Anjum Maudgil

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕੌਮਾਂਤਰੀ ਪੱਧਰ ਦੇ ਨਿਸ਼ਾਨੇਬਾਜ਼ਾਂ ਨੂੰ ਕੀਤਾ ਸਨਮਾਨਿਤ

ਚੰਡੀਗੜ੍ਹ 12 ਸਤੰਬਰ 2022: ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਨਿਸ਼ਾਨੇਬਾਜ਼ੀ ਭਾਰਤ ਦੀ ਅਹਿਮ ਖੇਡ ਬਣ ਗਈ ਹੈ ਅਤੇ ਦੇਸ਼ ਇਸ ਖੇਡ ਵਿੱਚ ਵਿਸ਼ਵ ਸ਼ਕਤੀ ਵਜੋਂ ਉਭਰਿਆ ਹੈ। ਪਿਛਲੇ 18-20 ਸਾਲਾਂ ਦੇ ਅਰਸੇ ਦੌਰਾਨ ਭਾਰਤ ਨੇ ਓਲੰਪਿਕ ਖੇਡਾਂ, ਵਿਸ਼ਵ ਚੈਂਪੀਅਨਸ਼ਿਪ, ਏਸ਼ਿਆਈ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਕਈ ਤਮਗੇ ਜਿੱਤੇ ਹਨ। ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਇਸ ਖੇਡ ਵਿੱਚ ਪੰਜਾਬ ਦੇਸ਼ ਦੀ ਅਗਵਾਈ ਕਰੇਗਾ ਅਤੇ 2024 ਵਿੱਚ ਹੋਣ ਵਾਲੀਆਂ ਪੈਰਿਸ ਓਲੰਪਿਕ ਖੇਡਾਂ ਵਿੱਚ ਭਾਰਤ ਬਿਹਤਰ ਪ੍ਰਦਰਸ਼ਨ ਦਿਖਾਏਗਾ।

ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਬੀਤੀ ਦੇਰ ਸ਼ਾਮ ਨਿਸ਼ਾਨੇਬਾਜ਼ਾਂ ਦੇ ਸਨਮਾਨ ਸਮਾਗਮ ਦੌਰਾਨ ਸੰਬੋਧਤ ਹੁੰਦਿਆਂ ਕਹੀ। ਨਿਸ਼ਾਨੇਬਾਜ਼ ਅੰਜੁਮ ਮੌਦਗਿਲ ਦੀ ਪਹਿਲੀ ਵਿਸ਼ਵ ਰੈਂਕਿੰਗ ਦੇ ਸਬੰਧ ਵਿੱਚ ਅੰਕੁਸ਼ ਭਾਰਦਵਾਜ ਸਪੋਰਟਸ ਫਾਊਡੇਸ਼ਨ ਵੱਲੋਂ ਅੰਬਿਕਾ ਗਰੁੱਪ ਦੇ ਸਹਿਯੋਗ ਨਾਲ ਕਰਵਾਏ ਸਨਮਾਨ ਸਮਾਗਮ ਦੌਰਾਨ ਖੇਡ ਮੰਤਰੀ ਨੇ ਇਸ ਮੌਕੇ ਅੰਜੁਮ ਮੌਦਗਿਲ ਸਮੇਤ ਦੇਸ਼ ਦੇ ਨਾਮੀਂ ਨਿਸ਼ਾਨੇਬਾਜ਼ਾਂ ਗੌਰੀ, ਅਜਿਤੇਸ਼ ਕੌਸ਼ਲ, ਵਿਜੈਵੀਰ ਸਿੱਧੂ, ਉਦੇਵੀਰ ਸਿੱਧੂ, ਵਿਸ਼ਵਾਜੀਤ ਸਿੰਘ, ਸਿਫ਼ਤ ਕੌਰ, ਉਨੀਸ਼, ਸ਼ਿਖਾ ਚੌਧਰੀ, ਨੈਣਾ ਵਰਮਾ, ਸੋਮਿਲ ਚੌਧਰੀ, ਦਿਵੇਸ਼ ਵਰਮਾ, ਦੇਵਾਂਸ਼ ਤੇ ਮਨਰਾਜ ਅਤੇ ਕੋਚ ਦੀਪਾਲੀ ਦੇਸ਼ਪਾਂਡੇ ਸਣੇ ਪਰਵੀਨ ਵਰਮਾ, ਸੁਮੀਤ ਸੋਨੀ, ਅਮਿਤ ਸੂਦ, ਸਾਜਨ ਸ਼ਰਮਾ, ਅਸ਼ਵਨੀ ਸ਼ਰਮਾ ਨੂੰ ਸਨਮਾਨਤ ਕੀਤਾ।

