July 7, 2024 7:02 am
Pakistan

ਪਾਕਿਸਤਾਨ ‘ਚ ਹਿੰਦੂ ਔਰਤ ਦੇ ਕਤਲ ਮਾਮਲੇ ‘ਚ ਭਾਰਤੀ ਵਿਦੇਸ਼ ਮੰਤਰਾਲੇ ਦਾ ਬਿਆਨ, ਪਾਕਿਸਤਾਨ ਨਿਭਾਏ ਆਪਣੀ ਜ਼ਿੰਮੇਵਾਰੀ

ਚੰਡੀਗੜ੍ਹ 29 ਦਸੰਬਰ 2022: ਪਾਕਿਸਤਾਨ (Pakistan) ‘ਚ ਹਿੰਦੂ ਔਰਤ ਨਾਲ ਬਲਾਤਕਾਰ ਤੋਂ ਬਾਅਦ ਔਰਤ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਅਤੇ ਕਤਲ ਤੋਂ ਬਾਅਦ ਲਾਸ਼ ਨੂੰ ਖੇਤ ‘ਚ ਸੁੱਟ ਦਿੱਤਾ ਗਿਆ। ਪਾਕਿਸਤਾਨ ‘ਚ ਇਕ ਹਿੰਦੂ ਔਰਤ ਦੇ ਕਤਲ ‘ਤੇ ਭਾਰਤ ਸਰਕਾਰ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੂੰ ਘੱਟ ਗਿਣਤੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਸ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ, ਅਸੀਂ ਵਾਰ-ਵਾਰ ਕਹਿੰਦੇ ਹਾਂ ਕਿ ਪਾਕਿਸਤਾਨ ਨੂੰ ਘੱਟ ਗਿਣਤੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ। ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪਾਕਿਸਤਾਨ ਦੀ ਹੈ। ਅਸੀਂ ਸਿਰਫ ਇਹ ਕਹਾਂਗੇ ਕਿ ਪਾਕਿਸਤਾਨ ਘੱਟ ਗਿਣਤੀਆਂ ਦੀ ਰੱਖਿਆ ਕਰੇ। ਇਹ ਮਾਮਲਾ ਪਾਕਿਸਤਾਨ ਦੇ ਸਿੰਧ ਸੂਬੇ ਦਾ ਹੈ। ਮਹਿਲਾ ਦੇ ਕਤਲ ਤੋਂ ਬਾਅਦ ਹਿੰਦੂ ਸੰਸਦ ਮੈਂਬਰ ਕ੍ਰਿਸ਼ਨਾ ਕੁਮਾਰੀ ਮੌਕੇ ‘ਤੇ ਪਹੁੰਚ ਗਈ। ਕ੍ਰਿਸ਼ਨਾ ਕੁਮਾਰੀ ਨੇ ਮੌਕੇ ‘ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਦਦ ਦਾ ਭਰੋਸਾ ਦਿੱਤਾ।

ਕ੍ਰਿਸ਼ਨਾ ਕੁਮਾਰੀ ਨੇ ਟਵੀਟ ਕੀਤਾ, 40 ਸਾਲਾ ਵਿਧਵਾ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ | ਬਹੁਤ ਬੁਰੀ ਹਾਲਤ ਵਿੱਚ ਔਰਤ ਦੀ ਲਾਸ਼ ਬਰਾਮਦ ਹੋਈ। ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਗਿਆ ਸੀ। ਮੈਂ ਮੌਕੇ ਦਾ ਦੌਰਾ ਕੀਤਾ। ਸਿੰਝੋਰੋ ਅਤੇ ਸ਼ਾਹਪੁਰਚਕਰ ਤੋਂ ਵੀ ਪੁਲਿਸ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

ਜ਼ਿਕਰਯੋਗ ਹੈ ਕਿ ਪਾਕਿਸਤਾਨ ‘ਚ ਘੱਟ ਗਿਣਤੀਆਂ ਦੀ ਹਾਲਤ ਖਰਾਬ ਹੈ। ਜਬਰੀ ਧਰਮ ਪਰਿਵਰਤਨ ਅਤੇ ਘੱਟ ਗਿਣਤੀ ਔਰਤਾਂ ਵਿਰੁੱਧ ਅੱਤਿਆਚਾਰ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸੋਸਾਇਟੀ (IFFRAS) ਦੇ ਅਨੁਸਾਰ, ਪਾਕਿਸਤਾਨ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।