ‘ਤੇ ਆਰਾਮ ਕਰਨ ਲਈ ਬੈਠੀਆਂ ਸਨ।ਦੂਜੇ ਪਾਸੇ ਸੱਤਿਆਗ੍ਰਹਿ ਦੇ ਹੱਕ ‘ਚ ਰੌਲੇਟ ਐਕਟ ਦੇ ਵਿਰੋਧ ‘ਚ ਵੀ ਇੱਥੇ ਲੋਕ ਇੱਕਠੇ ਹੋਣ ਲੱਗੇ।ਇੱਕਠ ‘ਚ ਅੰਦੋਲਣਕਾਰੀ ਵੀ ਸਨ, ਦੂਰ ਦੁਰਾਡਿਓਂ ਆਏ ਲੋਕ ਵੀ ਅਤੇ ਇਹਨਾਂ ਲੋਕਾਂ ‘ਚ ਬੱਚੇ, ਜਨਾਨੀਆਂ, ਬਜ਼ੁਰਗ ਹਰ ਕੋਈ ਸੀ।
ਦੁਪਹਿਰ ੧.੩੦ ਵਜੇ ਜਨਰਲ ਡਾਇਰ ਨੂੰ ਖ਼ਬਰ ਪਹੁੰਚੀ ਕਿ ਬਾਗ਼ ‘ਚ ਇੱਕਠ ਹੋ ਰਿਹਾ ਹੈ ਅਤੇ ਇਹਨੂੰ ਰੋਕਣ ਲਈ ਕੋਈ ਕਾਰਵਾਈ ਨਹੀਂ ਕੀਤੀ ਗਈ।ਉਸ ਦਿਨ ਸ਼ਾਮ ੫ ਵਜੇ ਤੱਕ ੧੫੦੦੦-੨੦੦੦੦ ਲੋਕਾਂ ਦਾ ਵੱਡਾ ਇੱਕਠ ਜਲ੍ਹਿਆਂਵਾਲ਼ੇ ਬਾਗ਼ ‘ਚ ਸੀ।ਉਸ ਸਮੇਂ ਸਟੇਜ ਤੋਂ ਵੱਖ ਵੱਖ ਬੁਲਾਰੇ ਲੋਕਾਂ ਨੂੰ ਰੌਲੇਟ ਐਕਟ ਦੇ ਵਿਰੋਧ ‘ਚ ਸੰਬੋਧਿਤ ਹੋ ਰਹੇ ਸਨ।ਬ੍ਰਿਜ ਬੈਕਾਲ ਆਪਣੀ ‘ਫਰਿਆਦ’ ਕਵਿਤਾ ਸੁਣਾਕੇ ਮੰਚ ਤੋਂ ਹੇਠਾਂ ਆਇਆ ਸੀ ਅਤੇ ‘ਵਕਤ’ ਸਮਾਚਾਰ ਦਾ ਸੰਪਾਦਕ ਦੁਰਗਾ ਦਾਸ ਵੈਦ ਸਟੇਜ ਤੋਂ ਸੰਬੋਧਣ ਹੋਣ ਆ ਗਿਆ ਸੀ।
ਜਨਰਲ ਡਾਇਰ ਨੇ ਬਿਨਾਂ ਚੇਤਾਵਨੀ ਤੋਂ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ।੧੦ ਮਿੰਟ ‘ਚ ੧੫੦੦੦ ਨਿੱਹਥੇ ਲੋਕਾਂ ਦੀ ਕੁਰਲਾਹਟ ਨਾਲ ਧਰਤੀ ਥਰਥਰਾ ਗਈ।ਕਹਿੰਦੇ ਹਨ ਕਿ ਡਾਇਰ ਨੇ ੧੬੫੦ ਰੌਂਦ ਚਲਾਏ ਜਿਹਨਾਂ ‘ਚੋਂ ੩੦੩ ਗੋਲ਼ੀਆਂ ਦੇ ਨਿਸ਼ਾਨ ਅਜੇ ਵੀ ਕੰਧਾਂ ‘ਤੇ ਮੌਜੂਦ ਹਨ।ਕਈਆਂ ਨੇ ਆਪਣੀਆਂ ਜਾਨਾਂ ਬਚਾਉਣ ਲਈ ਬਾਗ਼ ਦੇ ਖ਼ੂਹ ‘ਚ ਛਾਲਾਂ ਮਾਰੀਆਂ।ਇਸ ਵਹਿਸ਼ਤ ਭਰੀ ਕਾਰਵਾਈ ‘ਚ ੪੦੦ ਤੋਂ ੨੦੦੦ ਬੰਦਿਆਂ ਦੇ ਮਾਰੇ ਜਾਣ ਦੀ ਖ਼ਬਰ ਹੈ ਪਰ ਅਜੇ ਤੱਕ ਕੋਈ ਵੀ ਪੁਖ਼ਤਾ ਗਿਣਤੀ ਸਾਹਮਣੇ ਨਹੀਂ ਆਈ।ਇਸ ਦੌਰਾਨ ਫੌਜ ਅਤੇ ਲੋਕਾਂ ‘ਚ ੪੦ ਗਜ਼ ਦਾ ਫਾਸਲਾ ਸੀ।ਡਾਇਰ ਦੀ ਇਸ ਕਾਰਵਾਈ ‘ਚ ੫੪ ਸਿੱਖ ਰੈਜੀਮੈਂਟ, ੨੯ ਗੋਰਖਾ ਅਤੇ ਸਿੰਧੀ, ਬਲੋਚੀ ਪਠਾਣਾਂ ਦੀ ੫੯ ਸਿੰਧ ਰਾਈਫਲ ਨੇ ਹਿੱਸਾ ਲਿਆ |
੧੪ ਅਪ੍ਰੈਲ ਨੂੰ ਜਨਰਲ ਡਾਇਰ ਦਾ ਸੰਬੋਧਨ
“ਤੁਸੀ ਚੰਗੀ ਤਰ੍ਹਾਂ ਜਾਣਦੇ ਹੋ ਕਿ ਮੈਂ ਇੱਕ ਸਿਪਾਹੀ ‘ਤੇ ਫੌਜੀ ਹਾਂ।ਜੇਕਰ ਤੁਸੀ ਅਮਨ ਚਾਹੁੰਦੇ ਹੋ ਤਾਂ ਮੇਰੇ ਹੁਕਮ ਮੰਨੋ ਅਤੇ ਸਾਰੇ ਆਪਣੀਆਂ ਦੁਕਾਨਾਂ ਖੋਲ੍ਹੋ, ਨਹੀਂ ਤਾਂ ਮੈਂ ਗੋਲੀ ਮਾਰ ਦਿਆਂਗਾ।ਮੇਰੇ ਲਈ ਫਰਾਂਸ ਦਾ ਜੰਗ-ਏ-ਮੈਦਾਨ ਅਤੇ ਅੰਮ੍ਰਿਤਸਰ ਇੱਕੋ ਬਰਾਬਰ ਹੈ।ਮੈਂ ਇੱਕ ਫੌਜੀ ਹੋਣ ਦੇ ਨਾਤੇ ਸਿੱਧਾ- ਸਾਧਾ ਚੱਲਾਂਗਾ।ਨਾ ਮੈਂ ਸੱਜੇ ਜਾਵਾਂਗਾ…ਨਾ ਹੀ ਖੱਬੇ …ਦੁਕਾਨਾਂ ਤਾਕਤ ਨਾਲ ਅਤੇ ਬੰਦੂਕਾਂ ਨਾਲ ਖੁਲਵਾ ਲਈਆਂ ਜਾਣਗੀਆਂ।ਤੁਸੀਂ ਸਰਕਾਰ ਦਾ ਵਿਰੋਧ ਕਰਦੇ ਹੋ ਅਤੇ ਬੰਗਾਲ ਦੇਸ਼-ਧ੍ਰੋਹ ਦੀ ਗੱਲ ਕਰਦਾ ਹੋ।ਮੈਂ ਇਹਨਾਂ ਸਭ ਦੀ ਰਿਪੋਰਟ ਕਰਾਂਗਾ।ਮੈਨੂੰ ਫੌਜ ‘ਚ ਆਪਣੀਆਂ ਸੇਵਾਵਾਂ ਨਿਭਾਉਂਦੇ ਤੀਹ ਵਰ੍ਹੇ ਹੋ ਚੱਲੇ ਹਨ।ਮੈਂ ਸਮਝਦਾ ਹਾਂ ਕਿ ਭਾਰਤੀ ਫੌਜੀ ਅਤੇ ਸਿੱਖ ਬਹੁਤ ਚੰਗੇ ਹੁੰਦੇ ਹਨ।ਜੇਕਰ ਤੁਹਾਨੂੰ ਕੋਈ ਬਦਮਾਸ਼ ਤੰਗ ਕਰਦਾ ਹੈ ਤਾਂ ਇਸਦੀ ਖਬਰ ਮੈਨੂੰ ਦਿਉ ਮੈਂ ਉਸ ‘ਤੇ ਗੋਲੀ ਚਲਾ ਦਿਆਂਗਾ। ਇਸ ਲਈ ਮੇਰਾ ਹੁਕਮ ਮੰਨੋ ਅਤੇ ਆਪਣੀਆਂ ਦੁਕਾਨਾਂ ਖੋਲ੍ਹੋ।ਜੇ ਤੁਸੀਂ ਜੰਗ ਚਾਹੁੰਦੇ ਹੋ ਤਾਂ ਬੋਲ ਦਿਉ।ਤੁਸੀਂ ਬ੍ਰਿਟਿਸ਼ ਲੋਕਾਂ ਨੂੰ ਮਾਰਕੇ ਬਹੁਤ ਵੱਡੀ ਗਲਤੀ ਕੀਤੀ ਹੈ, ਜਿਸਦਾ ਬਦਲਾ ਤੁਹਾਡੇ ਤੋਂ ਅਤੇ ਤੁਹਾਡੇ ਬੱਚਿਆਂ ਤੋਂ ਲਿਆ ਜਾਵੇਗਾ।”
੧੫ ਅਪ੍ਰੈਲ ਮਾਰਸ਼ਲ ਲਾਅ
੧੩ ਅਪ੍ਰੈਲ ਦੀ ਘਟਨਾ ਤੋਂ ਬਾਅਦ ਰਾਤ ੮ ਵਜੇ ਤੋਂ ਸਵੇਰੇ ੬ ਵਜੇ ਤੱਕ ਕਰਫਿਊ ਲਾ ਦਿੱਤਾ ਗਿਆ।ਇਸ ਤੋਂ ਬਾਅਦ ਜਨਰਲ ਡਾਇਰ ਨੇ ਫਿਰ ਸ਼ਹਿਰ ਨੂੰ ਸੰਬੋਧਿਤ ਕੀਤਾ।ਹੁਣ ਸ਼ਹਿਰ ‘ਚ ਮਾਰਸ਼ਲ ਲਾਅ ਲਾਗੂ ਸੀ।ਪ੍ਰੈਸ ਨੂੰ ਪੂਰੀ ਤਰ੍ਹਾਂ ਜਬਤ ਕਰ ਲਿਆ ਗਿਆ।ਅੰਮ੍ਰਿਤਸਰ ਦੀਆਂ ਤਮਾਮ ਖ਼ਬਰਾਂ ਦੇਸ਼ ਦੁਨੀਆਂ ਦੇ ਦੂਜੇ ਹਿੱਸੇ ਬਹੁਤ ਦੇਰ ਨਾਲ ਪਹੁੰਚੀਆਂ।ਬਾਗ਼ ‘ਚ ਜ਼ਖ਼ਮੀਆਂ ਦੀ ਹਾਲਤ ਬਹੁਤ ਨਾਜ਼ੁਕ ਸੀ।ਉਹਨਾਂ ਨੂੰ ਮੁੱਢਲੀ ਡਾਕਟਰੀ ਜਾਂਚ ਦੀ ਕੋਈ ਸਹੂਲਤ ਜਾਂ ਬੰਦੋਬਸਤ ਨਹੀਂ ਸੀ।ਕੂਚਾ ਕੌੜਿਆਂਵਾਲ਼ੇ ਜਿੱਥੇ ਸ਼ੀਅਰਵੁੱਡ ਨਾਲ ਹਾਦਸਾ ਹੋਇਆ ਸੀ ‘ਚ ਅੰਗਰੇਜ਼ਾਂ ਨੇ ਅਜਬ ਦਸਤੂਰ ਚਲਾਇਆ।ਇਸ ਗਲੀ ‘ਚੋਂ ਸਭ ਨੂੰ ਲੰਮੇ ਪੈਕੇ ਘਿਸਰਕੇ ਤੁਰਨਾ ਪੈਂਦਾ ਸੀ।
