July 4, 2024 9:11 pm
ਤਹਿਸੀਲਦਾਰਾਂ

ਸੂਬੇ ਦੇ ਤਹਿਸੀਲਦਾਰਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਪਟਵਾਰੀਆਂ ਦੇ ਹੱਕ ’ਚ ਕੰਮਕਾਜ ਠੱਪ ਰੱਖਣ ਦਾ ਐਲਾਨ

ਚੰਡੀਗੜ੍ਹ 09 ਮਈ 2022: ਸੂਬੇ ‘ਚ ਮਾਲ ਅਧਿਕਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਚਲੇ ਗਏ ਸਨ । ਇਸ ਮਗਰੋਂ ਹੁਣ ਤਹਿਸੀਲਦਾਰਾਂ ਨੇ ਵੀ ਸਮੂਹਿਕ ਛੁੱਟੀ ‘ਤੇ ਜਾਣ ਦਾ ਐਲਾਨ ਕਰ ਦਿੱਤਾ ਹੈ । ਇਸ ਦੌਰਾਨ ਦੀ ਰੈਵੇਨਿਊ ਅਫ਼ਸਰ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਸੂਬਾ ਭਰ ਦੇ ਤਹਿਸੀਲਦਾਰ, ਨਾਇਬ ਤਹਿਸੀਲਦਾਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਅੱਜ ਸੋਮਵਾਰ ਤੋਂ ਬੁੱਧਵਾਰ ਤੱਕ ਤਿੰਨ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਪਟਵਾਰੀਆਂ ਦੇ ਸੰਘਰਸ਼ ਦੇ ਹੱਕ ’ਚ ਆਪਣਾ ਕੰਮਕਾਜ ਠੱਪ ਰੱਖਣਗੇ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਵਾਂਸ਼ਹਿਰ ਦੇ ਤਹਿਸੀਲਦਾਰ ਕੁਲਵੰਤ ਸਿੰਘ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਮਾਲੇਰਕੋਟਲਾ ਨਾਲ ਸੰਬਧਤ ਪਟਵਾਰੀ ਦੀਦਾਰ ਸਿੰਘ ਨੂੰ ਵਿਜੀਲੈਂਸ ਅਧਿਕਾਰੀਆਂ ਵੱਲੋਂ ਕਥਿਤ ਸਾਜ਼ਿਸ਼ ਦੇ ਅਧੀਨ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਮਾਲ ਅਧਿਕਾਰੀ, ਕਾਨੂੰਗੋ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸਲ ’ਚ ਪਟਵਾਰੀ ਦੀਦਾਰ ਸਿੰਘ ਨਾਲ ਸਬੰਧਤ ਵਿਜੀਲੈਂਸ ਵਿਭਾਗ ਵੱਲੋ ਜ਼ਮੀਨ ਦੀਆਂ ਰਜਿਸਟਰੀਆਂ ਸਹਿਤ ਚੱਲ ਅਤੇ ਅਚੱਲ ਜਾਇਦਾਦ ਬਾਰੇ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਉਸ ’ਚ ਕੋਈ ਸੱਚਾਈ ਨਹੀਂ ਹੈ। ਇਸ ਸਮੇਂ ਪੂਰੇ ਪੰਜਾਬ ’ਚ ਮਾਲ ਵਿਭਾਗ ’ਚ ਪਟਵਾਰੀਆਂ, ਕਾਨੂੰਗੋ ਅਤੇ ਹੋਰ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਭਾਰੀ ਕਮੀ ਪਾਈ ਜਾ ਰਹੀ ਹੈ ਪਰ ਪੰਜਾਬ ਸਰਕਾਰ ਵੱਲੋਂ ਕਦੇ ਵੀ ਖ਼ਾਲੀ ਪਏ ਅਹੁਦਿਆਂ ਨੂੰ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਜਿਸ ਕਾਰਨ ਮਜਬੂਰੀ ’ਚ ਬਾਹਰ ਦੇ ਵਿਅਕਤੀਆਂ ਨੂੰ ਰੱਖ ਕੇ ਕੰਮ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਪਟਵਾਰੀ ਦੀਦਾਰ ਸਿੰਘ ਦੀ ਕਥਿਤ ਗ੍ਰਿਫ਼ਤਾਰੀ ਅਤੇ ਹੋਰ ਮੰਗਾਂ ਨੂੰ ਲੈ ਕੇ ਰੋਸ ਦੇ ਤੌਰ ’ਤੇ ਸੂਬੇ ਦੇ ਸਮੂਹ ਮਾਲ ਅਧਿਕਾਰੀ ਜਿਨ੍ਹਾਂ ’ਚ ਜ਼ਿਲ੍ਹਾ ਮਾਲ ਅਫ਼ਸਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ ਸ਼ਾਮਲ ਹਨ, 9 ਮਈ ਤੋਂ 11 ਮਈ ਤੱਕ ਸਮੂਹਿਕ ਛੁੱਟੀ ’ਤੇ ਰਹਿਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਨਵੇਂ ਵਾਹਨ ਅਤੇ ਸਿਕਿਓਰਟੀ ਦੀ ਮੰਗ ਨੂੰ ਮੰਨਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਮਾਲ ਅਧਿਕਾਰੀਆਂ ’ਚ ਭਾਰੀ ਰੋਸ ਹੈ।