ਚੰਡੀਗੜ੍ਹ 11 ਜੁਲਾਈ 2022: ਗੰਭੀਰ ਆਰਥਿਕ ਸੰਕਟ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ (Sri Lanka) ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਅਧਿਕਾਰਤ ਤੌਰ ‘ਤੇ ਅਸਤੀਫੇ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਸੂਚਨਾ ਦਿੱਤੀ ਹੈ। ਇਸਦੇ ਨਾਲ ਹੀ ਹੁਣ ਸ੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ ਕੀਤੀ ਜਾਵੇਗੀ |
ਇਸ ਸੰਬੰਧੀ ਜਾਣਕਰੀ ਦਿੰਦਿਆਂ ਸ਼ਹਿਰੀ ਵਿਕਾਸ ਅਤੇ ਆਵਾਸ ਮੰਤਰੀ ਪ੍ਰਸੰਨਾ ਰਣਤੁੰਗਾ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਦੀ ਚੋਣ 20 ਜੁਲਾਈ ਨੂੰ ਹੋਵੇਗੀ। ਰਣਤੁੰਗਾ ਨੇ ਕਿਹਾ ਕਿ ਜੇਕਰ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ 13 ਜੁਲਾਈ ਨੂੰ ਅਸਤੀਫਾ ਦੇ ਦਿੰਦੇ ਹਨ ਤਾਂ ਪਾਰਟੀ ਨੇਤਾਵਾਂ ਨੇ 20 ਜੁਲਾਈ ਨੂੰ ਨਵਾਂ ਪ੍ਰਧਾਨ ਚੁਣਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਦੀ ਮੀਟਿੰਗ ਵਿੱਚ ਹੋਏ ਫੈਸਲੇ ਅਨੁਸਾਰ ਜੇਕਰ ਪ੍ਰਧਾਨ 13 ਜੁਲਾਈ ਨੂੰ ਅਸਤੀਫਾ ਦੇ ਦਿੰਦੇ ਹਨ ਤਾਂ ਪ੍ਰੋਗਰਾਮ ਕੁਝ ਅਜਿਹਾ ਹੀ ਹੋਵੇਗਾ। 15 ਜੁਲਾਈ ਨੂੰ ਸੰਸਦ ਬੁਲਾਈ ਜਾਵੇਗੀ। ਪ੍ਰਧਾਨਗੀ ਲਈ ਨਾਮਜ਼ਦਗੀਆਂ 19 ਜੁਲਾਈ ਨੂੰ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਨਵੇਂ ਪ੍ਰਧਾਨ ਦੀ ਚੋਣ 20 ਜੁਲਾਈ ਨੂੰ ਹੋਵੇਗੀ।