international level shooters

ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਕਿਹਾ ਕਿ ਭਾਰਤ ਨਿਸ਼ਾਨੇਬਾਜ਼ੀ ਖੇਡ ਦਾ ਪ੍ਰਭਾਵ ਇੱਥੋਂ ਤੱਕ ਹੈ ਕਿ ਹਾਲ ਹੀ ਵਿੱਚ ਬਰਮਿੰਘਮ ਵਿਖੇ ਹੋਈਆਂ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦੀ ਤਮਗਾ ਸੂਚੀ ਹੋਰ ਵੀ ਬਿਹਤਰ ਹੁੰਦੀ ਜੇ ਨਿਸ਼ਾਨੇਬਾਜ਼ੀ ਖੇਡ ਨੂੰ ਬਾਹਰ ਨਾ ਰੱਖਿਆ ਹੁੰਦਾ। ਉਨਾਂ ਕਿਹਾ ਕਿ ਪੰਜਾਬ ਦੀ ਧਰਤੀ ਨੇ ਅਭਿਨਵ ਬਿੰਦਰਾ ਦੇਸ਼ ਨੂੰ ਪਹਿਲਾ ਓਲੰਪਿਕ ਚੈਂਪੀਅਨ ਦਿੱਤਾ।

ਪਿਛਲੇ ਸਮੇਂ ਵਿੱਚ ਹੋਏ ਵਿਸ਼ਵ ਕੱਪ ਵਿੱਚ ਅੰਜੁਮ ਮੌਦਗਿਲ, ਅਰਜੁਨ ਬਬੂਟਾ, ਸਿਫ਼ਤ ਕੌਰ, ਵਿਜੇਵੀਰ ਸਿੰਘ ਸਿੱਧੂ ਨੇ ਤਮਗੇ ਜਿੱਤੇ। ਅੰਜੁਮ ਮੌਦਗਿਲ ਦੀ ਨੰਬਰ ਇਕ ਵਿਸ਼ਵ ਰੈਂਕਿੰਗ ਹਾਸਲ ਕੀਤੀ ਸਮੁੱਚੇ ਦੇਸ਼ ਲਈ ਮਾਣ ਵਾਲੀ ਗੱਲ ਹੈ। ਇਸ ਮਹੀਨੇ ਹੋਣ ਵਾਲੀਆਂ ਕੌਮੀ ਖੇਡਾਂ ਵਿੱਚ ਜਿੱਥੇ ਸਾਡੇ ਪੰਜਾਬ ਦੇ 16 ਨਿਸ਼ਾਨੇਬਾਜ਼ ਹਿੱਸਾ ਲੈ ਰਹੇ ਹਨ ਉਥੇ ਅਕਤੂਬਰ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ 10 ਨਿਸ਼ਾਨੇਬਾਜ਼ ਹਿੱਸਾ ਲੈਣ ਜਾ ਰਹੇ ਹਨ।