ਅਜਿਹਾ ਕਰਨ ‘ਤੇ ਕੜਿੱਕੀ ਨਾਲ ਬੰਨ੍ਹ ਨੰਗਾ ਕਰ ਕੌੜੇ ਮਾਰੇ ਜਾਂਦੇ ਸਨ।ਇਸ ਸਾਕੇ ‘ਚ ਬੀਬੀ ਅਤਰ ਕੌਰ ਅਤੇ ਰਤਨਾ ਦੇਵੀ ਦਾ ਜ਼ਿਕਰ ਉੱਚੇਚਾ ਆਉਂਦਾ ਹੈ।ਬੀਬੀ ਅਤਰ ਕੌਰ ਆਪਣੇ ਛੇ ਮਹੀਨੇ ਦੇ ਗਰਭ ਨਾਲ ਸੀ ਅਤੇ ਆਪਣੇ ਪਤੀ ਭਾਗ ਮੱਲ ਭਾਟੀਆ ਦੀ ਲੋਥ ਨੂੰ ਆਪ ਆਪਣੇ ਮੋਢੇ ‘ਤੇ ਢੋਇਆ।ਇਸ ਦੌਰਾਨ ਉਹਨੇ ਹੋਰਨਾਂ ਜ਼ਖ਼ਮੀਆਂ ਦੀ ਮਦਦ ਵੀ ਕੀਤੀ।ਮਾਰਸ਼ਲ ਲਾਅ ਹੋਣ ਕਰਕੇ ਕੋਈ ਇੱਕ ਦੂਜੇ ਦੀ ਮਦਦ ਨੂੰ ਅੱਗੇ ਨਹੀਂ ਸੀ ਵੱਧ ਰਿਹਾ।ਇਸ ਖ਼ੂਨੀ ਵਿਸਾਖੀ ਨੂੰ ਰਤਨਾ ਦੇਵੀ ਦੇ ਪਤੀ ਦਾ ਵੀ ਕਤਲ ਹੋਇਆ।ਰਤਨਾ ਦੇਵੀ ਸਾਰੀ ਰਾਤ ਆਪਣੇ ਪਤੀ ਦੀ ਲੋਥ ਲਈ ਪਹਿਰਾ ਦਿੰਦੀ ਰਹੀ।ਬਾਗ਼ ‘ਚ ਲਾਸ਼ਾਂ ਦੇ ਢੇਰ ਸਨ ਅਤੇ ਅਵਾਰਾ ਕੁੱਤਿਆਂ ਦੀ ਹੇੜ ਲਾਸ਼ਾਂ ਨੂੰ ਸੁੰਘਦੀ ਫਿਰਦੀ ਸੀ।ਰਤਨਾ ਦੇਵੀ ਸਾਰੀ ਰਾਤ ਜਾਗਦੀ ਰਹੀ ਤਾਂ ਕਿ ਉਹਦੇ ਘਰਵਾਲੇ ਦੀ ਲਾਸ਼ ਨੂੰ ਕੋਈ ਜਾਨਵਰ ਮੂੰਹ ਨਾ ਮਾਰੇ।ਸਵੇਰ ਹੁੰਦਿਆਂ ਰਤਨਾ ਦੇਵੀ ਆਪਣੇ ਘਰਵਾਲੇ ਦੀ ਲੋਥ ਚੁੱਕਕੇ ਘਰਾਂ ਨੂੰ ਪਰਤ ਰਹੀ ਸੀ।ਅਸੀਂ ਸਮਝ ਸਕਦੇ ਹਾਂ ਕਿ ਉਹਨਾਂ ਦਿਨਾਂ ‘ਚ ਕਿੰਨੇ ਪਰਿਵਾਰਾਂ ਦੇ ਜਨਾਜੇ ਅਜਾਈਂ ਉੱਠ ਗਏ।ਇਹ ਸਾਕਾ ੧੦੦ ਸਾਲ ਬਾਅਦ ਵੀ ਮਨੁੱਖਤਾ ਦੇ ਘਾਣ ਵਾਲਾ ਵੱਡਾ ਜ਼ਖ਼ਮ ਹੈ।
ਅਖ਼ੀਰ…
੧੩ ਅਪ੍ਰੈਲ ਦੀ ਘਟਨਾ ਤੋਂ ਬਾਅਦ ਬਰਤਾਨਵੀ ਭਾਰਤ ਸਰਕਾਰ ਨੇ ਅਗਲੇ ਸਾਲ ਪੂਰੇ ਘਟਨਾਕ੍ਰਮ ਦੀ ਨਿਸ਼ਾਨਦੇਹੀ ਕੀਤੀ ਅਤੇ ਮ੍ਰਿਤਕ ਪਰਿਵਾਰ ਅਤੇ ਜ਼ਖ਼ਮੀਆਂ ਨੂੰ ਮੁਆਵਜ਼ਾ ਦਿੱਤਾ ਗਿਆ।ਕਈ ਪਰਿਵਾਰਾਂ ਨੇ ਇਹ ਮੁਆਵਜ਼ਾ ਲੈਣ ਤੋਂ ਮਨ੍ਹਾਂ ਕਰ ਦਿੱਤਾ।ਇਸ ਤੋਂ ਇਲਾਵਾ ਕਾਂਗਰਸ ਨੇ ਇਸ ਸਾਕੇ ਬਾਰੇ ਆਪਣੀ ਰਿਪੋਰਟ ਤਿਆਰ ਕੀਤੀ।ਇਤਿਹਾਸ ‘ਚ ਇਹ ਵੀ ਜ਼ਿਕਰ ਹੈ ਕਿ ਕਾਂਗਰਸ ਦਾ ਵੱਡਾ ਇਜਲਾਸ ਦਸੰਬਰ ੧੯੧੮ ਨੂੰ ਤੈਅ ਹੋ ਗਿਆ ਸੀ ਕਿ ਅਗਲੇ ਸਾਲ ਇਸੇ ਮਹੀਨੇ ੧੯੧੯ ‘ਚ ਸੰਮੇਲਨ ਅੰਮ੍ਰਿਤਸਰ ਹੋਵੇਗਾ।ਇਸ ਸੰਮੇਲਨ ‘ਚ ਕਾਂਗਰਸ ਨੇ ਜਲ੍ਹਿਆਂਵਾਲ਼ਾ ਬਾਗ਼ ਬਾਰੇ ਕੁਝ ਨਹੀਂ ਬੋਲਿਆ ਅਤੇ ਨਾ ਹੀ ਡਾਇਰ ਦੀ ਕਾਰਵਾਈ ਨੂੰ ਨਿੰਦਿਆ।
ਕਹਿੰਦੇ ਹਨ ਦਰਬਾਰ ਸਾਹਿਬ ਵਿਖੇ ਜਥੇਦਾਰ ਅਰੂੜ ਸਿੰਘ ਨੇ ਡਾਇਰ ਨੂੰ ਸਨਮਾਨਿਤ ਵੀ ਕੀਤਾ।ਅਰੂੜ ਸਿੰਘ ਸਿਮਰਨਜੀਤ ਸਿੰਘ ਮਾਨ ਦਾ ਨਾਨਾ ਸੀ।ਇਸ ਲਈ ਸਿਮਰਨਜੀਤ ਸਿੰਘ ਮਾਨ ਨੇ ਪੰਜਾਬੀਆਂ ਤੋਂ ਮਾਫੀ ਵੀ ਮੰਗੀ ਸੀ।ਇਸ ਘਟਨਾ ਬਾਰੇ ਬਰਤਾਨੀਆ ਦੇ ਪ੍ਰਧਾਨਮੰਤਰੀ ਡੇਵਿਡ ਕੈਮਰੂਨ ਨੇ ੨੦੧੩ ‘ਚ ਜਲ੍ਹਿਆਂਵਾਲ਼ੇ ਬਾਗ਼ ‘ਚ ਬੋਲਦਿਆਂ ਕਿਹਾ ਸੀ ਕਿ ਇਹ ਬਰਤਾਨਵੀ ਇਤਿਹਾਸ ਦਾ ਸ਼ਰਮਨਾਕ ਕਿੱਸਾ ਹੈ।ਕਹਿੰਦੇ ਹਨ ਕਿ ਉਹਨਾਂ ਸਮਿਆਂ ‘ਚ ਇੰਗਲੈਂਡ ਦੇ ਪ੍ਰਧਾਨਮੰਤਰੀ ਵਿਨਸੈਂਟ ਚਰਚਿਲ ਨੇ ਡਾਇਰ ਦੀ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕੀਤੀ ਸੀ। ਇਸ ਪੂਰੀ ਘਟਨਾ ‘ਚ ਸਾਰੀ ਨਫ਼ਰਤ ਡਾਇਰ ਨੂੰ ਲੈਕੇ ਤਾਂ ਹੈ ਪਰ ਹੰਸ ਰਾਜ ਇਤਿਹਾਸ ਦੇ ਅਣਫੋਲੇ ਵਰਕਿਆਂ ‘ਚ ਜ਼ਿਕਰ ਕਿਉਂ ਨਾ ਬਣਿਆ? ਹੰਸ ਰਾਜ ਸ਼ਹਿਰ ‘ਚ ਸੱਤਿਆਗ੍ਰਹਿ ਦਾ ਜੁਆਇੰਟ ਸਕੱਤਰ ਅਤੇ ਹਿੰਦੂ ਸਭਾ ਸਕੂਲ ‘ਚ ਹੋਈ ਬੈਠਕ ਦਾ ਪ੍ਰਬੰਧਕ ਸੀ।ਜ਼ਿਕਰ ਹੈ ਕਿ ਸਾਕੇ ਵਾਲੇ ਦਿਨ ਹੰਸ ਰਾਜ ਚਿੱਟਾ ਰੁਮਾਲ ਸੁੱਟਕੇ ਸਟੇਜ ਤੋਂ ਇਸ਼ਾਰਾ ਕਰ ਉਤਰਿਆ ਸੀ।ਇਹ ਬਾਅਦ ‘ਚ ਅੰਗਰੇਜ਼ ਸਰਕਾਰ ਦਾ ਗਵਾਹ ਬਣਿਆ ਅਤੇ ਅੰਗਰੇਜ਼ਾਂ ਨੇ ਹੰਸ ਰਾਜ ਨੂੰ ਇਸ ਲਈ ਦੇਸ਼ ਤੋਂ ਬਾਹਰ ਮਹਿਫੂਜ਼ ਥਾਂ ‘ਤੇ ਭੇਜ ਦਿੱਤਾ ਸੀ।
ਮਾਰਚ ੧੯੨੦ ‘ਚ ਜਨਰਲ ਡਾਇਰ ਨੂੰ ਜਲੰਧਰ ਤੋਂ ਵਾਪਸ ਬੁਲਾ ਲਿਆ ਸੀ।੧੯੧੯ ਸਾਕੇ ਤੋਂ ਬਾਅਦ ਹੰਟਰ ਕਮੇਟੀ ਬਣਾਈ ਗਈ।ਵਿਲੀਅਮ ਹੰਟਰ ਇਸ ਕਮੇਟੀ ਦੇ ਚੇਅਰਮੈਨ ਸਨ।ਇਹ ਰਿਪੋਰਟ ੪੬ ਦਿਨਾਂ ‘ਚ ਤਿਆਰ ਕੀਤੀ ਗਈ।ਉਹਨਾਂ ਸਾਲਾਂ ‘ਚ ਭਾਰਤ ਦੇ ਵੱਖ ਵੱਖ ਥਾਵਾਂ ‘ਚੋਂ ਅੰਮ੍ਰਿਤਸਰ, ਲਾਹੌਰ, ਗੁਜਰਾਤ, ਰਾਵਲਪਿੰਡੀ ਅਤੇ ਗੁਜਰਾਂਵਾਲਾ ਵੀ ਹਿੰਸਕ ਘਟਨਾਵਾਂ ਹੋਈ।ਕਮੇਟੀ ਨੇ ਇਹਨਾਂ ਥਾਵਾਂ ‘ਤੇ ਜਾਕੇ ਰਿਪੋਰਟ ਤਿਆਰ ਕੀਤੀ।ਹੰਟਰ ਕਮੇਟੀ ਦੀ ਰਿਪੋਰਟ ਇਨਸਾਫ ਦੇ ਨਾਮ ‘ਤੇ ਘੱਟਾ ਹੀ ਸੀ।ਹੰਟਰ ਕਮੇਟੀ ਨੇ ਡਾਇਰ ਦੀ ਕਾਰਵਾਈ ਨੂੰ ਅਣਮਨੁੱਖੀ ਕਿਹਾ ਪਰ ਕਿਸੇ ਵੀ ਤਰ੍ਹਾਂ ਸਾਫ ਐਕਸ਼ਨ ਦੀ ਕੋਈ ਸਿਫਾਰਸ਼ ਨਹੀਂ ਕੀਤੀ।ਹੰਟਰ ਕਮੇਟੀ ਸਾਹਮਣੇ ਡਾਇਰ ਨੇ ਆਪਣੇ ਆਪ ਨੂੰ ਸਹੀ ਦੱਸਿਆ।ਇੰਗਲੈਂਡ ਦਾ ਹਾਊਸ ਆਫ ਕਾਮਨ ਬਹੁਮਤ ਤੋਂ ਡਾਇਰ ਦੇ ਹੱਕ ‘ਚ ਹੀ ਭੁਗਤਿਆ।
ਉਹ ਅਫ਼ਸਰ…ਬਾਗ਼ੀ ਫ਼ਰੰਗੀ: ਪਰਮਜੀਤ ਮੀਸ਼ਾ
ਸੱਚ ਨੂੰ ਜਾਣਨ ਤੇ ਖੋਜਣ ਦੀ ਚਾਹਤ ਮਨੁੱਖ ਦੀ ਸੁਭਾਵਕ ਬਿਰਤੀ ਹੈ। ਸੱਚ ਦੀ ਤਲਾਸ਼ ਨੇ ਹੀ ਮਨੁੱਖੀ ਇਤਿਹਾਸ ਦੇ ਕਈ ਪੁਰਾਤਨ ਤੱਥਾਂ ਨੂੰ ਸ਼ੱਕ ਦੇ ਕਟਹਿਰੇ ਤੱਕ ਪਹੁੰਚਾਇਆ ਹੈ। ਹਿੰਦੋਸਤਾਨ ਦੀ ਆਜ਼ਾਦੀ ਦੇ ਸੰਘਰਸ਼ ਨਾਲ ਜੁੜੇ ਕਈ ਇਤਿਹਾਸਕ ਪੰਨੇ ਅਜੇ ਵੀ ਨਿਰਪੱਖ ਖੋਜ ਦੀ ਉਡੀਕ ਵਿੱਚ ਹਨ। ਅਜਿਹੇ ਪੰਨਿਆਂ ਵਿੱਚੋਂ ਹੀ ਜੱਲ੍ਹਿਆਂ ਵਾਲਾ ਬਾਗ਼ ਦਾ ਸਾਕਾ ਜਿੱਥੇ ਇਕ ਦਰਦਨਾਕ ਕਤਲੇਆਮ ਦੀ ਘਟਨਾ ਵਜੋਂ ਸਾਡੀਆਂ ਸਿਮਰਤੀਆਂ ਵਿੱਚ ਮੌਜੂਦ ਹੈ, ਓਥੇ ੧੮੫੭ ਦੇ ਗ਼ਦਰ ਤੋਂ ਬਾਅਦ ਇਕ ਅਜਿਹੀ ਦੂਜੀ ਵੱਡੀ ਬਗ਼ਾਵਤ ਵਜੋਂ ਵੀ ਮਾਨਤਾ ਰੱਖਦਾ ਹੈ, ਜਿਸਨੇ ਹਿੰਦੋਸਤਾਨ ਵਿੱਚੋਂ ਬ੍ਰਿਟਿਸ਼ ਰਾਜ ਦੇ ਖ਼ਾਤਮੇ ਦੀ ਨੀਂਹ ਰੱਖੀ। ਇਸ ਘਟਨਾ ਤੋਂ ਬਾਅਦ ਬ੍ਰਿਟਿਸ਼ ਹਕੂਮਤ ਖ਼ਿਲਾਫ਼ ਆਮ ਲੋਕਾਂ ਦੇ ਦਿਲਾਂ ਵਿਚਲਾ ਰੋਸ ਰੋਹ ਅਤੇ ਨਫ਼ਰਤ ਵਿੱਚ ਤਬਦੀਲ ਹੋਣ ਲੱਗ ਪਿਆ।
