Site icon TheUnmute.com

Sri Hemkunt Sahib: ਭਾਰੀ ਬਰਫ਼ਬਾਰੀ ਕਾਰਨ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਰੋਕੀ

Sri Hemkunt Sahib

ਚੰਡੀਗੜ, 25 ਮਈ 2023: ਉੱਤਰਾਖੰਡ ਦੇ ਉਪਰਲੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਜਾਰੀ ਹੈ। ਇਸ ਕਾਰਨ ਸ੍ਰੀ ਹੇਮਕੁੰਟ ਸਾਹਿਬ (Sri Hemkunt Sahib)  ਦੀ ਯਾਤਰਾ ਅੱਜ ਯਾਨੀ ਵੀਰਵਾਰ ਨੂੰ ਰੋਕ ਦਿੱਤੀ ਹੈ | ਦੇਸ਼ ਦੇ ਪਹਾੜੀ ਇਲਾਕਿਆਂ ਤੋਂ ਲੈ ਕੇ ਮੈਦਾਨੀ ਇਲਾਕਿਆਂ ਤੱਕ ਮੌਸਮ ਬਦਲ ਗਿਆ ਹੈ। ਚਮੋਲੀ ‘ਚ ਬਰਫਬਾਰੀ ਅਤੇ ਮੀਂਹ ਕਾਰਨ ਹੇਮਕੁੰਟ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਵਿੰਦਘਾਟ ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਦੱਸਿਆ ਕਿ ਬੀਤੀ ਰਾਤ ਤੋਂ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੀਂਹ ਪੈ ਰਿਹਾ ਹੈ।ਹਾਲਾਂਕਿ ਬਦਰੀਨਾਥ ਧਾਮ ਦੀ ਯਾਤਰਾ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਦੱਸ ਦਈਏ ਕਿ ਕੇਦਾਰਨਾਥ ਅਤੇ ਯਮਨੋਤਰੀ ਧਾਮ ਵਿੱਚ ਵੀ ਮੌਸਮ ਖ਼ਰਾਬ ਹੈ। ਇੱਥੇ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ, ਜਦਕਿ ਹਿਮਾਲਿਆ ਖੇਤਰ ਵਿੱਚ ਬਰਫਬਾਰੀ ਹੋ ਰਹੀ ਹੈ।

ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਸੀਮਤ ਰਹੇਗੀ। ਇਸ ਤੋਂ ਇਲਾਵਾ ਬਿਮਾਰ ਲੋਕਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਅਗਲੇ ਹੁਕਮਾਂ ਤੱਕ ਹੇਮਕੁੰਟ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਉਤਰਾਖੰਡ ਪੁਲਿਸ ਅਤੇ ਪ੍ਰਸ਼ਾਸਨ ਲਗਾਤਾਰ ਯਾਤਰਾ ‘ਤੇ ਨਜ਼ਰ ਰੱਖ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਚਮੋਲੀ ਨੇ ਅਧੀਨ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਅਤੇ ਯਾਤਰਾ ਦੇ ਰੂਟ ‘ਤੇ ਸਾਰੀਆਂ ਲੋੜੀਂਦੀਆਂ ਸਹੂਲਤਾਂ ਬਾਰੇ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟ੍ਰੇਟ ਨੇ ਖੁਦ ਪੂਰੇ ਰਸਤੇ ‘ਤੇ ਪੈਦਲ ਜਾ ਕੇ ਸਹੂਲਤਾਂ ਦਾ ਨਿਰੀਖਣ ਕੀਤਾ |

Exit mobile version