ਸੁੱਚਾ ਸਿੰਘ ਲੰਗਾਹ

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਤਨਖ਼ਾਹੀਆ ਕਰਾਰ, ਗੁਰਦੁਆਰਾ ਕਮੇਟੀ ਮੈਂਬਰ ਬਣਨ ‘ਤੇ ਵੀ ਲਾਈ ਰੋਕ

ਚੰਡੀਗੜ੍ਹ 26 ਨਵੰਬਰ 2022: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਇਸ ਦੌਰਾਨ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਪਟਨਾ ਸਾਹਿਬ ਤੋਂ ਭਾਈ ਸੁਖਦੇਵ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ ਸ਼ਾਮਲ ਹੋਏ।

ਇਸ ਦੌਰਾਨ ਅਸ਼ਲੀਲ ਵੀਡੀਓ ਸਾਹਮਣੇ ਆਉਣ ਤੇ ਪੰਥ ਵਿੱਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਨੂੰ ਸਿੰਘ ਸਾਹਿਬਾਨ ਨੇ ਤਨਖ਼ਾਹੀਆ ਕਰਾਰ ਦਿੰਦੇ ਹੋਏ 21 ਦਿਨ ਦੀ ਸੇਵਾ ਲਗਾਈ ਹੈ। ਹੁਣ ਸੁੱਚਾ ਸਿੰਘ ਲੰਗਾਹ 1 ਘੰਟਾ ਕੀਰਤਨ ਪਰਿਕਰਮਾ ‘ਚ ਕੀਰਤਨ ਸਰਵਨ ਕਰਨ, 1 ਪਾਠ ਜਪੁਜੀ ਸਾਹਿਬ, 1 ਘੰਟਾ ਬਰਤਨ ਸਾਫ਼ ਕਰਨ ਆਦਿ ਸੇਵਾ ਕਰਨਗੇ। ਇਸਦੇ ਨਾਲ ਹੀ ਸੁੱਚਾ ਸਿੰਘ ਲੰਗਾਹ ਦੇ 5 ਸਾਲ ਲਈ ਗੁਰਦੁਆਰਾ ਕਮੇਟੀ ਦੇ ਮੈਂਬਰ ਬਣਨ ‘ਤੇ ਰੋਕ ਲਗਾ ਦਿੱਤੀ ਹੈ।

ਦੱਸਿਆ ਜਾਂਦਾ ਹੈ ਕਿ ਸੁੱਚਾ ਸਿੰਘ ਲੰਗਾਹ ਖ਼ਿਲਾਫ਼ 29 ਸਤੰਬਰ 2017 ਨੂੰ ਇੱਕ ਮਹਿਲਾ ਕਾਂਸਟੇਬਲ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਸੀ। ਮਹਿਲਾ ਨੇ ਸੁੱਚਾ ਸਿੰਘ ਲੰਗਾਹ ‘ਤੇ ਦੋਸ਼ ਲਾਇਆ ਸੀ ਕਿ ਉਨ੍ਹਾਂ ਨੇ 2009 ਤੋਂ ਉਸ ਦਾ ਜਿਣਸੀ ਸ਼ੋਸ਼ਣ ਕਰ ਰਿਹਾ ਸੀ। ਇਸ ਮਾਮਲੇ ‘ਚ ਇਕ ਵੀਡੀਓ ਕਲਿੱਪ ਵੀ ਸਾਹਮਣੇ ਆਈ ਸੀ। ਇਸਤੋਂ ਬਾਅਦ ਗੁਰਦਾਸਪੁਰ ਪੁਲਿਸ ਨੇ ਲੰਗਾਹ ਖ਼ਿਲਾਫ਼ ਕੇਸ ਦਰਜ ਕਰ ਲਿਆ । 05 ਅਕਤੂਬਰ 2017 ਨੂੰ ਸੁੱਚਾ ਸਿੰਘ ਲੰਗਾਹ ਨੇ ਅਦਾਲਤ ‘ਚ ਆਤਮ ਸਮਰਪਣ ਕਰ ਦਿੱਤਾ । ਹਾਲਾਂਕਿ ਅਦਾਲਤ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਤੋਂ ਪਿੱਛੇ ਹਟਣ ਤੋਂ ਬਾਅਦ ਸੁੱਚਾ ਸਿੰਘ ਲੰਗਾਹ ਨੂੰ ਬਰੀ ਕਰ ਦਿੱਤਾ ਸੀ।

Scroll to Top