ਸੱਚ ਤੱਕ ਪੁੱਜਣ ਦੀ ਸੁਭਾਵਕ ਚਾਹਤ ਨੇ ਹੀ ਮੈਨੂੰ ਇਕ ਅਜਿਹੇ ਸਫ਼ਰ ‘ਤੇ ਚੱਲਣ ਦਾ ਮੌਕਾ ਓਦੋਂ ਪ੍ਰਦਾਨ ਕੀਤਾ ਜਦੋਂ ਮੈ ਪਾਕਿਸਤਾਨੀ ਪੰਜਾਬੀ ਅਦੀਬ ਨੈਣ ਸੁੱਖ ਦੀ ਕਿਤਾਬ ‘ਆਈ ਪੁਰੇ ਦੀ ਵਾਅ’ ਵਿਚਲੀ ਕਹਾਣੀ ’ਕੰਮ ਵਾਲੀ’ ਪੜ੍ਹਣੀ ਸ਼ੁਰੂ ਕੀਤੀ। ਇਹ ਕਹਾਣੀ ਪਾਕਿਸਤਾਨੀ ਰੇਡੀਓ, ਟੀ.ਵੀ. ਅਤੇ ਫ਼ਿਲਮੀ ਆਰਟਿਸਟ ਆਲੀਆ ਬੇਗਮ ਬਾਰੇ ਸੀ, ਜਿਸਨੇ ਆਪਣੀ ਹਯਾਤੀ ਦਾ ਸਫ਼ਰ ਕੰਮ ਵਾਲੀ ਤੋਂ ਘਰ ਵਾਲੀ ਅਤੇ ਫਿਰ ਘਰ ਵਾਲੀ ਤੋਂ ਕੰਮ ਵਾਲੀ ਤੱਕ ਕਿਵੇਂ ਤੇ ਕਿੰਨੀ ਵਾਰ ਹੰਢਾਇਆ। ਪਰ ਮੇਰਾ ਸਾਰਾ ਧਿਆਨ ਕਹਾਣੀ ਵਿਚਲੇ ਅਣਵੰਡੇ ਹਿੰਦੋਸਤਾਨ ਨਾਲ ਸਬੰਧਿਤ ਉਹਨਾਂ ਤੱਥਾਂ ਵੱਲ ਸੀ, ਜਿਹਨਾਂ ਬਾਰੇ ਭਾਰਤੀ ਇਤਿਹਾਸਕਾਰ ਜਾਂ ਤਾਂ ਅਨਜਾਣ ਸਨ ਜਾਂ ਰਾਜਨੀਤਿਕ ਕਾਰਨਾਂ ਕਰਕੇ ਅੱਜ ਤੱਕ ਚੁੱਪ ਹਨ ।
ਕਹਾਣੀ ਦੀ ਨਾਇਕਾ ਆਲੀਆ ਬੇਗਮ ਦੀ ਵੱਡੀ ਭੈਣ ਬਸ਼ੀਰ ਬੇਗਮ ਲਾਹੌਰ ਦੇ ਇਕ ਆਨਰੇਰੀ ਮੈਜਿਸਟਰੇਟ ਅਸਲਮ ਬੇਗ ਨਾਲ ਵਿਆਹੀ ਹੋਈ ਸੀ। ਤੁਰਕੀ ਪਿਛੋਕੜ ਦਾ ਵਿਖਾਵਾ ਕਰਨ ਵਾਲਾ ਇਹ ਜੱਜ ਲੁਕਵੇਂ ਢੰਗ ਨਾਲ ਇੰਡੀਅਨ ਨੈਸ਼ਨਲ ਕਾਂਗਰਸ ਦੇ ਸਿਆਸੀ ਕੈਦੀਆਂ ਦੀ ਜੇਲ੍ਹ ਵਿੱਚ ਮਦਦ ਕਰਦਾ ਸੀ, ਉਹਨਾਂ ਦੀਆਂ ਜ਼ਮਾਨਤਾਂ ਕਰਵਾਉਂਦਾ ਸੀ ਅਤੇ ਗੰਗਾਧਰ ਦੇ ਨਾਂ ਹੇਠ ਫ਼ਰੰਗੀ ਸਰਕਾਰ ਖ਼ਿਲਾਫ਼ ਤਿੱਖੇ ਲੇਖ ਵੀ ਲਿਖਦਾ ਸੀ। ‘ਮਿਲਾਪ’ ਅਖ਼ਬਾਰ ਦੇ ਦਫ਼ਤਰ ਵਿੱਚੋਂ ਹੀ ਇਸ ਜੱਜ ਦੇ ਖ਼ਿਲਾਫ਼ ਮੁਖ਼ਬਰੀ ਹੋਈ ਅਤੇ ਜਿੰਨੀ ਦੇਰ ਵਿੱਚ ਖ਼ੁਫ਼ੀਆ ਪੁਲਿਸ ਗੰਗਾਧਰ ਨੂੰ ਦਬੋਚਣ ਲਈ ਜੱਜ ਸਾਹਿਬ ਦੀ ਹਵੇਲੀ ‘ਚ ਪਹੁੰਚਦੀ, ਓਨੀ ਦੇਰ ‘ਚ ਅਸਲਮ ਬੇਗ ਆਪਣੀ ਬੀਵੀ ਤੇ ਸਾਲੀ ਸਮੇਤ ਫ਼ਰਾਰ ਹੋ ਗਿਆ।
ਇਹ ਤਿੰਨੋ ਮਫ਼ਰੂਰ ਲੁਕਦੇ- ਛੁਪਦੇ ਲਾਹੌਰੋਂ ਮੁਲਤਾਨ, ਹੈਦਰਾਬਾਦ, ਸਿੰਧ, ਮੀਰਪੁਰ ਖ਼ਾਸ, ਜੋਧਪੁਰ, ਪਾਲਨਪੁਰ, ਹੁੰਦੇ ਹੋਏ ਅਹਿਮਦਾਬਾਦ ਪੁੱਜੇ। ਅਗਲੇ ਸਫ਼ਰ ਲਈ ਭਾੜਾ ਨਾ ਹੋਣ ਕਾਰਨ ਲਾਵਾਰਸਾਂ ਹਾਰ ਸਟੇਸ਼ਨ ‘ਤੇ ਬੈਠਿਆਂ ਨੂੰ ਕੁਲੀ ਅਬਦੁੱਲ ਰਹਿਮਾਨ ਨੇ ਸਹਾਰਾ ਦਿੱਤਾ। ਜੱਜ (ਅਸਲਮ ਬੇਗ) ਤੇ ਕੁਲੀ (ਅਬਦੁੱਲ ਰਹਿਮਾਨ) ਦੀ ਦੁਸ਼ਮਣ-ਦੋਸਤੀ ਓਦੋਂ ਰਿਸ਼ਤੇਦਾਰੀ ਵਿੱਚ ਤਬਦੀਲ ਹੋ ਗਈ, ਜਦੋਂ ਇਹ ਰਾਜ਼ ਖੁੱਲ੍ਹਾ ਕਿ ਅਬਦੁੱਲ ਰਹਿਮਾਨ ਅਸਲ ਵਿੱਚ ਜੇਮਜ਼ ਵਿਲੀਅਮ ਮੈਸੀ ਹੈ। ਬਰਤਾਨਵੀ ਫ਼ੌਜ ਦੀ ਫ਼ਸਟ ਗੈਰੀਸਨ ਬਟਾਲੀਅਨ ਦਾ ਉਹ ਆਇਰਸ਼ ਅਫ਼ਸਰ ਜਿਹੜਾ ਕਿਸੇ ਸਮੇਂ ਅੰਮ੍ਰਿਤਸਰ ਦਾ ਕਮਾਂਡਿੰਗ ਅਫ਼ਸਰ ਸੀ।
ਇਸੇ ਅਫ਼ਸਰ ਨੇ ੧੩ ਅਪ੍ਰੈਲ ੧੯੧੯ ਨੂੰ ਜੱਲ੍ਹਿਆਂ ਵਾਲਾ ਬਾਗ਼ ਵਿਖੇ ਰੌਲਟ ਐਕਟ ਦਾ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਲੋਕਾਂ ਉਪਰ ਗੋਲੀ ਚਲਾਉਣ ਤੋਂ ਇਨਕਾਰ ਕੀਤਾ ਸੀ। ਇਸ ਨਾਫ਼ਰਮਾਨੀ ਕਾਰਨ ਉਸਨੂੰ ਕੋਰਟ ਮਾਰਸ਼ਲ ਦਾ ਸਾਹਮਣਾ ਕਰਨਾ ਪਿਆ ਅਤੇ ਕੈਦ ਹੋਣ ਉਪਰੰਤ ਉਸਨੇ ਫ਼ਰਾਰ ਹੋ ਕੇ, ਭੇਸ ਬਦਲ ਕੇ ਬ੍ਰਿਟਿਸ਼ ਕਾਫ਼ਲਿਆਂ ਨੂੰ ਲੁੱਟਣ ਅਤੇ ਭਾਰਤੀ ਅਜ਼ਾਦੀ ਘੁਲਾਟੀਆਂ ਦੀ ਮਦਦ ਕਰਨ ਨੂੰ ਹੀ ਆਪਣਾ ਜੀਵਨ ਮਕਸਦ ਬਣਾ ਲਿਆ। ਜਨਰਲ ਡਾਇਰ ਦੇ ਉਸ ਅਣਮਨੁੱਖੀ ਹੁਕਮ ਕਾਰਨ ਵਾਪਰੇ ਦੁਖਾਂਤ ਤੋਂ ੧੦੦ ਸਾਲ ਬਾਅਦ ਅੱਜ ਕੈਪਟਨ ਮੈਸੀ ਦੇ ਸਤਿਕਾਰ ਵਿੱਚ ਮੇਰਾ ਸਿਰ ਇਸ ਲਈ ਝੁਕ ਰਿਹਾ ਹੈ ਕਿ ੧੩ ਅਪ੍ਰੈਲ ੧੯੧੯ ਦੀ ਵਿਸਾਖੀ ਨੂੰ ‘ਖ਼ੂਨੀ ਵਿਸਾਖੀ’ ਬਣਾਉਣ ਵਾਲੇ ਜਨਰਲ ਡਾਇਰ ਨੂੰ ਸ੍ਰ੍ਰੀ ਹਰਿਮੰਦਰ ਸਾਹਿਬ ਤੋਂ (੩੦ ਅਪ੍ਰੈਲ ੧੯੧੯) ਸਿਰੋਪਾ ਦਵਾਉਣ ਵਾਲੇ ਸ. ਅਰੂੜ ਸਿੰਘ ਬਾਰੇ ਤਾਂ ਸਾਡੇ ਕੋਲ ਜਾਣਕਾਰੀ ਮੌਜੂਦ ਹੈ ਪਰ ਉਸ ਕਤਲੇਆਮ ਦਾ ਭਾਗੀਦਾਰ ਬਣਨ ਤੋਂ ਇਨਕਾਰ ਕਰਨ ਵਾਲੇ ਦੀ ਜੁਰਅੱਤ ਸਬੰਧੀ ਇਕ ਅੱਖਰ ਵੀ ਮੌਜੂਦ ਨਹੀਂ।
ਜਦੋਂ ਇਸ ਸਬੰਧੀ ਕੁਝ ਵਧੇਰੇ ਜਾਣਨ ਦੀ ਇੱਛਾ ਅਧੀਨ ਸਬੰਧਿਤ ਸਮੱਗਰੀ ਨੂੰ ਘੋਖਿਆ-ਫਰੋਲਿਆ ਤਾਂ ਇਹ ਤੱਥ ਸਾਹਮਣੇ ਆਉਣੇ ਸ਼ੁਰੂ ਹੋਏ ਕਿ ਬ੍ਰਿਗੇਡੀਅਰ ਜਨਰਲ ਰੇਗੀਨਲਡ ਡਾਇਰ ਨੂੰ ਉਸ ਸਮੇਂ ਪੰਜਾਬ ਦੇ ਲੈਫ਼ਟੀਨੈਂਟ ਗਵਰਨਰ ਮਾਇਕਲ ਓਡਵਾਇਰ ਨੇ ਕਈ ਸੀਨੀਅਰ ਅਫ਼ਸਰਾਂ ਨੂੰ ਨਜ਼ਰਅੰਦਾਜ਼ ਕਰਕੇ ਚੁਣਿਆਂ ਸੀ।
