Site icon TheUnmute.com

ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਂਦੀਆਂ ਨੇ ਖੇਡਾਂ: ਸਪੀਕਰ ਕੁਲਤਾਰ ਸਿੰਘ ਸੰਧਵਾਂ

ਨਸ਼ਿਆਂ

ਖਰੜ/ਐੱਸ.ਏ.ਐੱਸ.ਨਗਰ, 08 ਸਤੰਬਰ, 2023: ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਪਿਛਲੇ ਸਾਲ ਸ਼ੁਰੂ ਹੋਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਨੂੰ ਹਰ ਉਮਰ ਵਰਗ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਕਿਉਂਕਿ ਉਹ ਮੰਚ ਸਾਰਿਆਂ ਲਈ ਖੁੱਲ੍ਹਾ ਸੀ। ਖੇਡਾਂ ਦੀ ਸਫਲਤਾ ਦੇ ਮੱਦੇਨਜ਼ਰ ਹੁਣ ਪੰਜਾਬ ਸਰਕਾਰ ‘ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -2′ ਕਰਵਾ ਰਹੀ, ਜਿਸ ਨੂੰ ਵੀ ਹਰ ਉਮਰ ਵਰਗ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨੈਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਈ 20ਵੀਂ ਪੰਜਾਬ ਰਾਜ ਨੈਟੱਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਔਰਤਾਂ) ਅਤੇ ਦੂਜੀ ਪੰਜਾਬ ਰਾਜ ਫਾਸਟ-5 ਨੈਟਬਾਲ ਚੈਂਪੀਅਨਸ਼ਿਪ (ਪੁਰਸ਼ ਅਤੇ ਮਹਿਲਾ) 2023-24 ਦੇ ਇਨਾਮ ਵੰਡ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਕੀਤਾ।

ਇਸ ਦੌਰਾਨ ਮੀਡੀਆ ਨੂੰ ਮੁਖ਼ਾਤਿਬ ਹੁੰਦਿਆਂ ਸ. ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਰੂਪੀ ਮੁਸ਼ਕਲ ਦੇ ਹੱਲ ਲਈ ਅਣਥੱਕ ਯਤਨ ਕਰ ਰਹੀ ਹੈ ਤੇ ਸਰਕਾਰ ਇਸ ਸਮੱਸਿਆ ਨਾਲ ਨਜਿੱਠਣ ਲਈ ਵਚਨਬੱਧ ਹੈ। ਪਿਛਲੇ ਇੱਕ ਸਾਲ ਦੌਰਾਨ ਨਸ਼ਿਆਂ ਦੀ ਵੱਡੇ ਪੱਧਰ ’ਤੇ ਬਰਾਮਦਗੀ ਕੀਤੀ ਗਈ ਹੈ ਤੇ ਨਸ਼ਾ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਐਨੀ ਬਰਾਮਦਗੀ ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਨਹੀਂ ਕੀਤੀ।

ਸ. ਸੰਧਵਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ’ਚੋਂ ਕੱਢਣ ਲਈ ਉਨ੍ਹਾਂ ਨੂੰ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨਸ਼ਿਆਂ ਵਿਰੁੱਧ ਇਸ ਜੰਗ ਵਿੱਚ ਆਮ ਲੋਕਾਂ ਦੇ ਸਹਿਯੋਗ ਅਤੇ ਸਮਰਥਨ ਦੀ ਮਹੱਤਤਾ ਨੂੰ ਵੀ ਰੇਖਾਂਕਿਤ ਕੀਤਾ। ਉਹਨਾਂ ਕਿਹਾ ਕਿ ਨੌਜਵਾਨਾਂ ਵਾਸਤੇ ਰੋਜ਼ਗਾਰ ਲਈ ਉਹਨਾਂ ਦੀ ਸਿੱਖਿਆ ਸਮੇਂ ਦੇ ਹਾਣ ਦੀ ਹੋਣੀ ਲਾਜ਼ਮੀ ਹੈ। ਇਸੇ ਦਿਸ਼ਾ ਵਿਚ ਕੰਮ ਕਰਦਿਆਂ ਪੰਜਾਬ ਦੀਆਂ ਉੱਚ ਸਿੱਖਿਆ ਦੀਆਂ ਸਰਕਾਰੀ ਸੰਸਥਾਵਾਂ ਵਿਚ ਏ.ਆਈ. ਵਰਗੇ ਆਧੁਨਿਕ ਕੋਰਸ ਸ਼ੁਰੂ ਕੀਤੇ ਗਏ ਹਨ। ਰਿਆਤ ਬਾਹਰਾ ਯੂਨੀਵਰਸਿਟੀ ਵੀ ਇਸ ਖੇਤਰ ਵਿੱਚ ਵੱਡਾ ਯੋਗਦਾਨ ਪਾ ਰਹੀ ਹੈ। ਉਹਨਾਂ ਨੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਵੱਲੋਂ ਚੈਂਪੀਅਨਸ਼ਿਪ ਕਰਵਾਉਣ ਦੇ ਲਈ ਦਿੱਤੇ ਸਹਿਯੋਗ ਦੀ ਸ਼ਲਾਘਾ ਕੀਤੀ।

ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਦੱਸਿਆ। ਪੰਜਾਬ ਰਾਜ ਨੈਟੱਬਾਲ ਵਿਕਾਸ ਕਮੇਟੀ ਦੇ ਚੇਅਰਮੈਨ ਮਹਿੰਦਰ ਕੁਮਾਰ ਕਪਿਲ ਨੇ ਦੱਸਿਆ ਕਿ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ (ਰਜਿ.) ਪੰਜਾਬ, ਨੈੱਟਬਾਲ ਫੈਡਰੇਸ਼ਨ ਆਫ ਇੰਡੀਆ, ਇੰਟਰਨੈਸ਼ਨਲ ਨੈੱਟਬਾਲ ਫੈਡਰੇਸ਼ਨ, ਏਸ਼ੀਅਨ ਨੈੱਟਬਾਲ ਫੈਡਰੇਸ਼ਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਤੋਂ ਮਾਨਤਾ ਪ੍ਰਾਪਤ ਹੈ ਅਤੇ ਯੁਵਕ ਮਾਮਲੇ ਅਤੇ ਖੇਡਾਂ ਦੇ ਕੇਂਦਰੀ ਮੰਤਰਾਲੇ ਦੁਆਰਾ ਮਾਨਤਾ ਪ੍ਰਾਪਤ ਹੈ।

ਜ਼ਿਕਰਯੋਗ ਹੈ ਕਿ ਕਰਵਾਏ ਗਏ ਮੁਕਾਬਲਿਆਂ ਤਹਿਤ 20ਵੀਂ ਸੀਨੀਅਰ ਸਟੇਟ ਦੇ ਨਤੀਜਿਆਂ ਵਿੱਚ ਪੁਰਸ਼ ਵਰਗ ਵਿੱਚ ਲੁਧਿਆਣਾ ਪਹਿਲੇ, ਫਾਜ਼ਿਲਕਾ ਦੂਜੇ ਅਤੇ ਪਟਿਆਲਾ ਅਤੇ ਤਰਨਤਾਰਨ ਤੀਜੇ ਸਥਾਨ ’ਤੇ ਰਹੇ।ਔਰਤਾਂ ਦੇ ਵਰਗ ਵਿਚ ਪਟਿਆਲਾ ਪਹਿਲੇ, ਬਰਨਾਲਾ ਦੂਜੇ ਅਤੇ ਫਤਿਹਗੜ੍ਹ ਸਾਹਿਬ ਅਤੇ ਬਠਿੰਡਾ ਤੀਜੇ ਸਥਾਨ ’ਤੇ ਰਹੇ। ਦੂਜੀ ਸੀਨੀਅਰ ਸਟੇਟ ਫਾਸਟ-5 ਦੇ ਪੁਰਸ਼ ਵਰਗ ਵਿੱਚ ਲੁਧਿਆਣਾ ਪਹਿਲੇ, ਫਾਜ਼ਿਲਕਾ ਦੂਜੇ ਅਤੇ ਸੰਗਰੂਰ ਅਤੇ ਪਟਿਆਲਾ ਤੀਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਔਰਤਾਂ ਦੇ ਵਰਗ ਵਿੱਚ ਪਟਿਆਲਾ ਪਹਿਲੇ, ਬਠਿੰਡਾ ਦੂਜੇ ਅਤੇ ਫਤਿਹਗੜ੍ਹ ਸਾਹਿਬ ਅਤੇ ਮਲੇਰਕੋਟਲਾ ਤੀਜੇ ਸਥਾਨ ’ਤੇ ਰਹੇ।

ਇਸ ਮੌਕੇ ਰਵਿੰਦਰ ਸਿੰਘ ਐਸ.ਡੀ.ਐਮ ਖਰੜ, ਐਡੀਸ਼ਨਲ ਐਡਵੋਕੇਟ ਜਨਰਲ ਸੁਮਨਦੀਪ ਸਿੰਘ ਵਾਲੀਆ, ਸਮੂਹ ਡੀਨ, ਡਾਇਰੈਕਟਰ ਅਤੇ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

Exit mobile version