Site icon TheUnmute.com

ਸਿਹਤ ਮੰਤਰੀ ਜੌੜਾਮਾਜਰਾ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਰਾਜ ਪੱਧਰੀ ਕਬੱਡੀ ਮਹਾਂਕੁੰਭ ਦਾ ਆਗਾਜ਼

Khedan Watan Punjab Diaan

ਪਟਿਆਲਾ 15 ਅਕਤੂਬਰ 2022: ‘ਖੇਡਾਂ ਵਤਨ ਪੰਜਾਬ ਦੀਆਂ’ (Khedan Watan Punjab Diaan) ਤਹਿਤ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਦਾ ਆਗ਼ਾਜ਼ ਅੱਜ ਇੱਥੇ ਪੰਜਾਬੀ ਯੂਨੀਵਰਸਿਟੀ (Punjabi University) ਵਿਖੇ ਸਿਹਤ ਤੇ ਪਰਿਵਾਰ ਭਲਾਈ ਤੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਰਵਾਇਆ। ਉਨ੍ਹਾਂ ਦੇ ਨਾਲ ਵਿਧਾਇਕ ਤੇ ਕੌਮਾਂਤਰੀ ਕਬੱਡੀ ਖਿਡਾਰੀ ਗੁਰਲਾਲ ਘਨੌਰ, ਗੁਲਜ਼ਾਰੀ ਮੂਣਕ, ਕੁਲਵੰਤ ਭਲਵਾਨ ਤੇ ਯੂਨੀਵਰਸਿਟੀ ਦੇ ਖੇਡ ਡਾਇਰੈਕਟਰ ਡਾ. ਅਜੀਤਾ ਵੀ ਮੌਜੂਦ ਸਨ।

ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦੇ ਇਸ ਮਹਾਂਕੁੰਭ ਵਿੱਚ ਰਾਜ ਭਰ ਤੋਂ ਆਏ ਸਾਡੇ ਹੋਣਹਾਰ ਕਬੱਡੀ ਖਿਡਾਰੀਆਂ ਨੂੰ ਦੇਖਕੇ ਮਨ ਬਾਗੋ-ਬਾਗ ਹੋ ਗਿਆ ਹੈ ਅਤੇ ਇਹ ਖੇਡਾਂ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਿਤਵੇ ਰੰਗਲੇ ਪੰਜਾਬ ਨੂੰ ਸੱਚ ਸਾਬਤ ਕਰਨ ਵੱਲ ਵਧਦੇ ਕਦਮ ਸਾਬਤ ਹੋ ਰਹੀਆਂ ਹਨ।

ਜੌੜਾਮਾਜਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖੇਡਾਂ ਸਮੇਤ ਖੇਡਾਂ ਨੂੰ ਪ੍ਰਫੁਲਤ ਕਰਨ ਵਾਲੇ ਅਦਾਰਿਆਂ ਵੱਲ ਕੋਈ ਧਿਆਨ ਨਹੀਂ ਦਿੱਤਾ ਪ੍ਰੰਤੂ ਪਹਿਲੀ ਵਾਰ ਆਮ ਲੋਕਾਂ ਦੀ ਪੰਜਾਬ ਵਿੱਚ ਬਣੀ ਸਰਕਾਰ, ਪੰਜਾਬੀ ਯੂਨੀਵਰਸਿਟੀ ਸਮੇਤ ਹੋਰ ਅਦਾਰਿਆਂ ਦਾ ਖੁੱਸਿਆ ਰੁਤਬਾ ਬਹਾਲ ਕਰ ਰਹੀ ਹੈ।

ਵਿਧਾਇਕ ਗੁਰਲਾਲ ਘਨੌਰ ਨੇ ਕਿਹਾ ਕਿ ‘ਖੇਡਾਂ ਵਤਨ ਪੰਜਾਬ ਦੀਆਂ’ ਉਲੰਪੀਅਨ, ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ਦੇ ਖਿਡਾਰੀਆਂ ਦੀ ਪਨੀਰੀ ਪੈਦਾ ਕਰਨਗੀਆਂ, ਜਿਸ ਨੂੰ ਭਗਵੰਤ ਮਾਨ ਸਰਕਾਰ ਸੰਭਾਲੇਗੀ। ਗੁਰਲਾਲ ਘਨੌਰ ਨੇ ਕਿਹਾ ਕਿ ਇਹ ਖੇਡਾਂ ਕਰਵਾ ਕੇ ਮੁੱਖ ਮੰਤਰੀ ਭਗਵੰਤ ਮਾਨ, ਖੇਡ ਮੰਤਰੀ ਗੁਰਮੀਤ ਮੀਤ ਹੇਅਰ ਤੇ ਖੇਡ ਵਿਭਾਗ ਨੇ ਆਪਣੀ ਪਨੀਰੀ ਨੂੰ ਨਾ ਸੰਭਾਲਣ ਦਾ ਉਲਾਂਭਾ ਉਤਾਰ ਦਿੱਤਾ ਹੈ।

ਪੰਜਾਬੀ ਯੂਨੀਵਰਸਿਟੀ ਵਿਖੇ ਕਬੱਡੀ ਮਹਾਂਕੁੰਭ ਮੌਕੇ ਰਾਜ ਭਰ ਤੋਂ 8 ਵਰਗਾਂ ਦੇ 14 ਤੋਂ 17 ਸਾਲ ਅਤੇ 18 ਤੋਂ 41 ਸਾਲ ਤੱਕ ਦੇ 5000 ਦੇ ਕਰੀਬ ਨੈਸ਼ਨਲ ਅਤੇ ਸਰਕਲ ਸਟਾਇਲ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਪੁੱਜੇ ਹੋਏ ਹਨ।ਇਸ ਮੌਕੇ ਡਾਇਰੈਕਟਰ ਈ.ਐਮ.ਆਰ.ਸੀ. ਦਲਜੀਤ ਅਮੀ, ਸਹਾਇਕ ਡਾਇਰੈਕਟਰ ਮਹਿੰਦਰਪਾਲ ਕੌਰ, ਦਲਜੀਤ ਸਿੰਘ ਰੰਧਾਵਾ, ਜੂਡੋ ਦੇ ਕੌਮਾਂਤਰੀ ਖਿਡਾਰੀ ਨਵਜੋਤ ਧਾਲੀਵਾਲ, ਭਲਵਾਨ ਰਣਧੀਰ ਸਿੰਘ ਸਮੇਤ ਕਬੱਡੀ ਕੋਚ, ਖਿਡਾਰੀ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Exit mobile version