੧੦ ਅਪੈਲ ੧੯੧੯ ਨੂੰ ਡਾ. ਸੈਫ਼ੂਦੀਨ ਕਿਚਲੂ ਤੇ ਡਾ. ਸਤਿਆਪਾਲ ਦੀ ਰਿਹਾਈ ਖ਼ਾਤਿਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਮਾਇਲਜ਼ ਇਰਵਿੰਗ ਨੂੰ ਮਿਲਣ ਲਈ ਹਾਲ ਬਜ਼ਾਰ ਵੱਲੋਂ ਸਿਵਲ ਲਾਇਨਜ਼ ਵੱਲ ਵਧਦੀ ਭੀੜ ਅਤੇ ਫ਼ੌਜ ਦਰਮਿਆਨ ਝੜਪਾਂ ਹੋਈਆਂ ਤਾਂ ਭੰਨ-ਤੋੜ ਦੀਆਂ ਘਟਵਾਨਾਂ ਕਾਰਨ ਅੰਮ੍ਰਿਤਸਰ ਦਾ ਚਾਰਜ ਸ਼ਾਮ ਨੂੰ ੪ ਵਜੇ ਮੇਜਰ ਮੈਕਡੋਨਲਡ ਨੂੰ ਸੌਂਪਣਾ ਪਿਆ। ਨਿਗੇਲ ਕੋਲਿਟ ਦੀ ਪੁਸਤਕ ‘ਦ ਬੁੱਚਰ ਔਫ਼ ਅੰਮ੍ਰਿਤਸਰ’ ਵਿੱਚ ਦਰਜ ਕੈਪਟਨ ਮੈਸੀ ਦੀ ਲਿਖਤੀ ਸਟੇਟਮੈਂਟ ਅੰਮ੍ਰਿਤਸਰ ਸ਼ਹਿਰ ਲਈ “ਦੀ ਸਿਚੂਏਸ਼ਨ ਵਾਸ ਕੁਆਇਟ” ਸ਼ਬਦਾਂ ਦੀ ਵਰਤੋਂ ਕਰਦੀ ਹੈ, ਜਿਸਦੀ ਤਸਦੀਕ ਮੇਜਰ ਮੈਕਡੋਨਲਡ ਵੀ ਕਰਦਾ ਹੈ। ਪਰ ਓਡਵਾਇਰ ਤਾਂ ਸ਼ਾਇਦ ਕੁਝ ਹੋਰ ਹੀ ਸੋਚ ਰਿਹਾ ਸੀ …
੧੧ ਅਪ੍ਰੈਲ ਨੂੰ ਮੇਜਰ ਮੈਕਡੋਨਲਡ ਤੋਂ ੧੨੪ ਬਲੋਚ ਬਟਾਲੀਅਨ ਦੇ ਕਰਨਲ ਮੌਰਗਨ ਨੂੰ ਚਾਰਜ ਦੇਣਾ ਪੈਂਦਾ ਹੈ ਕਿਉਂਕਿ ਮੈਕਡੋਨਲਡ ਉਹ ਕੁਝ ਕਰਨ ਲਈ ਹਿਚਕਚਾਹਟ ਜ਼ਾਹਰ ਕਰ ਰਿਹਾ ਸੀ, ਜੋ ਸਰਕਾਰ ਚਾਹੁੰਦੀ ਸੀ। ਮੌਰਗਨ ਦੇ ਪਹੁੰਚਣ ਤੋਂ ਪਹਿਲਾਂ ਹੀ ਜਨਰਲ ਡਾਇਰ ੧੬ ਵੀਂ ਡਵੀਯਨ (ਲਾਹੌਰ) ਦੇ ਮੇਜਰ ਜਨਰਲ ਸਰ ਵਿਲੀਅਮ ਬੈਨਿਅਨ ਦਾ ਟੈਲੀਗ੍ਰਾਫ਼ਕ ਆਰਡਰ ਲੈ ਕੇ ਅੰਮ੍ਰਿਤਸਰ ਦਾ ਚਾਰਜ ਸੰਭਾਲ ਲੈਂਦਾ ਹੈ ਅਤੇ ੧੩ ਅਪ੍ਰੈਲ ਵਾਲੇ ਦਿਨ ੫੪ ਵੀਂ ਸਿੱਖ ਰੈਜੀਮੈਂਟ, ਚੋਣਵੇਂ ਨਿਪਾਲੀ, ਗੋਰਖੇ, ਬਲੋਚੀ ਤੇ ਪਠਾਣ ਜਵਾਨਾਂ ਨਾਲ ਜੱਲ੍ਹਿਆਂ ਵਾਲਾ ਬਾਗ ਦੇ ਮੁੱਖ ਰਾਹ ‘ਤੇ ਮੋਰਚਾ ਸੰਭਾਲ ਲੈਂਦਾ ਹੈ।
ਅਸਲ ਵਿੱਚ ਓਡਵਾਇਰ ਡਾਇਰ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਸੀ ਕਿ “ਬ੍ਰਿਟਿਸ਼ ਹਕੂਮਤ ਆਪਣੀ ਇੱਛਾ ਅਨੁਸਾਰ ਜਦੋਂ ਚਾਹੇ, ਜਿੱਥੇ ਚਾਹੇ, ਜੋ ਚਾਹੇ ਕਰ ਸਕਦੀ ਹੈ।” ਡਰ ਦੀ ਭਾਵਨਾ ਨੂੰ ਖ਼ੌਫ਼ ਵਿੱਚ ਤਬਦੀਲ ਕਰਨ ਲਈ ਹੀ ਉਸਨੇ ਭੀੜ ਨੂੰ ਖਿੰਡ ਜਾਣ ਦੀ ਵਾਰਨਿੰਗ ਦਿੱਤੇ ਬਗ਼ੈਰ ੩੦੩ ਲੀ ਇਨਫੀਲਡ ਬੋਲਟ ਐਕਸ਼ਨ ਰਾਈਫਲ ਵਾਲੇ ੫੦ ਜਵਾਨਾਂ ਨੂੰ ਨਿਸ਼ਾਨਾਂ ਸਾਧ ਕੇ ਗੋਲੀ ਚਲਾਉਣ ਦਾ ਹੁਕਮ ਇਕ ਵਾਰ ਨਹੀਂ, ਬਾਰ ਬਾਰ ਦੁਹਰਾਇਆ। ਉਸ ਮੌਕੇ ੧੦ ਤੋਂ ੧੫ ਮਿੰਟ ਤੱਕ ਚੱਲੀਆਂ ਹੋਲੀਆਂ ਭੀੜ ਨੂੰ ਖਿੰਡਾਉਣ ਦੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਸਨ ਸਗੋਂ ਨਿਹੱਥੇ, ਭੱਜਦੇ, ਡਿੱਗਦੇ, ਲੋਕਾਂ ਦਾ ਪਿੱਛਾ ਕਰ ਕਰ ਕੇ ਉਹਨਾਂ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ।
ਜੱਲ੍ਹਿਆਂ ਵਾਲਾ ਬਾਗ਼ ਵਿਖੇ ਚਲਾਈ ਗੋਲੀ ਅਤੇ ਉਸ ਤੋਂ ਬਾਅਦ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਵਿਸ਼ੇਸ ਤੌਰ ‘ਤੇ ਲਗਾਏ ਗਏ ਮਾਰਸ਼ਲ ਲਾਅ ਦੌਰਾਨ ਦਿੱਤੀਆਂ ਸਜ਼ਾਵਾਂ ਦੀ ਛਾਣਬੀਣ ਕਰਨ ਵਾਲੀ ਬਣਾਈ ਗਈ ਹੰਟਰ ਕਮੇਟੀ ਅਨੁਸਾਰ ਜੱਲ੍ਹਿਆਂ ਵਾਲਾ ਬਾਗ਼ ਵਿਖੇ ੧੬੫੦ ਰਾਊਂਡ ਫ਼ਾਇਰ ਕੀਤੇ ਗਏ ਜਿਸ ਕਾਰਨ ੩੭੯ ਬੰਦੇ ਮਰੇ ਅਤੇ ੧੨੦੦ ਜ਼ਖ਼ਮੀ ਹੋਏ। ਗ਼ੈਰ ਸਰਕਾਰੀ ਅੰਕੜਿਆਂ ਅਨੁਸਾਰ ਮਰਨ ਗਿਣਤੀ ਇਸ ਤੋਂ ਕਿਤੇ ਜ਼ਿਆਦਾ ਸੀ, ਕਿਉਂਕਿ ਲੋਕਾਂ ਨੇ ਡਰਦਿਆਂ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੇ ਨਾਂ ਹੀ ਦਰਜ ਨਹੀਂ ਕਰਵਾਏ ਅਤੇ ਸਰਕਾਰ ਨੇ ਜੂਨ ੧੯੧੯ ਤੱਕ ਲੱਗੇ ਮਾਰਸ਼ਲ ਲਾਅ ਦਾ ਫ਼ਾਇਦਾ ਉਠਾਉਂਦਿਆਂ ਕਾਫ਼ੀ ਸਬੂਤ ਖ਼ੁਰਦ-ਪੁਰਦ ਵੀ ਕਰ ਦਿੱਤੇ।
ਸਲਤਨਤ-ਏ-ਬਰਤਾਨੀਆਂ ਦੇ ਜਰਨੈਲਾਂ ਵੱਲੋਂ ਬਰਤਾਨਵੀ ਤਾਜ ਦੀ ਦਹਿਸ਼ਤ ਨੂੰ ਬਣਾਈ ਰੱਖਣ ਲਈ ਕੀਤੀਆਂ ਇਹੋ ਜਿਹੀਆਂ ਕਈ ਘਿਣਾਉਣੀਆਂ ਕੋਸ਼ਿਸ਼ਾਂ ਦਾ ਲੰਮਾ ਇਤਿਹਾਸ ਮੌਜੂਦ ਹੈ। ਫਰਵਰੀ ੧੬੯੨ ਵਿੱਚ ੩੮ ਸਕੌਟਿਸ਼ ਹਾਈਲੈਂਡਰਜ਼ ਨੂੰ ਅਤੇ ਅਕਤੂਬਰ ੧੮੬੫ ਵਿੱਚ ਗਵਰਨਰ ਐਡਵਰਡ ਜ੍ਹੌਨ ਈਅਰ ਦੀ ਕਮਾਂਡ ਹੇਠ ਜਮਾਇਕਾ ਵਿਖੇ ੪੩੯ ਕਾਲੇ ਬਾਗ਼ੀਆਂ ਨੂੰ ਕਤਲ ਕੀਤਾ ਗਿਆ। ਕਰੌਕ ਪਾਰਕ, ਡਬਲਿਨ ਵਿਖੇ ੨੧ ਨਵੰਬਰ ੧੯੨੦ ਨੂੰ ਆਇਰਸ਼ ਫੁੱਟਬਾਲ ਮੈਚ ਵੇਖਦੇ ਨਿਹੱਥੇ ਲੋਕਾਂ ਉਤੇ ਚਲਾਈ ਗੋਲੀ ਵਿੱਚ ੩੨ ਜਣੇ ਮਰੇ, ਜਿਸਨੂੰ ਇਤਿਹਾਸਕਾਰ ‘ਬੱਲਡੀ ਸੰਡੇ’ ਵਜੋਂ ਯਾਦ ਕਰਦੇ ਹਨ।
ਗੁਜ਼ਰੇ ਅਤੀਤ ਦੇ ਕੁਝ ਪੰਨੇ ਮੈਂ ਵੀ ਫ਼ਰੋਲੇ (ਜੋਗਿੰਦਰ ਸ਼ਮਸ਼ੇਰ ਦੀ ਪੁਸਤਕ ੧੯੧੯ ਦਾ ਪੰਜਾਬ) ਤਾਂ ੨੮ ਮਈ ੧੯੧੯ ਨੂੰ ਓਡਵਾਇਰ ਦੀ ਰਿਟਾਇਰਮੈਂਟ ਮੌਕੇ ਮਜੀਠੀਏ ਸਰਦਾਰ ਵੱਲੋਂ ਆਪਣੀ ਵਫ਼ਾਦਾਰੀ ਵਿਖਾਉਣ ਲਈ ਪੜ੍ਹੇ ਸ਼ਬਦ ਲੱਭ ਗਏ: “ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁਝ ਬੁਰੇ ਇਰਾਦੇ ਵਾਲੇ ਲੋਕਾਂ ਵੱਲੋਂ ਇਸ ਧਰਤੀ ਦੇ ਅਮਨ ਨੂੰ ਤਬਾਹ ਕਰਨ ਲਈ ਸ਼ਰਾਰਤੀ ਕੋਸ਼ਿਸ਼ਾਂ ਕੀਤੀਆਂ ਗਈਆਂ ਅਤੇ ਕੁਝ ਥਾਵਾਂ ਤੇ ਅਜਿਹੀਆਂ ਜ਼ਾਲਮਾਨਾਂ ਹਰਕਤਾਂ ਕੀਤੀਆਂ ਗਈਆਂ ਜਿਸ ਨਾਲ ਇਸ ਸੂਬੇ ਦੇ ਪਵਿੱਤਰ ਨਾਮ ਨੂੰ ਧੱਬਾ ਲੱਗਾ। ਪਰ ਹਜ਼ੂਰ (ਮਾਈ ਬਾਪ!) ਨੇ ਹਾਲਾਤ ‘ਤੇ ਸਖ਼ਤੀ ਨਾਲ ਕਾਬੂ ਪਾ ਕੇ ਅਤੇ ਠੀਕ ਤਰੀਕੇ ਅਪਨਾ ਕੇ ਇਸ ਬੁਰਿਆਈ ਦਾ ਖ਼ਾਤਮਾ ਕਰ ਦਿੱਤਾ।”
