Site icon TheUnmute.com

ਸ੍ਰੀ ਮੁਕਤਸਰ ਸਾਹਿਬ: DC ਹਰਪ੍ਰੀਤ ਸਿੰਘ ਸੂਦਨ ਤੇ ਐਸਐਸਪੀ ਵੱਲੋਂ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ

Polling booths

ਸ੍ਰੀ ਮੁਕਤਸਰ ਸਾਹਿਬ 1 ਜੂਨ 2024: ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਹਰਪ੍ਰੀਤ ਸਿੰਘ ਸੂਦਨ ਆਈ.ਏ.ਐਸ ਅਤੇ ਐਸਐਸਪੀ ਭਾਗੀਰਥ ਸਿੰਘ ਮੀਨਾ ਆਈ ਪੀ ਐਸ ਨੇ ਅੱਜ ਲੋਕ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਵੱਖ-ਵੱਖ ਪੋਲਿੰਗ ਬੂਥਾਂ (Polling booths) ਦਾ ਦੌਰਾ ਕਰਕੇ ਉੱਥੇ ਚੋਣ ਪ੍ਰਬੰਧਾਂ ਦਾ ਜਾਇਜ਼ਾ ਲਿਆ।

ਇਸ ਮੌਕੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਲੋਕਾਂ ਨੇ ਚੋਣਾਂ ਵਿੱਚ ਉਤਸਾਹ ਨਾਲ ਭਾਗ ਲਿਆ ਅਤੇ ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਵੋਟਰ ਮਤਦਾਨ ਕੇਂਦਰਾਂ ਤੇ ਪਹੁੰਚੇ। ਉਹਨਾਂ ਦੱਸਿਆ ਕਿ ਮਤਦਾਨ ਕੇਂਦਰਾਂ ਤੇ ਵੋਟਰਾਂ ਲਈ ਛਬੀਲ, ਛਾਂ ਅਤੇ ਹੋਰ ਸਾਰੇ ਢੁਕਵੇਂ ਪ੍ਰਬੰਧ ਕੀਤੇ ਗਏ ਸਨ। ਉਹਨਾਂ ਨੇ ਆਖਿਆ ਕਿ ਮਾਡਲ ਪੋਲਿੰਗ ਬੂਥ, ਗਰੀਨ ਪੋਲਿੰਗ ਬੂਥ, ਪਿੰਕ ਪੋਲਿੰਗ ਬੂਥ, ਯੂਥ ਪੋਲਿੰਗ ਬੂਥ (Polling booths) ਵੀ ਬਣਾਏ ਗਏ ਸਨ। ਇਸ ਮੌਕੇ ਉਨਾਂ ਨੇ ਚੋਣ ਅਮਲੇ ਦੀ ਹੌਸਲਾ ਅਫਜਾਈ ਵੀ ਕੀਤੀ।

ਉਹਨਾਂ ਦੇ ਨਾਲ ਦੌਰਾ ਕਰ ਰਹੇ ਐਸ ਐਸ ਪੀ ਭਾਗੀਰਥ ਸਿੰਘ ਮੀਨਾ ਨੇ ਆਖਿਆ ਕਿ ਪੁਲਿਸ ਵੱਲੋਂ ਜਿਲ੍ਹੇ ਵਿੱਚ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਅਤੇ ਰਾਜਸਥਾਨ ਅਤੇ ਹਰਿਆਣੇ ਨਾਲ ਲੱਗਦੀ ਸਰਹੱਦ ਨੂੰ ਵੀ ਸ਼ੀਲ ਕੀਤਾ ਗਿਆ ਸੀ। ਦੂਜੇ ਜ਼ਿਲ੍ਹਿਆਂ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਪੂਰੀ ਚੌਕਸੀ ਰੱਖੀ ਜਾ ਰਹੀ ਸੀ। ਜਦਕਿ ਹਰੇਕ ਪੋਲਿੰਗ ਬੂਥ ਤੇ ਸੁਰੱਖਿਆ ਵਿਵਸਥਾ ਕੀਤੀ ਗਈ ਸੀ । ਸੰਵੇਦਨਸ਼ੀਲ ਬੂਥਾਂ ਤੇ ਕੇਂਦਰੀ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਸਨ। ਇਸ ਦੌਰਾਨ ਉਨਾਂ ਨੇ ਪਿੰਡ ਮਿਠੜੀ ਬੁੱਧ ਗਿਰ, ਪਿੰਡ ਬਾਦਲ, ਮਲੋਟ ਸ਼ਹਿਰ ਆਦਿ ਦਾ ਦੌਰਾ ਕੀਤਾ।

ਇਸ ਤੋਂ ਪਹਿਲਾਂ ਐਸਐਸਪੀ ਭਾਗੀਰਥ ਮੀਨਾ ਨੇ ਪਿੰਡ ਝਬੇਲ ਵਾਲੀ, ਪਿੰਡ ਵੜਿੰਗ, ਪਿੰਡ ਹਰੀਕੇ ਕਲਾਂ, ਕੋਟਲੀ ਦੀਵਾਨ ਪਿੰਡ ਵਧਾਈ, ਪਿੰਡ ਫੱਤਣਵਾਲਾ, ਪਿੰਡ ਪੰਨੀਵਾਲਾ, ਪਿੰਡ ਆਲਮ ਵਾਲਾ, ਪਿੰਡ ਮਲੋਟ, ਪਿੰਡ ਭਲਾਈਆਣਾ,ਪਿੰਡ ਦੋਦਾ, ਪਿੰਡ ਗੋਨਿਆਣਾ ਵਿੱਚ ਸਰਕਾਰੀ ਸਕੂਲਾਂ ਅੰਦਰ ਚੱਲ ਰਹੇ ਪੋਲਿੰਗ ਬੂਥਾਂ ਦਾ ਦੌਰਾ ਕੀਤਾ ।

Exit mobile version