July 7, 2024 11:59 am
ਲਿੰਗ ਆਧਾਰਤ ਹਿੰਸਾ

ਪੰਜਾਬ ਸਰਕਾਰ ਵਲੋਂ ਲਿੰਗ ਆਧਾਰਤ ਹਿੰਸਾ ’ਤੇ ਰਾਜ ਪੱਧਰੀ ਜਾਗਰੂਕਤਾ ਸਮਾਗਮ 27 ਨੂੰ ਜਲੰਧਰ ‘ਚ

ਚੰਡੀਗੜ੍ਹ 25 ਅਕਤੂਬਰ 2022: ਪੰਜਾਬ ਸਰਕਾਰ ਵਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਲਿੰਗ ਆਧਾਰਤ ਹਿੰਸਾ ਅਤੇ ਹੋਰਨਾਂ ਨਾਜ਼ੁਕ ਵਿਸ਼ਿਆਂ ’ਤੇ ਜਾਗਰੂਕਤਾ ਵਰਕਸ਼ਾਪਾਂ ਅਤੇ ਟਰੇਨਿੰਗ ਪ੍ਰੋਗਰਾਮ, ਉਪਰੰਤ 27 ਅਕਤੂਬਰ ਨੂੰ ਜਲੰਧਰ ਵਿਖੇ ਲਿੰਗ ਆਧਾਰਤ ਹਿੰਸਾ ’ਤੇ ਰਾਜ ਪੱਧਰੀ ਜਾਗਰੂਕਤਾ ਸਮਾਗਮ ਕਰਵਾਉਣ ਦਾ ਐਲਾਨ ਕੀਤਾ ਹੈ।

ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਇਸ ਰਾਜ ਪੱਧਰੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜ ਕੇ ਲੋਕਾਂ ਨੂੰ ਲਿੰਗ ਆਧਾਰਤ ਹਿੰਸਾ ਦੇ ਨਾਲ-ਨਾਲ ਘਰੇਲੂ ਹਿੰਸਾ, ਦਾਜ ਦੀ ਸਮੱਸਿਆ, ਪੋਕਸੋ ਅਤੇ ਬਾਲ ਵਿਆਹ ਐਕਟ ਆਦਿ ਵਿਸ਼ਿਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਹੋਣ ਦਾ ਸੁਨੇਹਾ ਦੇਣਗੇ ਤਾਂ ਜੋ ਸਮਾਜਿਕ ਬੁਰਾਈਆਂ ਨੂੰ ਠੱਲ ਪਾਉਣ ਵਿਚ ਸਰਗਰਮ ਭੂਮਿਕਾ ਨਿਭਾਈ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਪੱਧਰੀ ਸਮਾਗਮ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਡਾ. ਬਲਜੀਤ ਕੌਰ ਦੇ ਨਿਰਦੇਸ਼ਾਂ ’ਤੇ ਵੱਖ-ਵੱਖ ਜਿਲਿਆਂ ਵਿਚ ਟਰੇਨਿੰਗ ਪ੍ਰੋਗਰਾਮ ਅਤੇ ਵਰਕਸ਼ਾਪਾਂ ਕਰਵਾਈਆਂ ਜਾ ਚੁੱਕੀਆਂ ਹਨ।

ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਪ੍ਰੋਗਰਾਮਾਂ ਦੌਰਾਨ ‘ਵਨ ਸਟਾਪ ਸੈਂਟਰਾਂ’ ਦੇ ਸਟਾਫ ਅਤੇ ਹੋਰ ਸਬੰਧਤ ਅਧਿਕਾਰੀਆਂ ਨੂੰ ਲਿੰਗ ਆਧਾਰਤ ਹਿੰਸਾ, ਇਸਨੂੰ ਅਸਰਦਾਰ ਢੰਗ ਨਾਲ ਰੋਕਣ ਲਈ ਮੌਜੂਦਾ ਕਾਨੂੰਨ ਵਿਵਸਥਾਵਾਂ ਘਰੇਲੂ ਹਿੰਸਾ ਐਕਟ, ਦਾਜ ਰੋਕੂ ਐਕਟ, ਪੋਕਸੋ, ਆਨਲਾਈਨ ਗਾਲੀ ਗਲੋਚ, ਜੁਰਮ ਕਾਨੂੰਨ ਸੋਧ ਐਕਟ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਵਨ ਸਟਾਪ ਸੈਂਟਰਾਂ ਵਿਚ ਅਜਿਹੇ ਮਾਮਲਿਆਂ ਤੋਂ ਪੀੜਤ ਵਿਅਕਤੀਆਂ ਲਈ ਪੰਜਾਬ ਸਰਕਾਰ ਵਲੋਂ ਉਪਲੱਬਧ ਸਹੂਲਤਾਂ ਬਾਰੇ ਜਾਣਕਾਰੀ ਵੀ ਸੂਬੇ ਦੇ ਹਰ ਖੇਤਰ ਵਿਚ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਵਿਭਾਗ ਦੇ ਅਧਿਕਾਰੀਆਂ ਅਤੇ ਸੈਂਟਰਾਂ ਦੇ ਸਟਾਫ ਨੂੰ ਤਾਕੀਦ ਕੀਤੀ ਗਈ ਕਿ ਉਹ ਲਿੰਗ ਆਧਾਰਤ ਹਿੰਸਾ ਦੇ ਪੀੜਤਾਂ ਦੀ ਹਰ ਸੰਭਵ ਮਦਦ ਯਕੀਨੀ ਬਣਾਉਣ।

ਜਿਕਰਯੋਗ ਹੈ ਕਿ ਜਿਲਿਆਂ ਵਿਚ ਵਨ ਸਟਾਪ ਸੈਂਟਰਾਂ ਦੀ ਟਰੇਨਿੰਗ ਅਤੇ ਸਮਰੱਥਾ ’ਚ ਵਾਧਾ ਕਰਨ ਅਤੇ ਕੋਵਿਡ-19 ਰਿਕਵਰੀ ਵਿਸ਼ਿਆਂ ’ਤੇ ਆਧਾਰਤ ਇਹ ਵਰਕਸ਼ਾਪਾਂ ਅਤੇ ਟਰੇਨਿੰਗ ਪ੍ਰੋਗਰਾਮ 28 ਸਤੰਬਰ ਨੂੰ ਅਮ੍ਰਿਤਸਰ ਤੇ ਤਰਨਤਾਰਨ, 30 ਸਤੰਬਰ ਨੂੰ ਗੁਰਦਾਸਪੁਰ ਅਤੇ ਪਠਾਨਕੋਟ, 1 ਅਕਤੂਬਰ ਨੂੰ ਜਲੰਧਰ, ਐਸ.ਬੀ.ਐਸ. ਨਗਰ, ਹੁਸ਼ਿਆਰਪੁਰ ਅਤੇ ਕਪੂਰਥਲਾ ਵਿਖੇ ਕਰਵਾਏ ਗਏ ਸਨ।

ਇਸੇ ਤਰ੍ਹਾਂ ਫਰੀਦਕੋਟ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿਖੇ 3 ਅਕਤੂਬਰ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਮਾਨਸਾ ਵਿਖੇ 12 ਅਕਤੂਬਰ, ਸੰਗਰੂਰ, ਮਲੇਰਕੋਟਲਾ ਤੇ ਬਰਨਾਲਾ ਵਿਖੇ 17 ਅਕਤੂਬਰ ਅਤੇ ਐਸ.ਏ.ਐਸ. ਨਗਰ, ਪਟਿਆਲਾ, ਰੂਪ ਨਗਰ ਅਤੇ ਫਤਹਿਗੜ੍ਹ ਸਾਹਿਬ ਵਿਖੇ 19 ਅਕਤੂਬਰ ਨੂੰ ਕਰਵਾਏ ਗਏ ਸਨ।