ਮਜੀਠੀਏ ਸਰਦਾਰ ਤੋਂ ਇਲਾਵਾ ਹੋਰ ੨੭ ਸਿੱਖ, ੨੪ ਮੁਸਲਮਾਨ ਤੇ ੪੨ ਹਿੰਦੂ ਦੀਵਾਨ ਬਹਾਦਰ ਤੇ ਖਾਨ ਬਹਾਦਰਾਂ ਦੇ ਨਾਂ ਵੀ ਮਿਲਦੇ ਹਨ ਜਿਹਨਾਂ ਦੇ ਮੂੰਹੋਂ ਓਡਵਾਇਰ ਦੀ ਉਸਤਤਿ ਲਈ ਕਿਰੇ ਮੋਤੀ ਇਤਿਹਾਸ ਦੀਆਂ ਪੁਸਤਕਾਂ ‘ਚ ਮਹਿਫ਼ੂਜ਼ ਹਨ ਪਰ ਕੈਪਟਨ ਮੈਸੀ ਦੇ ਬ੍ਰਿਟਿਸ਼ ਸਰਕਾਰ ਵਿਰੋਧੀ ਕਾਰਨਾਮਿਆਂ ਨੂੰ ਦਰਸਾਉਣ ਵਾਲਾ ਹਦਾਇਤ ਉੱਲਾ ਦਾ ਲਿਖਿਆ ਕਿੱਸਾ ‘ਬਾਗ਼ੀ ਫ਼ਰੰਗੀ’ ਮੌਜੂਦ ਨਹੀਂ।
‘ਬਾਗ਼ੀ ਫ਼ਰੰਗੀ’ ਕਿੱਸਾ ਕੈਪਟਨ ਮੈਸੀ ਦੀ ਸ਼ਰੀਕੇ-ਹਯਾਤ ਰਹੀ ਆਲੀਆ ਬੇਗਮ ਨੂੰ ਓਦੋਂ ਮਿਲਿਆ ਜਦੋਂ ਉਹ ੧੯੪੭ ਦੀ ਵੰਡ ਤੋਂ ਬਾਅਦ ਭਾਰਤ ਤੋਂ ਲਾਹੌਰ ਪੁੱਜੀ। ਕੈਪਟਨ ਮੈਸੀ ਨਾਲ ਵਿਆਹੀ ਹੋਣ ਕਾਰਨ ਆਲੀਆ ਬੇਗਮ ਨੂੰ ਪਾਕਿਸਤਾਨੀ ਪੰਜਾਬ ਵਿੱਚ ਬਹੁਤ ਇੱਜ਼ਤ ਦੀ ਨਿਗਾਹ ਨਾਲ ਵੇਖਿਆ ਜਾਂਦਾ ਸੀ, ਜਿਸਦੀ ਤਸਦੀਕ ਆਲੀਆ ਬੇਗਮ ਦਾ ਚੌਥੇ ਸ਼ੌਹਰ ‘ਚੋਂ ਪੈਦਾ ਹੋਇਆ ਪੁੱਤਰ ਮੁਅੱਜ਼ਮ ਸ਼ੇਖ਼ ਵੀ ਕਰਦਾ ਹੈ ਪਰ ਨੈਣ ਸੁੱਖ ਨੂੰ ਆਲੀਆ ਬੇਗਮ ਕੋਲੋਂ ਉਹ ਕਿੱਸਾ ਨਾ ਮਿਲ ਸਕਿਆ।
ਕੈਪਟਨ ਮੈਸੀ ਸਬੰਧੀ ਜਿਹੜੀ ਹੋਰ ਜਾਣਕਾਰੀ ਮਿਲਦੀ ਹੈ, ਉਹਦੀ ਸੱਚਾਈ ਨੂੰ ਤਸਦੀਕ ਕਰਨ ਲਈ ਤੱਥ ਮੌਜੂਦ ਨਹੀਂ ਹਨ। ਬ੍ਰਿਟਿਸ਼ ਨੌਕਰੀ ਤੋਂ ਫ਼ਾਰਗ ਹੋਣ ਉਪਰੰਤ ਉਸਨੇ ਫ਼ਸਟ ਬਹਾਵਲਪੁਰ ਇਨਫ਼ੈਂਟਰੀ ‘ਚ ਨੌਕਰੀ ਕੀਤੀ ਅਤੇ ਕਰਨਲ ਵਜੋਂ ਰਿਟਾਇਰ ਹੋਇਆ। ਕਿਉਂਕਿ ਉਸਨੇ ਇਸਲਾਮ ਧਰਮ ਅਪਨਾ ਲਿਆ ਸੀ, ਇਸ ਲਈ ਉਸਨੂੰ ਤੇ ਬੇਗਮ ਅਬਦੁੱਲ ਰਹਿਮਾਨ ਨੂੰ ਡੇਰਾ ਨਵਾਬ ਸਾਹਿਬ ਦੇ ਆਰਮੀ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ ਅਤੇ ਉਸਦੀ ਯਾਦ ਵਿੱਚ ਰਾਵਲਪਿੰਡੀ ਵਿਖੇ ਇਕ ਗੇਟ ਵੀ ਉਸਾਰਿਆ ਗਿਆ ਪਰ ਆਲੀਆ ਬੇਗਮ ਨੂੰ ਇੰਟਰਵਿਊ ਕਰ ਚੁੱਕੇ ਨੈਣ ਸੁੱਖ ਅਜਿਹੀ ਸਾਰੀ ਜਾਣਕਾਰੀ ਨੂੰ ਮਹਿਜ਼ ਦੰਤ-ਕਥਾ ਜਿੰਨੀ ਅਹਿਮੀਅਤ ਦੇਂਦੇ ਹਨ ਅਤੇ ਨਾ ਹੀ ਇੰਪੀਰੀਅਲ ਗੈਜ਼ੇਟੀਅਰ ਅਤੇ ਬਹਾਵਲਪੁਰ ਦਾ ਸਰਕਾਰੀ ਗਜ਼ਟ ਇਹਨਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ।
ਜੱਲ੍ਹਿਆਂ ਵਾਲਾ ਬਾਗ਼ ਦੇ ਸਾਕੇ ਦਾ ਇਹ ਅਧੂਰਾ ਪੰਨਾ ਅੱਜ ਵੀ ਉਡੀਕ ਰਿਹਾ ਹੈ ਕੈਪਟਨ ਮੈਸੀ ਬਾਰੇ ਲਿਖੇ ‘ਬਾਗ਼ੀ ਫ਼ਰੰਗੀ’ ਕਿੱਸੇ ਵਿਚਲੇ ਤੱਥਾਂ ਨੂੰ ਜਾਨਣ ਲਈ ਤਾਂ ਜੋ ਦੋਵੇਂ ਬੰਨੇ ਦੇ ਪੰਜਾਬੀ ਉਸ ਫ਼ਰੰਗੀ ਦੋਸਤ ਦੀ ਫ਼ਰੰਗੀ ਸਰਕਾਰ ਨਾਲ ਨਿਭਾਈ ਦੁਸ਼ਮਣੀ ਤੋਂ ਜਾਣੂ ਹੋ ਸਕਣ।
ਰਬਿੰਦਰਨਾਥ ਟੈਗੋਰ ਦੀ ਚਿੱਠੀ
੩੦ ਮਈ ੧੯੧੯ ਨੂੰ ਰਬਿੰਦਰਨਾਥ ਟੈਗੋਰ ਨੇ ਬਰਤਾਨਵੀ ਸਰਕਾਰ ਦੀ ‘ਨਾਈਟਹੁੱਡ’ ਦੀ ਉਪਾਧੀ ਵਾਪਸ ਕਰ ਦਿੱਤੀ ਸੀ।ਇਹ ਜਲ੍ਹਿਆਂਵਾਲ਼ੇ ਬਾਗ਼ ਦੇ ਸਾਕੇ ਤੋਂ ਬਾਅਦ ਬਰਤਾਨਵੀ ਸਰਕਾਰ ਖ਼ਿਲਾਫ ਰੋਸ ਸੀ ਅਤੇ ਉਪਾਧੀ ਵਾਪਸ ਕਰਦਿਆਂ ਗੁਰੂਦੇਵ ਨੇ ਜੋ ਚਿੱਠੀ ਲਿਖੀ ਸੀ ਉਹ ਇੰਝ ਸੀ- ਹਜ਼ੂਰ !
ਪੰਜਾਬ ਵਿੱਚ ਸਰਕਾਰ ਵੱਲੋਂ ਕੁਝ ਸਥਾਨਕ ਗੜਬੜੀ ਤੇ ਕਾਬੂ ਪਾਉਣ ਲਈ ਚੁੱਕੇ ਗਏ ਸਖਤ ਕਦਮਾਂ ਦੀ ਹੈਵਾਨੀਅਤ ਨੇ ਗਹਿਰੇ ਸਦਮੇ ਨਾਲ ਸਾਡੇ ਮਨਾਂ ‘ਚ ਭਾਰਤ ਵਿੱਚ ਬਰਤਾਨਵੀ ਨਾਗਰਿਕਾਂ ਦੇ ਤੌਰ ‘ਤੇ ਸਾਡੀ ਸਥਿਤੀ ਦੀ ਬੇਬਸੀ ਨੂੰ ਜ਼ਾਹਿਰ ਕੀਤਾ ਹੈ।ਕੁੱਝ ਤਾਜ਼ਾ ਅਤੇ ਦੂਰ ਦੇ ਪ੍ਰਤੱਖ ਅਪਵਾਦਾਂ ਨੂੰ ਛੱਡਕੇ, ਬਦਕਿਸਮਤ ਲੋਕਾਂ ਉੱਪਰ ਥੋਪੀ ਗਈ ਸਜ਼ਾ ਦਾ ਬੇਮੇਲ ਕਹਿਰ ਅਤੇ ਇਸਨੂੰ ਲਾਗੂ ਕਰਨ ਦੇ ਢੰਗ ਨੇ ਸਾਨੂੰ ਯਕੀਨ ਕਰਾ ਦਿੱਤਾ ਹੈ ਕਿ ਸੱਭਿਅਕ ਸਰਕਾਰਾਂ ਦੇ ਇਤਿਹਾਸ ਵਿੱਚ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ।ਇਹ ਵੇਖਦਿਆਂ ਕਿ ਨਿਹੱਥੇ, ਬੇਸਹਾਰਾ ਭਾਵ ਸਾਧਨਹੀਣ ਲੋਕਾਂ ਨਾਲ ਅਜਿਹਾ ਵਰਤਾਉ ਇੱਕ ਅਜਿਹੀ ਸ਼ਕਤੀ ਦੁਆਰਾ ਕੀਤਾ ਗਿਆ, ਜਿਸ ਕੋਲ ਮਨੁੱਖੀ ਜ਼ਿੰਦਗੀਆਂ ਨੂੰ ਤਬਾਹ ਕਰਨ ਲਈ ਭਿਆਨਕ ਕੁਸ਼ਲ ਪ੍ਰਬੰਧ ਹੈ।ਸਾਨੂੰ ਇਹ ਦਾਅਵੇ ਨਾਲ ਕਹਿਣਾ ਪੈ ਰਿਹਾ ਹੈ ਕਿ ਇਹ ਨਾ ਤਾਂ ਸਿਆਸੀ ਸਿਆਣਪ ਹੈ ਅਤੇ ਨਾ ਹੀ ਸਦਾਚਾਰਕ ਢੰਗ ਦਾ ਨਿਆਂਪੂਰਨ ਵਰਤਾਰਾ ਹੈ।ਪੰਜਾਬ ਵਿੱਚ ਸਾਡੇ ਭਰਾਵਾਂ ਨੇ ਜੋ ਅਪਮਾਨ ਸਹਿਆ ਅਤੇ ਤਸ਼ੱਦਦ ਭੋਗੇ, ਉਸ ਬਾਰੇ ਜ਼ੁਬਾਨਬੰਦੀ ਦੇ ਬਾਵਜੂਦ ਕਨਸੋਆਂ ਭਾਰਤ ਦੇ ਹਰੇਕ ਕੋਨੇ ‘ਚ ਪੁੱਜ ਗਈਆਂ ਅਤੇ ਸਾਡੇ ਲੋਕਾਂ ਦੇ ਦਿਲਾਂ ‘ਚ ਵਿਰੋਧ ਦਾ ਸੰਤਾਪ ਉੱਭਰਿਆ, ਜਿਸਨੂੰ ਹੁਕਮਰਾਨਾਂ ਨੇ ਅੱਖੋਂ ਪਰੋਖੇ ਕੀਤਾ ਹੈ।
