ਚੰਡੀਗੜ੍ਹ 08 ਅਕਤੂਬਰ 2022: ਕੇਂਦਰ ਸਰਕਾਰ ਵੱਲੋਂ ਪਾਪੂਲਰ ਫਰੰਟ ਆਫ ਇੰਡੀਆ (PFI) ’ਤੇ ਪਾਬੰਦੀ ਲਾਉਣ ਤੋਂ ਬਾਅਦ ਇਸ ਮੁੱਦੇ ’ਤੇ ਪਹਿਲੀ ਵਾਰ ਬੋਲਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ (Rahul Gandhi) ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਨਫ਼ਰਤ ਫੈਲਾਉਣ ਵਾਲਾ ਵਿਅਕਤੀ ਕੌਣ ਹੈ। ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕਿਸ ਭਾਈਚਾਰੇ ਤੋਂ ਆਉਂਦੇ ਹਨ। ਨਫ਼ਰਤ ਅਤੇ ਹਿੰਸਾ ਫੈਲਾਉਣਾ ਇੱਕ ਦੇਸ਼ ਵਿਰੋਧੀ ਕੰਮ ਹੈ ਅਤੇ ਅਸੀਂ ਅਜਿਹੇ ਲੋਕਾਂ ਵਿਰੁੱਧ ਲੜਾਂਗੇ।
ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਸ਼ਨੀਵਾਰ ਨੂੰ ਕਰਨਾਟਕ ਦੇ ਤੁਮਕੁਰ ‘ਚ ਇਕ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਖਦਸ਼ਿਆਂ ਨੂੰ ਖਾਰਜ ਕਰ ਦਿੱਤਾ ਕਿ ਗਾਂਧੀ ਪਰਿਵਾਰ ਪਾਰਟੀ ਦੇ ਅਗਲੇ ਪ੍ਰਧਾਨ ‘ਤੇ ਰਿਮੋਟ ਕੰਟਰੋਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੇ ਦੋਵੇਂ ਉਮੀਦਵਾਰ ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ -ਮਜ਼ਬੂਤ ਅਤੇ ਚੰਗੀ ਸਮਝ ਵਾਲੇ ਵਿਅਕਤੀ ਹਨ।
ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਨੇ ਅੰਗਰੇਜ਼ਾਂ ਨਾਲ ਲੜਦਿਆਂ ਆਪਣੀਆਂ ਜਾਨਾਂ ਦਿੱਤੀਆਂ। ਰਾਹੁਲ ਨੇ ਕਿਹਾ ਕਿ ਮੇਰੀ ਸਮਝ ਅਨੁਸਾਰ ਆਰਐਸਐਸ ਅੰਗਰੇਜ਼ਾਂ ਦੀ ਮਦਦ ਕਰਦਾ ਸੀ ਅਤੇ ਸਾਵਰਕਰ ਅੰਗਰੇਜ਼ਾਂ ਤੋਂ ਵਜੀਫਾ ਲੈ ਰਿਹਾ ਸੀ। ਇਹ ਇਤਿਹਾਸਕ ਤੱਥ ਹਨ। ਸੁਤੰਤਰਤਾ ਸੰਗਰਾਮ ਵਿੱਚ ਭਾਜਪਾ ਕਿਤੇ ਨਜ਼ਰ ਨਹੀਂ ਆਵੇਗੀ।