ਖੇਡ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਖੇਡਾਂ ਨੂੰ ਹੁਲਾਰਾ ਦੇਣ ਲਈ ਵੱਡੇ ਉਪਰਾਲੇ ਕਰ ਰਹੀ ਹੈ। ‘ਖੇਡਾਂ ਵਤਨ ਪੰਜਾਬ ਦੀਆਂ’ ਨਾਲ ਖੇਡ ਪੱਖੀ ਮਾਹੌਲ ਸਿਰਜਿਆ ਜਾ ਰਿਹਾ ਹੈ। ਰਾਸ਼ਟਰਮੰਡਲ ਖੇਡਾਂ ਵਿੱਚ ਨਾਮ ਰੌਸ਼ਨ ਕਰਨ ਵਾਲੇ ਪੰਜਾਬੀ ਖਿਡਾਰੀਆਂ ਨੂੰ 9.30 ਕਰੋੜ ਰੁਪਏ ਦੀ ਇਨਾਮ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਪਹਿਲੀ ਵਾਰ ਹਿੱਸਾ ਲੈਣ ਵਾਲੇ ਖਿਡਾਰੀ ਨਗਦ ਰਾਸ਼ੀ ਨਾਲ ਸਨਮਾਨੇ ਗਏ। ਨਿਸ਼ਾਨੇਬਾਜ਼ੀ ਖੇਡ ਨੂੰ ਵੀ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਸ਼ੂਟਿੰਗ ਰੇਂਜਾਂ ਨੂੰ ਅੱਪਗ੍ਰੇਡ ਕਰਨ ਲਈ 6 ਕਰੋੜ ਰੁਪਏ ਖਰਚੇ ਜਾ ਰਹੇ ਹਨ।

international level shooters

ਮੀਤ ਹੇਅਰ ਨੇ ਕਿਹਾ ਕਿ ਪੰਜਾਬ 2001 ਦੀਆਂ ਕੌਮੀ ਖੇਡਾਂ ਵਿੱਚ ਪਹਿਲੇ ਸਥਾਨ ਉਤੇ ਸੀ ਪਰ ਹੁਣ ਹੌਲੀ ਹੌਲੀ ਪੰਜਾਬ ਦਾ ਸਥਾਨ ਹੇਠਾਂ ਖਿਸਕਦਾ ਜਾ ਰਿਹਾ ਹੈ। ਨਵੀਂ ਖੇਡ ਨੀਤੀ ਮਾਹਿਰਾਂ ਦੀ ਰਾਏ ਨਾਲ ਬਣਾਈ ਜਾ ਰਹੀ ਹੈ। ਗੁਆਂਢੀ ਸੂਬੇ ਹਰਿਆਣਾ, ਉੜੀਸਾ, ਮੱਧ ਪ੍ਰਦੇਸ਼ ਜਿਹੇ ਸੂਬਿਆਂ ਦੀਆਂ ਖੇਡ ਨੀਤੀਆਂ ਤੋਂ ਵੀ ਸੇਧ ਲਈ ਜਾਵੇਗੀ।

ਉਨਾਂ ਕਿਹਾ ਕਿ ਪੰਜਾਬ ਵਿੱਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਬੱਸ ਸਿਰਫ ਲੋੜ ਇਸ ਦੀ ਸ਼ਨਾਖਤ ਕਰਕੇ ਸਹੀ ਮੌਕਾ ਦੇਣ ਦੀ ਹੈ। ਉਨਾਂ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਸਾਜਗਾਰ ਮਾਹੌਲ, ਵਧੀਆ ਖੇਡ ਮੈਦਾਨ, ਕੋਚ, ਖੇਡ ਸਮਾਨ ਅਤੇ ਡਾਈਟ ਦੇਣ ਉਤੇ ਕੰਮ ਕਰ ਰਹੀ ਹੈ। ਉਨਾਂ ਖਿਡਾਰੀਆਂ ਨੂੰ ਸਪਾਂਸਰ ਕਰਨ ਵਾਲਿਆਂ ਦਾ ਵੀ ਧੰਨਵਾਦ ਕੀਤਾ।

ਇਸ ਮੌਕੇ ਰੋਹਤਨ ਡਿਵੀਜ਼ਨ ਦੇ ਕਮਿਸ਼ਨਰ ਤੇ ਹਰਿਆਣਾ ਦੇ ਸਾਬਕਾ ਖੇਡ ਡਾਇਰੈਕਟਰ ਜਗਜੀਤ ਸਿੰਘ ਤੇ ਚੰਡੀਗੜ ਦੇ ਐਸ.ਐਸ.ਪੀ. ਕੁਲਦੀਪ ਚਾਹਲ ਨੇ ਵਿਚਾਰ ਸਾਂਝੇ ਕੀਤੇ। ਅੰਕੁਸ਼ ਭਾਰਦਵਾਜ ਤੇ ਸੰਦੀਪ ਵਿਰਕ ਵੱਲੋਂ ਸਮੂਹ ਮਹਿਮਾਨਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ ਗਿਆ।

Scroll to Top