ਹੋ ਸਕਦਾ ਹੈ ਉਹਨਾਂ ਨੇ ਇਸ ਕਾਰਜ ਨੂੰ ਵਧੀਆ ਸਬਕ ਸਿਖਾਉਣਾ ਸਮਝ ਕੇ ਇੱਕ ਦੂਜੇ ਨੂੰ ਵਧਾਈਆਂ ਵੀ ਦਿੱਤੀਆਂ ਹੋਣ।ਇਸ ਕਠੋਰਤਾ ਦੀ ਬਹੁਤੇ ਐਂਗਲੋ-ਇੰਡੀਅਨ ਅਖ਼ਬਾਰਾਂ ਦੁਆਰਾ ਸ਼ਲਾਘਾ ਕੀਤੀ ਗਈ ਹੈ।ਉਨ੍ਹਾਂ ‘ਚੋਂ ਕਈਆਂ ਨੇ ਸਾਡੇ ਦੁੱਖੜਿਆਂ ਦਾ ਮਖੌਲ਼ ਵੀ ਉਡਾਇਆ ਅਤੇ ਅਜਿਹਾ ਕਰਨ ਤੇ ਓਥੇ ਦੀ ਹਕੂਮਤ ਨੇ ਉਹਨਾਂ ‘ਤੇ ਰਤਾ ਰੋਕ ਨਾ ਲਗਾਈ।ਜਿਸ ਹਕੂਮਤ ਦਾ ਦਾਅਵਾ ਹੈ ਕਿ ਉਹ ਪੀੜਤਾਂ ਦੀ ਨੁਮਾਇੰਦਗੀ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਦਰਦ ਦੀ ਹਰ ਚੀਕ ਅਤੇ ਨਿਰਣੇ ਪ੍ਰਤੀ ਸੰਵੇਦਨਸ਼ੀਲ ਹੈ।ਇਹ ਜਾਣਦਿਆਂ ਕਿ ਸਾਡੀਆਂ ਅਪੀਲ਼ਾਂ ਵਿਅਰਥ ਰਹੀਆਂ ਹਨ ਅਤੇ ਬਦਲੇ ਦੀ ਲਾਲਸਾ ਨੇ ਸਰਕਾਰ ਨੂੰ ਅੰਨ੍ਹਾ ਬਣਾ ਦਿੱਤਾ ਹੈ, ਉਸਨੇ ਸਾਰੀਆਂ ਰਾਜਨੀਤਿਕ ਸ਼੍ਰੇਸ਼ਟਤਾਵਾਂ ਨੂੰ ਤਾਕ ‘ਤੇ ਰੱਖ ਦਿੱਤਾ ਹੈ।ਜਿਹੜੀ ਸਰਕਾਰ ਬੜੀ ਆਸਾਨੀ ਨਾਲ ਇਸਦੀ ਪਦਾਰਥਕ ਅਤੇ ਨੈਤਿਕ ਪਰੰਪਰਾ ਦੇ ਅਨੁਕੂਲ ਉਦਾਰਚਿਤ ਹੋ ਸਕਦੀ ਸੀ।ਮੈਂ ਆਪਣੇ ਦੇਸ਼ ਲਈ ਘੱਟੋ-ਘੱਟ ਜੋ ਕਰ ਸਕਦਾ ਹਾਂ, ਉਹ ਹੈ ਮੇਰੇ ਲੱਖਾਂ ਦੇਸ਼ਵਾਸੀਆਂ, ਜਿਨਾਂ ਨੂੰ ਦਹਿਸ਼ਤ ਦੇ ਗੂੰਗੇ ਸੰਤਾਪ ਦੀ ਹੈਰਾਨੀ ਵਿੱਚ ਧੱਕ ਦਿੱਤਾ ਗਿਆ ਹੈ, ਦੇ ਰੋਸ ਨੂੰ ਆਵਾਜ਼ ਦਿੰਦਿਆਂ, ਇਸ ਵਿੱਚੋਂ ਨਿਕਲਣ ਵਾਲੇ ਸਿੱਟਿਆਂ ਨੂੰ ਆਪਣੇ ਉੱਪਰ ਲੈ ਲਵਾਂ।ਜਦੋਂ ਸਨਮਾਨ ਚਿੰਨ੍ਹ ਬੇਇਜ਼ਤੀ ਦੇ ਆਪਣੇ ਬੇਢਬੇ ਪ੍ਰਸੰਗ ਵਿੱਚ ਸਾਡੀ ਗੈਰਤ ਨੂੰ ਉਘਾੜਦੇ ਹਨ ਅਤੇ ਮੈਂ ਆਪਣੇ ਵੱਲੋਂ ਇਹਨਾਂ ਸਾਰੇ ਵਿਸ਼ੇਸ਼ ਨਿਆਰੇਪੁਣੇ ਤੋਂ ਮੁਕਤ ਹੋਕੇ ਅਤਪਣੇ ਉਹਨਾਂ ਦੇਸ਼ਵਾਸੀਆਂ ਨਾਲ ਖੜਨਾ ਚਾਹੁੰਦਾ ਹਾਂ ਜਿਹੜੇ ਆਪਣੀ ਤਥਾਕਥਿੱਤ ਤੁੱਛਤਾ ਲਈ ਅਜਿਹੀ ਜ਼ਿੱਲਤ ਝੱਲਣ ਲਈ ਮਜਬੂਰ ਹਨ ਜੋ ਮਨੁੱਖੀ ਪ੍ਰਾਣੀਆਂ ਦੇ ਕਾਬਲ ਨਹੀਂ।
ਇਹੀ ਕਾਰਨ ਹੈ ਜਿਨ੍ਹਾਂ ਨੇ ਮੈਨੂੰ ਦਰਦਮਈ ਢੰਗ ਨਾਲ ਹਜ਼ੂਰ ਨੂੰ ਉਚਿਤ ਸਤਿਕਾਰ ਅਤੇ ਅਫਸੋਸ ਸਮੇਤ, ਇਹ ਕਹਿਣ ਲਈ ਮਜਬੂਰ ਕੀਤਾ ਹੈ ਕਿ ਮੈਨੂੰ “ਨਾਈਟਹੁੱਡ” ਦੀ ਉਪਾਧੀ ਤੋਂ ਮੁਕਤ ਕੀਤਾ ਜਾਵੇ ਜਿਹੜਾ ਮੈਨੂੰ ਹਜ਼ੂਰ ਬਾਦਸ਼ਾਹ ਵੱਲੋਂ ਤੁਹਾਡੇ ਪੂਰਵੀ-ਪਦ ਅਧਿਕਾਰੀ ਹੱਥੋਂ ਪ੍ਰਾਪਤ ਕਰਨ ਦਾ ਮਾਣ ਹਸਿਲ ਹੋਇਆ ਸੀ ਜਿਸਦੀ ਵਿਸ਼ਾਲ ਦਿਲੀ ਦਾ ਮੈਂ ਅੱਜ ਵੀ ਬੇਹੱਦ ਸ਼ਲਾਘਾ ਕਰਦਾ ਹਾਂ।
ਤੁਹਾਡਾ ਖ਼ੈਰਖ਼ਵਾਹ
ਰਬਿੰਦਰਨਾਥ ਟੈਗੋਰ
੧੯੪੭…ਭੁੱਲ ਗਏ ਡਾ. ਕਿਚਲੂ
ਡਾ. ਸੈਫ਼ੂਦੀਨ ਕਿਚਲੂ ਨੂੰ ਉਹਨਾਂ ਦੇ ਯੋਗਦਾਨ ਨੂੰ ੧੯੪੭ ਦੀ ਵੰਡ ‘ਚ ਸ਼ਹਿਰ ਭੁੱਲ ਗਿਆ।ਬਟਵਾਰੇ ‘ਚ ਧਰਤੀ ਦੇ ਦੋ ਟੁਕੜੇ ਹੋਏ।ਹੁਣ ਡਾ. ਕਿਚਲੂ ਨੂੰ ਵੇਖਣ ਵਾਲੀ ਅੱਖ ਮੁਸਲਮਾਨ ਵੇਖਦੀ ਸੀ।ਹੈਵਾਨੀਅਤ ਦਾ ਇਹ ਦੌਰ ਕਹਿੰਦਾ ਸੀ ਕਿਹੜਾ ਕਿਚਲੂ ਤੇ ਕਿਹੜਾ ਦੇਸ਼ ਭਗਤ ? ਜੱਲ੍ਹਿਆਂਵਾਲ਼ੇ ਬਾਗ਼ ਦੇ ਉਹ ਨਾਇਕ ਜਿੰਨ੍ਹਾ ਹਿੰਦੂ- ਮੁਸਲਿਮ ਏਕਤਾ ਦੀ ਗੱਲ ਕੀਤੀ ਅੱਜ ਹੱਲਿਆਂ ਦਾ ਸਾਹਮਣਾ ਕਰ ਰਹੇ ਸੀ।ਉਹਨਾਂ ਸਮਿਆਂ ਦੀ ਫਿਰਕੂ ਹਵਾ ਦੇ ਜਨੂੰਨੀਆਂ ਨੇ ਅੰਮ੍ਰਿਤਸਰ ਕਚਹਿਰੀ ਰੋਡ ‘ਤੇ ਉਹਨਾਂ ਦੀ ਕੋਠੀ ਨੂੰ ਘੇਰਾ ਪਾ ਲਿਆ।ਹਥਿਆਰਬੰਦ ਜਨੂੰਨੀਆਂ ਤੋਂ ਉਸ ਸਮੇਂ ਬਚਾਉਣ ਲਈ ਰਬੱ ਦੇ ਬੰਦੇ ਮੇਘ ਸਿੰਘ, ਸੂਬਾ ਸਿੰਘ ਕੋਟ ਧਰਮ ਚੰਦ ਤੇ ਕਾਮਰੇਡ ਗਹਿਲ ਸਿੰਘ ਛੱਜਲ਼ਵੱਢੀ ਅੱਗੇ ਆਏ।ਉਹਨਾਂ ਡਾਕਟਰ ਕਿਚਲੂ ਅਤੇ ਪਰਿਵਾਰ ਨੂੰ ਹਿਫ਼ਾਜ਼ਤ ਨਾਲ ਦਿੱਲੀ ਪਹੁੰਚਾਇਆ ਜਿੱਥੋਂ ਉਹ ਨਵੇਂ ਦੇਸ਼ ਪਾਕਿਸਤਾਨ ਨੂੰ ਰਵਾਨਾ ਹੋਏ।ਅੰਮ੍ਰਿਤਸਰ ਦੀ ਗਲ਼ੀਆਂ ਦਾ ਇਹ ਦੌਰ ਆਖਰ ਡਾਕਟਰ ਕਿਚਲੂ ਕਿਵੇਂ ਯਾਦ ਕਰਦੇ ਰਹੇ ਹੋਣਗੇ? – ਹਵਾਲਾ-ਇੰਦਰ ਸਿੰਘ ਮੁਰਾਰੀ (੧੮੫੧-੧੯੮੧), ਅਣਫੋਲਿਆ ਵਰਕਾ; ਰਵੀ ਸਾਹਿਤ, ੧੯੬੯
ਮਾਈਕਲ ਓਡਵਾਇਰ ਦਾ ਕਤਲ ਅਤੇ ਸ਼ਹੀਦ ਉੱਧਮ ਸਿੰਘ
ਸਾਕਾ ੧੯੧੯ ਵੇਲੇ ਪੰਜਾਬ ਦਾ ਗਵਰਨਰ ਮਾਈਕਲ ਓਡਵਾਇਰ ਸੀ।ਮਾਈਕਲ ਓਡਵਾਇਰ ਅਤੇ ਜਨਰਲ ਡਾਇਰ ੨ ਬੰਦੇ ਇਸ ਸਾਕੇ ਲਈ ਜ਼ਿੰਮੇਵਾਰ ਹਨ।ਇਸ ਸਾਕੇ ਦਾ ਜ਼ਖ਼ਮ ਆਖਰ ਰਾਜ਼ੀ ਕਿਵੇਂ ਹੁੰਦਾ।੨੧ ਸਾਲਾਂ ਬਾਅਦ ਸੁਨਾਮ ਦੇ ਉੱਧਮ ਸਿੰਘ ਨੇ ਕੈਕਸਟਨ ਹਾਲ ਲੰਡਨ ‘ਚ ੧੩ ਮਾਰਚ ੧੯੪੦ ਨੂੰ ਗਵਰਨਰ ਮਾਈਕਲ ਓਡਵਾਇਰ ਨੂੰ ਗੋਲੀਆਂ ਨਾਲ ਭੁੰਨਕੇ ਸਾਕਾ ੧੯੧੯ ਦੇ ਜ਼ਖ਼ਮਾਂ ਦਾ ਬਦਲਾ ਲਿਆ।੧੪ ਮਾਰਚ ੧੯੪੦ ਨੂੰ ਡੇਲੀ ਮੇਲ ਦੀ ਖ਼ਬਰ ਸੀ ਕਿ ਮੁੰਹਮਦ ਸਿੰਘ ਆਜ਼ਾਦ ਨਾਮ ਦੇ ਭਾਰਤੀ ਬੰਦੇ ਨੇ ਓਡਵਾਇਰ ਦਾ ਕਤਲ ਕਰ ਦਿੱਤਾ।
ਵਿਸ਼ੇਸ਼ ਸਹਿਯੋਗ ਅਤੇ ਹਵਾਲੇ
