July 4, 2024 9:45 pm
SpiceJet

SpiceJet: ਸਪਾਈਸਜੈੱਟ ਦੀ ਇਕ ਹੋਰ ਫਲਾਈਟ ‘ਚ ਆਈ ਤਕਨੀਕੀ ਖ਼ਰਾਬੀ, ਉਡਾਣ ‘ਚ ਹੋਈ ਦੇਰੀ

ਚੰਡੀਗੜ੍ਹ 12 ਜੁਲਾਈ 2022: ਸਪਾਈਸਜੈੱਟ (SpiceJet)  ਦੇ ਜਹਾਜ਼ ‘ਚ ਇਕ ਵਾਰ ਫਿਰ ਤਕਨੀਕੀ ਖ਼ਰਾਬੀ ਦਾ ਮਾਮਲਾ ਸਾਹਮਣੇ ਆਇਆ ਹੈ | ਤੁਹਾਨੂੰ ਦੱਸ ਦੇਈਏ ਕਿ 24 ਦਿਨਾਂ ਵਿੱਚ ਸਪਾਈਸਜੈੱਟ ਦੇ ਜਹਾਜ਼ ਵਿੱਚ ਤਕਨੀਕੀ ਖਰਾਬੀ ਦੀ ਇਹ ਨੌਵੀਂ ਘਟਨਾ ਹੈ। ਦੁਬਈ ਤੋਂ ਮਦੁਰਾਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ, ਬੋਇੰਗ B737 MAX ਜਹਾਜ਼ ‘ਚ ਤਕਨੀਕੀ ਖ਼ਰਾਬੀ ਕਾਰਨ ਦੇਰੀ ਹੋ ਗਈ। ਘਟਨਾ ਸੋਮਵਾਰ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਏਅਰਲਾਈਨ ਕੰਪਨੀ ‘ਤੇ ਭੜਾਸ ਨਿਕਲ ਰਹੀ ਹੈ। ਹਾਲਾਂਕਿ ਇਸ ਮਾਮਲੇ ‘ਚ ਕੰਪਨੀ ਵੱਲੋਂ ਸਪੱਸ਼ਟੀਕਰਨ ਵੀ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਬੋਇੰਗ B737 MAX ਜਹਾਜ਼ ਨੇ ਸੋਮਵਾਰ ਨੂੰ ਮੰਗਲੁਰੂ-ਦੁਬਈ ਉਡਾਣ ਦਾ ਸੰਚਾਲਨ ਕੀਤਾ। ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ (ਡੀਜੀਸੀਏ) ਦੇ ਅਧਿਕਾਰੀਆਂ ਨੇ ਪੀਟੀਆਈ ਨੂੰ ਦੱਸਿਆ ਕਿ ਜਹਾਜ਼ ਦੇ ਉਤਰਨ ਤੋਂ ਬਾਅਦ, ਇੱਕ ਇੰਜੀਨੀਅਰ ਨੇ ਮੁਆਇਨਾ ਕੀਤਾ ਅਤੇ ਪਾਇਆ ਕਿ ਅਗਲਾ ਪਹੀਆ ਆਮ ਨਾਲੋਂ ਜ਼ਿਆਦਾ ਖ਼ਰਾਬ ਸੀ।

ਅਧਿਕਾਰੀਆਂ ਨੇ ਦੱਸਿਆ ਕਿ ਇੰਜੀਨੀਅਰ ਨੇ ਫਿਰ ਜਹਾਜ਼ ਨੂੰ ਰੋਕਣ ਦਾ ਫੈਸਲਾ ਕੀਤਾ ਅਤੇ ਸਪਾਈਸ ਜੈੱਟ ਨੇ ਦੁਬਈ-ਮਦੁਰਾਈ ਵਾਪਸੀ ਦੀ ਉਡਾਣ ਚਲਾਉਣ ਲਈ ਮੁੰਬਈ ਤੋਂ ਦੁਬਈ ਲਈ ਇਕ ਹੋਰ ਉਡਾਣ ਭੇਜੀ। ਏਅਰਲਾਈਨ ਨੇ ਬਾਅਦ ਵਿੱਚ ਇੱਕ ਸਪਸ਼ਟੀਕਰਨ ਜਾਰੀ ਕਰਦੇ ਹੋਏ ਕਿਹਾ ਕਿ “ਆਖਰੀ ਸਮੇਂ ਦੀ ਤਕਨੀਕੀ ਸਮੱਸਿਆ” ਕਾਰਨ ਫਲਾਈਟ ਵਿੱਚ ਦੇਰੀ ਹੋਈ ਸੀ।

ਸਪਾਈਸਜੈੱਟ (SpiceJet) ਦੇ ਬੁਲਾਰੇ ਨੇ ਪੀਟੀਆਈ ਨੂੰ ਦੱਸਿਆ, “11 ਜੁਲਾਈ 2022 ਨੂੰ ਦੁਬਈ ਤੋਂ ਮਦੁਰਾਈ ਜਾਣ ਵਾਲੀ ਸਪਾਈਸਜੈੱਟ ਦੀ ਉਡਾਣ SG23 ਆਖ਼ਰੀ ਸਮੇਂ ਵਿੱਚ ਤਕਨੀਕੀ ਸਮੱਸਿਆ ਕਾਰਨ ਦੇਰੀ ਨਾਲ ਰਵਾਨਾ ਹੋਈ। ਇੱਕ ਬਦਲਵੀਂ ਉਡਾਣ ਲਈ ਤੁਰੰਤ ਪ੍ਰਬੰਧ ਕੀਤੇ ਗਏ ਸਨ, ਜਿਸ ਨਾਲ ਯਾਤਰੀਆਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਸੀ। ਇਸ ਨਾਲ ਉਡਾਣ ਵਿੱਚ ਦੇਰੀ ਹੋਈ। ਕੋਈ ਵੀ ਏਅਰਲਾਈਨ ਅਜਿਹੀ ਕੋਈ ਘਟਨਾ ਨਹੀਂ ਵਾਪਰੀ ਜਿਸ ਨਾਲ ਯਾਤਰੀਆਂ ਦੀ ਸੁਰੱਖਿਆ ਨੂੰ ਖ਼ਤਰਾ ਹੋਵੇ।