ਅਮਰਜੀਤ ਚੰਦਨ, ਮਾਲਵਿੰਦਰ ਸਿੰਘ ਵੜੈਚ, ਪਰਮਜੀਤ ਮੀਸ਼ਾ, ਕੁਲਵੰਤ ਸਿੰਘ ਸੂਰੀ, ਪਾਰਟੀਸ਼ਨ ਮਿਊਜ਼ੀਅਮ ਅੰਮ੍ਰਿਤਸਰ, ਖ਼ੂਨੀ ਵਿਸਾਖੀ-ਨਾਨਕ ਸਿੰਘ, ਦੀ ਬੁੱਚਰ ਆਫ ਅੰਮ੍ਰਿਤਸਰ-ਨਾਈਜ਼ਲ ਕੋਲਟ-ਰੂਪਾ ਐਂਡ ਕੰਪਨੀ- ੨੦੦੫, ਆਈ ਪੁਰੇ ਦੀ ਵਾਅ-ਨੈਣ ਸੁੱਖ, ਜਲ੍ਹਿਆਂਵਾਲ਼ਾ ਬਾਗ਼-ਰਖ਼ਸ਼ੰਦਾ ਜਲੀਲ, ਏ ਹਿਸਟਰੀ ਆਫ ਦੀ ਨੈਸ਼ਨਲਿਸਟ ਮੂਵਮੈਂਟ ਆਫ ਇੰਡੀਆ-ਸਰ ਵਰਨੇ ਲੋਵੇਟ, ਅੰਮ੍ਰਿਤਸਰ-ਪਾਸਟ ਐਂਡ ਪ੍ਰੈਜ਼ੰਟ-ਵੀ ਐੱਨ.ਦੱਤਾ-ਦੀ ਮਿਊਨਸੀਪਲ ਕਮੇਟੀ, ਅੰਮ੍ਰਿਤਸਰ ੧੯੬੭, ਜਲ੍ਹਿਆਂਵਾਲ਼ਾ ਬਾਗ਼ ੧੯੧੯ ਦੀ ਰੀਅਲ ਸਟੋਰੀ-ਕਿਸ਼ਵਰ ਦੇਸਾਈ, ਜਲ੍ਹਿਆਂਵਾਲਾ ਬਾਗ਼-ਐਨ ਅੰਪਾਇਰ ਆਫ ਫੀਅਰ ਐਂਡ ਦੀ ਮੇਕਿੰਗ ਆਫ ਅੰਮ੍ਰਿਤਸਰ ਮਾਸਕੇਅਰ-ਕਿਮ ਏ. ਵੈਗਨਰ ਤਸਵੀਰਾਂ : ਬ੍ਰਿਟਿਸ਼ ਲਾਇਬ੍ਰੇਰੀ ਅਤੇ ਜਲ੍ਹਿਆਂਵਾਲਾ ਬਾਗ-ਕਿਮ ਏ. ਵੈਗਨਰ
(ਹਰਪ੍ਰੀਤ ਸਿੰਘ ਕਾਹਲੋਂ
ਆਸ਼ੀਆ ਪੰਜਾਬੀ)
ਜੱਲ੍ਹਿਆਂਵਾਲੇ ਬਾਗ਼ ਦਾ ਅਦਬ ਦੇ ਸਫ਼ਿਆਂ ‘ਚ ਜ਼ਿਕਰ……: ਹਰਪ੍ਰੀਤ ਸਿੰਘ ਕਾਹਲੋਂ
ਜਲਿਆਂਵਾਲੇ ਬਾਗ ਦਾ ਸਾਕਾ ਇਤਿਹਾਸ ਦੀ ਵੱਡੀ ਘਟਨਾ ਹੈ।ਉਸ ਦੌਰ ਦੀ ਇਹ ਘਟਨਾ ਉਹਨਾਂ ਸਮਿਆਂ ‘ਚ ਅਖ਼ਬਾਰਾਂ ਅਤੇ ਅਦੀਬਾਂ ਦਾ ਜ਼ਿਕਰ ਕਿਉਂ ਨਾ ਬਣੇ? ਅਫਸੋਸ ਉਸ ਦੌਰ ‘ਚ ਇਹ ਸਾਕਾ ਪੰਜਾਬੀ ਅਤੇ ਬਹੁਤੀਆਂ ਅਖ਼ਬਾਰਾਂ ‘ਚ ਜ਼ਿਕਰ ‘ਚ ਨਹੀਂ ਆਇਆ।ਉਹਨਾਂ ਸਮਿਆਂ ਦੇ ਅਦੀਬਾਂ ਨੂੰ ਸਮੇਂ ਨੇ ਇਹ ਸਵਾਲ ਹਮੇਸ਼ਾ ਪਾਇਆ ਹੈ।ਪਰ ਮੰਟੋ,ਨਾਨਕ ਸਿੰਘ,ਬਾਬੂ ਫ਼ਿਰੋਜ਼ਦੀਨ ਸ਼ਰਫ਼ ਜਹੇ ਅਦੀਬ ਸਨ ਜਿੰਨ੍ਹਾਂ ਇਸ ਸਾਕੇ ਨੂੰ ਆਪਣੀ ਲਿਖਤ ਦਾ ਹਿੱਸਾ ਬਣਾਇਆ।ਪੰਜਾਬੀ ਯੂਨੀਵਰਸਿਟੀ ਵੱਲੋਂ ਗੁਰਦੇਵ ਸਿੰਘ ਸਿੱਧੂ ਹੁਣਾਂ ਦੀ ਕਿਤਾਬ ‘ਸਾਕਾ ਬਾਗ਼-ਏ-ਜੱਲ੍ਹਿਆਂ’ ‘ਚ ਉਹਨਾਂ ਰਚਨਾਵਾਂ ਦਾ ਜ਼ਿਕਰ ਹੈ।ਇਹਨਾਂ ‘ਚੋਂ ਅਬਦੁੱਲ ਕਾਦਰ ਬੇਗ,ਅਮੀਰ ਅਲੀ ਅਮਰ,ਗ਼ੁਲਾਮ ਰਸੂਲ ਲੁਧਿਆਣਵੀ,ਵਿਧਾਤਾ ਸਿੰਘ ਤੀਰ,ਮੁੰਹਮਦ ਹੁਸੈਨ ਅਰਸ਼ਦ ਅਤੇ ਹੋਰ ਅਦੀਬਾਂ ਦੀਆਂ ਰਚਨਾਵਾਂ ਦਾ ਵੀ ਜ਼ਿਕਰ ਮਿਲਦਾ ਹੈ ਜੋ ਇਸ ਸਾਕੇ ਨਾਲ ਸਬੰਧਿਤ ਸਨ।ਸਮੇਂ ਦੀ ਹਕੂਮਤ ਸਮੇਂ ਨੂੰ ਸਵਾਲ ਕਰਦੇ ਸਾਹਿਤ ਤੋਂ ਹਮੇਸ਼ਾ ਖੌਫਜ਼ਦਾ ਰਹਿੰਦਾ ਹੈ।ਉਸ ਦੌਰ ਦਾ ਬਰਤਾਨਵੀ ਸਾਮਰਾਜ ਵੀ ਜੱਲ੍ਹਿਆਂ ਵਾਲੇ ਦੇ ਸਾਕੇ ਨਾਲ ਜੁੜੀ ਹਰ ਰਚਨਾ ਨੂੰ ਦਫਨ ਕਰ ਦੇਣਾ ਚਾਹੁੰਦਾ ਸੀ।ਇਸ ਚਰਚਾ ‘ਚ ਤਿੰਨ ਗੱਲਾਂ ਦਾ ਜ਼ਿਕਰ ਜ਼ਰੂਰੀ ਹੈ।
ਖ਼ੂਨੀ ਵਿਸਾਖੀ-ਨਾਨਕ ਸਿੰਘ
ਪੰਜਾਬੀ ਨਾਵਲਕਾਰ ਨਾਨਕ ਸਿੰਘ ਬਾਬਾ ਸਾਹਬ ਚੌਂਕ ਦੇ ਨੇੜੇ ਗਲੀ ਪੰਜਾਬ ਸਿੰਘ ‘ਚ ਰਹਿੰਦੇ ਸਨ।ਇੱਥੋਂ ਥੌੜ੍ਹੀ ਹੀ ਦੂਰੀ ‘ਤੇ ਜੱਲ੍ਹਿਆਂ ਵਾਲਾ ਬਾਗ਼ ਹੈ।ਇਸ ਸਾਕੇ ‘ਚ ਨਾਨਕ ਸਿੰਘ ਦੇ ਦੋ ਮਿੱਤਰ ਗੋਲੀ ਦਾ ਸ਼ਿਕਾਰ ਹੋਏ ਅਤੇ ਲਾਸ਼ਾਂ ਦੇ ਢੇਰ ਥੱਲੇ ਦੱਬੇ ਨਾਨਕ ਸਿੰਘ ਇਸ ਖ਼ੂਨੀ ਸਾਕੇ ‘ਚ ਬਚ ਗਏ ਪਰ ਉਹਨਾਂ ਨੂੰ ਇੱਕ ਕੰਨ ਤੋਂ ਸੁਣਨਾ ਬੰਦ ਹੋ ਗਿਆ।੩੦ ਮਈ ੧੯੨੦ ‘ਚ ਉਹਨਾਂ ਭਾਈ ਨਾਨਕ ਸਿੰਘ ਕਿਰਪਾਲ ਸਿੰਘ ਪੁਸਤਕਾਂ ਵਾਲੇ ਆਪਣੇ ਪ੍ਰਕਾਸ਼ਣ ਅਧੀਨ ਖ਼ੂਨੀ ਵਿਸਾਖੀ ਰਚਨਾ ਨੂੰ ਪ੍ਰਕਾਸ਼ਿਤ ਕੀਤਾ।ਇਹ ਰਚਨਾ ੪ ਆਨੇ (੨੫ ਪੈਸੇ) ਦੀ ਭੇਟਾ ਨਾਲ ਵਿਕਰੀ ਅਧੀਨ ਸੀ।ਇਹਦਾ ਜ਼ਿਕਰ ਉਹ ਖ਼ੁਦ ੧੯੪੯ ‘ਚ ਆਪਣੀ ਲਿਖੀ ਸਵੈ ਜੀਵਨੀ ‘ਮੇਰੀ ਦੁਨੀਆਂ’ ‘ਚ ਕਰਦੇ ਹਨ ਪਰ ਇਹ ਕਿੱਸਾ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਿਆ ਅਤੇ ਇਸ ਦੀ ਕੋਈ ਵੀ ਕਾਪੀ ਨਾਨਕ ਸਿੰਘ ਦੇ ਪਰਿਵਾਰ ਕੋਲ ਵੀ ਨਾ ਰਹੀ।
ਅੰਮ੍ਰਿਤਸਰ ਰਹਿੰਦੇ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ ਮੁਤਾਬਕ ਇਹ ਕਿੱਸਾ ਉਹਨਾਂ ਤੱਕ ਪ੍ਰੋ. ਕਿਸ਼ਨ ਸਿੰਘ ਗੁਪਤਾ ਮਾਰਫ਼ਤ ਮੁੜ ਪਹੁੰਚਿਆਂ।ਦੂਜੇ ਪਾਸੇ ਇਸ ਕਿੱਸੇ ਵਿੱਚ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਹੁਣਾਂ ਦੀ ਵੀ ਦਿਲਚਸਪੀ ਸੀ।ਉਹਨਾਂ ਮਾਰਫਤ ਵੀ ਇੱਕ ਕਾਪੀ ਉਹਨਾਂ ਨੂੰ ਮਿਲੀ ਜਿਹੜੀ ਸ਼ਾਇਦ ਉਹਨਾਂ ਦਿੱਲੀ ਦੇ ਸਰਕਾਰੀ ਆਰਕਾਈਵਜ਼ ਮਹਿਕਮੇ ਜਾਂ ਲੰਡਨ ਦੀ ਇੰਡੀਆ ਆਫ਼ਿਸ ਲਾਇਬ੍ਰੇਰੀ ‘ਚੋਂ ਹਾਸਲ ਕੀਤੀ।ਇਸ ਕਿੱਸੇ ਬਾਰੇ ਡਾ ਗੁਪਤਾ ਨੇ ਹੀ ਸਭ ਤੋਂ ਪਹਿਲਾਂ ਪੰਜਾਬ ਸਰਕਾਰ ਦੇ ਪਬਲਿਕ ਰਿਲੇਸ਼ਨ ਮਹਿਕਮੇ ਦੇ ਮਾਸਿਕ ਪੱਤਰ ‘ਜਾਗਰਿਤੀ’ ਦੇ ਅਗਸਤ ੧੯੮੦ ਅੰਕ ‘ਚ ਲਿਖਿਆ ਸੀ।ਇਸ ਕਿੱਸੇ ਦਾ ਮੁਹਾਂਦਰਾ ਕਿਹੋ ਜਿਹਾ ਸੀ ਇਹ ਸਾਨੂੰ ਬੋਲੀ ਮਹਿਕਮਾ ਪੰਜਾਬ (ਹੁਣ ਭਾਸ਼ਾ ਵਿਭਾਗ ਪੰਜਾਬ) ਦੇ ਚੇਤਨ ਸਿੰਘ ਦੀ ਕਿਤਾਬ ਪੁਰਾਤਨ ਸਿੱਖ ਲਿਖਤਾਂ ਦੇ ਪੰਨਾ ਨੰਬਰ ੧੧੩ ਤੋਂ ਨਸੀਬ ਹੋਇਆ।
ਸਾਰੇ ਹਿੰਦ ਨੇ ਕਿਹਾ ਇਕ ਜਾਨ ਹੋ ਕੇ
ਰੌਲੇਟ ਬਿੱਲ ਨਾ ਮੂਲ ਮਨਜ਼ੂਰ ਕਰਨਾ।
ਅਸਾਂ ਵਾਰਿਆ ਸਭ ਕੁਝ ਤੁਸਾਂ ਉੱਤੋਂ
ਪਿਆਰ ਨਾ ਦਿਲ ਥੀਂ ਦੂਰ ਕਰਨਾ।
…….
ਰੌਲੇਟ ਬਿਲ ਨੇ ਘਤਿਆ ਆਨ ਰੌਲਾ
ਸਾਰੇ ਹਿੰਦ ਦੇ ਲੋਕ ਉਦਾਸ ਹੋਏ
ਵਾਂਗ ਭੱਠ ਦੇ ਤਪਿਆ ਦੇਸ ਸਾਰਾ,
ਮਾਨੋ ਸਭ ਦੇ ਲਬਾਂ ‘ਤੇ ਸਾਸ ਹੋਏ।
….
ਪੰਜ ਵਜੇ ਅਪ੍ਰੈਲ ਦੀ ਤੇਹਰਵੀਂ ਨੂੰ
ਲੋਕੀਂ ਬਾਗ ਵਲ ਹੋਇ ਰਵਾਨ ਚੱਲੇ
ਦਿਲਾਂ ਵਿਚ ਇਨਸਾਫ਼ ਦੀ ਆਸ ਰੱਖ ਕੇ,
ਸਾਰੇ ਸਿੱਖ ਹਿੰਦੂ ਮੁਸਲਮਾਨ ਚੱਲੇ।
ਇੰਝ ਨਾਨਕ ਸਿੰਘ ਦੀ ਖ਼ੂਨੀ ਵਿਸਾਖੀ ‘ਚ ਪੂਰਾ ਕਿੱਸਾ ਹੈ।ਇਸ ਨੂੰ ਹੁਣ ਮੁੜ ਨਾਨਕ ਸਿੰਘ ਦੇ ਪੋਤਰੇ ਨਵਦੀਪ ਸੂਰੀ (ਰਾਜਦੂਤ ਯੂ.ਏ.ਈ.) ਨੇ ਹਾਰਪਰ ਕੋਲਿਨ ਪ੍ਰਕਾਸ਼ਨ ‘ਚ ਛਾਪਿਆ ਹੈ।ਇਸੇ ਕਿਤਾਬ ਨੂੰ ਲੋਕ ਸਾਹਿਤ ਪ੍ਰਕਾਸ਼ਨ ਨੇ ਮੂਲ ਪੰਜਾਬੀ ਰੂਪ ‘ਚ ਵੀ ਛਾਪਿਆ ਹੈ।ਇਸੇ ਕਿਤਾਬ ‘ਚ ਜਸਟਿਨ ਰੌਲੇਟ ਦਾ ਬਿਆਨ ਵੀ ਹੈ।ਰੌਲੇਟ ਐਕਟ ਨੂੰ ਬਣਾਉਣ ਵਾਲੇ ਸਿਡਨੀ ਰੌਲੇਟ ਜਸਟਿਨ ਰੌਲੇਟ ਦੇ ਪੜਦਾਦਾ ਸਨ।ਜਸਟਿਨ ਪੇਸ਼ੇ ਵੱਜੋਂ ਬੀ.ਬੀ.ਸੀ. ਦੇ ਪੱਤਰਕਾਰ ਹਨ ਅਤੇ ਆਪਣੀ ਭਾਰਤ ‘ਚ ਨੌਕਰੀ ਦੌਰਾਨ ਉਹ ਆਪ ਜੱਲ੍ਹਿਆਂਵਾਲੇ ਬਾਗ਼ ਹਾਜ਼ਰੀ ਲਾ ਕੈ ਗਿਆ ਸੀ।ਇਸ ਦੌਰਾਨ ਨਵਦੀਪ ਸੂਰੀ ਹੁਣਾਂ ਉਹਨਾਂ ਤੱਕ ਪਹੁੰਚ ਕੀਤੀ ਅਤੇ ਜਸਟਿਨ ਨੇ ਵੀ ਆਪਣੇ ਬਿਆਨ ‘ਚ ਆਪਣੇ ਪੜਦਾਦੇ ਦੇ ਐਕਟ ਅਤੇ ਜੱਲ੍ਹਿਆਂਵਾਲੇ ਬਾਗ਼ ਦੀ ਸ਼ਹਾਦਤ ਦਾ ਜ਼ਿਕਰ ਕੀਤਾ ਹੈ।
ਖ਼ੂਨੀ ਵਿਸਾਖੀ ਕਿਤਾਬ ੧੩ ਅਪ੍ਰੈਲ ਨੂੰ ਦਿੱਲੀ,੧੫ ਅਪ੍ਰੈਲ ਨੂੰ ਅੰਮ੍ਰਿਤਸਰ (ਅੰਗਰੇਜ਼ੀ ਅਤੇ ਪੰਜਾਬੀ ਦੋਵੇਂ ਜ਼ੁਬਾਨਾਂ ‘ਚ) ਅਤੇ ੧੮ ਅਪ੍ਰੈਲ ਨੂੰ ਆਬੂਧਾਬੀ ‘ਚ ਪ੍ਰਦਰਸ਼ਿਤ ਕੀਤੀ ਜਾਵੇਗੀ।ਆਬੂਧਾਬੀ ਕਿਤਾਬ ਦੇ ਸਮਾਗਮ ‘ਚ ਸਿਡਨੀ ਰੌਲੇਟ ਦਾ ਪੜਪੋਤਾ ਜਸਟਿਨ ਰੌਲੇਟ ਵੀ ਪਹੁੰਚ ਰਿਹਾ ਹੈ।
ਇਤਿਹਾਸ ਦਾ ਉਹ ਸਫ਼ਾ ਜੀਹਦਾ ਜ਼ਿਕਰ ਨਹੀਂ…
“ਇੱਕ ਸ਼ਾਮ ਮੋਤੀਆ ਰੰਗ ਦੀ ਪੱਗ,ਕਾਲੀ ਅਚਕਣ ਪਾਇਆ ਬੰਦਾ ਸਾਡੇ ਘਰ ਆਇਆ।ਇਹ ੧੯੪੨-੪੩ ਦੇ ਸਾਲਾਂ ਦੀ ਗੱਲ ਹੈ।ਬੰਦੇ ਵੱਲੋਂ ਪੇਸ਼ਕਸ਼ ਹੋਈ ਕਿ ਮੋਟੀ ਕੀਮਤ ਅਦਾ ਕੀਤੀ ਜਾਵੇਗੀ ਅਤੇ ੧੦੦ ਰੁਪਏ ਦੀ ਪੇਸ਼ਗੀ ਹੁਣੇ ਲਓ।ਕਿਉਂ ਕਿ ਉਹ ਜਾਣਦੇ ਸਨ ਕਿ ਨਾਨਕ ਸਿੰਘ ਉਸ ਦੌਰ ‘ਚ ਸਭ ਤੋਂ ਵੱਧ ਪੜ੍ਹੇ ਜਾਂਦੇ ਸਨ।ਕੰਮ ਇਹ ਸੀ ‘ਅੰਗਰੇਜ਼ ਰਾਜ ਦੀਆਂ ਬਰਕਤਾਂ’ ਸਿਰਲੇਖ ‘ਚ ਕਿਤਾਬ ਲਿਖਣੀ ਹੈ ਜਿਸ ‘ਚ ਅੰਗਰੇਜ਼ਾਂ ਦੇ ਭਾਰਤ ‘ਚ ਕੀਤੇ ਵਿਕਾਸ ਕੰਮਾਂ ਦਾ ਵਿਸਥਾਰ ਹੋਵੇ।ਇਹ ਲਾਹੌਰ ਤੋਂ ਪ੍ਰਕਾਸ਼ਕ ਰਾਏ ਬਹਾਦਰ ਮੁਨਸ਼ੀ ਗੁਲਾਬ ਸਿੰਘ ਸਨ।ਨਾਨਕ ਸਿੰਘ ਜਾਣਦੇ ਸਨ ਕਿ ਉਹਨਾਂ ਦੀ ਕਿਤਾਬ ਖ਼ੂਨੀ ਵਿਸਾਖੀ ੧੯੨੦ ‘ਚ ਜ਼ਬਤ ਹੋਈ ਅਤੇ ਗੁਰੂ ਕਾ ਬਾਗ਼ ਮੋਰਚਾ ਤੋਂ ਬਾਅਦ ਲਿਖੀ ਕਿਤਾਬ ‘ਜ਼ਖ਼ਮੀ ਦਿਲ’ ੧੯੨੭ ‘ਚ ਜ਼ਬਤ ਹੋਈ।ਆਖਰ ਅਸੀਂ ਅੰਗਰੇਜ਼ ਸਰਕਾਰ ਖਿਲਾਫ ਜੂਝਦੇ ਉਹਨਾਂ ਦੇ ਬਾਰੇ ਚੰਗਾ ਕਿਵੇਂ ਲਿਖ ਸਕਦੇ ਹਾਂ।ਨਾਨਕ ਸਿੰਘ ਹੁਣਾਂ ਉਹਨਾਂ ਨੂੰ ਲਾਹੌਰ ਜਾਕੇ ੧੦੦ ਰੁਪਏ ਵਾਪਸ ਕਰ ਦਿੱਤੇ।”
ਜਿਵੇਂ ਕਿ ਨਾਨਕ ਸਿੰਘ ਦੇ ਪੁੱਤਰ ਕੁਲਵੰਤ ਸਿੰਘ ਸੂਰੀ ਹੁਣਾਂ ਅੰਮ੍ਰਿਤਸਰ ਸਾਨੂੰ ਆਪਣੇ
ਪਿਤਾ ਬਾਰੇ ਦੱਸਿਆ।
ਰਲ਼ਿਆ ਖ਼ੂਨ ਹਿੰਦੂ ਮੁਸਲਮਾਨ ਏਥੇ: ਬਾਬੂ ਫ਼ਿਰੋਜ਼ਦੀਨ ਸ਼ਰਫ਼
ਨਾਦਰਗਰਦੀ ਵੀ ਹਿੰਦ ਨੂੰ ਭੁੱਲ ਗਈ ਏ,
ਚਲੇ ਇੰਗਲਸ਼ੀ ਐਸੇ ਫ਼ੁਰਮਾਨ ਏਥੇ।
ਕਰਾਂ ਕੇਜੜਿਆਂ ਅੱਖਰਾਂ ਵਿਚ ਜ਼ਾਹਿਰ,
ਜੋ ਜੋ ਜ਼ੁਲਮ ਦੇ ਹੋਏ ਸਾਮਾਨ ਏਥੇ।
ਉਡਵਾਇਰ ਦੀ ਉੱਤੋਂ ਉਡ ਵਾਇਰ ਆਈ,
ਕੀਤੇ ਡਾਇਰ ਨੇ ਹੁਕਮ ਫ਼ਰਮਾਨ ਏਥੇ।
ਇੱਕੋ ਆਨ ਅੰਦਰ ਜ਼ਾਲਮ ਆਨ ਕੇ ਤੇ,
ਦਿੱਤੀ ਮੇਟ ਪੰਜਾਬ ਦੀ ਆਨ ਏਥੇ।
ਕੀਤੀ ਰਾਖੀ ਵਿਸਾਖੀ ਵਿਚ ‘ਜੇਹੀ ਸਾਡੀ,
ਲੱਗੇ ਗੋਲ਼ੀਆਂ ਮਾਰਨ ਸ਼ੈਤਾਨ ਏਥੇ।
ਕਈ ਖੂਹ ਵਿਚ ਡਿੱਗੇ ਸਨ ਵਾਂਗ ਯੂਸਫ਼,
ਮਰ ਗਏ ਕਈ ਤਿਹਾਏ ਇਨਸਾਨ ਏਥੇ।
ਮਹਿੰਦੀ ਲੱਥੀ ਨਹੀਂ ਸੀ ਕਈ ਲਾੜਿਆਂ ਦੀ,
ਹੋ ਗਏ ਲਹੂ ਵਿਚ ਲਹੂ ਲੁਹਾਨ ਏਥੇ।
ਇਤਿਹਾਸ ਦੇ ਇਹਨਾਂ ਸਫ਼ਿਆਂ ‘ਚ ਇਹ ਗੱਲ ਵੀ ਜ਼ਿਕਰ ‘ਚ ਹੈ ਕਿ ‘ਪਬਲੀਕੇਸ਼ਨ ਪ੍ਰੋਸਕ੍ਰਾਈਬਡ ਬਾਈ ਦੀ ਗਵਰਨਮੈਂਟ ਆਫ ਇੰਡੀਆ’ ਦੀ ਬ੍ਰਿਟਿਸ਼ ਲਾਇਬ੍ਰੇਰੀ ੧੯੮੫ ਦੀ ਕਿਤਾਬ ‘ਚ ਉਹਨਾਂ ਕਿਤਾਬਾਂ ਦਾ ਜ਼ਿਕਰ ਹੈ ਜਿਹੜੀਆਂ ਉਹਨਾਂ ਸਮਿਆਂ ‘ਚ ਜ਼ਬਤ ਕੀਤੀਆਂ ਗਈਆਂ।ਇਹ ਗ੍ਰਾਹਮ ਸ਼ਾਅ ਅਤੇ ਮੈਰੀ ਲੋਇਡ ਵੱਲੋਂ ਸੰਪਾਦਿਤ ਕੀਤੀ ਗਈ ਹੈ ਜੋ ਇੰਡੀਆ ਆਫ਼ਿਸ ਲਾਇਬ੍ਰੇਰੀ,ਦਸਤਾਵੇਜ਼ ਅਤੇ ਓਰੀਐਂਟਲ ਮੈਨੂਸਿਕ੍ਰਿਪਿਟ ਅਤੇ ਪ੍ਰਕਾਸ਼ਿਤ ਕਿਤਾਬਾਂ ਦਾ ਮਹਿਕਮਾ ਅਤੇ ਬ੍ਰਿਟਿਸ਼ ਲਾਇਬ੍ਰੇਰੀ ਰੈਂਫਰੇਂਸ ਡਿਵੀਜ਼ਨ ਦੇ ਦਸਤਾਵੇਜ਼ਾਂ ‘ਤੇ ਅਧਾਰਤ ਹੈ।ਇਸ ‘ਚ ਨਾਨਕ ਸਿੰਘ ਹੁਣਾਂ ਦੀ ਖ਼ੂਨੀ ਵਿਸਾਖੀ ਦਾ ਜ਼ਿਕਰ ਨਹੀਂ ਹੈ ਕਿ ਇਹ ਕਿਤਾਬ ਜ਼ਬਤ ਕੀਤੀ ਗਈ ਹੈ।ਇਸ ਦੇ ਬਾਵਜੂਦ ਨਾਨਕ ਸਿੰਘ ਹੁਣਾਂ ਦੀ ਕਿਤਾਬ ਦਾ ਇੱਕ ਸੱਚ ਇਹ ਹੈ ਕਿ ਇਹ ਜ਼ਬਤ ਹੋਈ ਕਿਤਾਬ ਸੀ ਅਤੇ ਬਰਤਾਨਵੀ ਸਾਮਰਾਜ ਨੂੰ ਵੰਗਾਰ ਸੀ।ਇਸ ਤੋਂ ਇਲਾਵਾ ਬਾਬੂ ਫ਼ਿਰੋਜ਼ਦੀਨ ਸ਼ਰਫ਼ ਦੀ ਕਿਤਾਬ ਦੁੱਖਾਂ ਦੇ ਕੀਰਨੇ(੧੯੨੪),ਜਗਨਨਾਥ ਪ੍ਰਸਾਦ ਗੁਪਤਾ ਦੀ ਜੱਲ੍ਹਿਆਂਵਾਲਾ ਬਾਗ ਕਾ ਮਹਾਤਮਾ(੧੯੨੦?),ਹਰਨਾਮ ਸਿੰਘ ਦੀ ਮਸਤ ਪੰਛੀ(੧੯੨੪?) ਅਤੇ ਹੋਰ ਜ਼ਬਤ ਰਚਨਾਵਾਂ ਦਾ ਹਵਾਲਾ ਜ਼ਰੂਰ ਹੈ।