July 7, 2024 5:56 am
Punjab Government

ਮਾਲ ਵਿਭਾਗ ਨਾਲ ਸਬੰਧਤ ਕੰਮਾਂ ਦੇ ਤੁਰੰਤ ਨਿਪਟਾਰੇ ਲਈ ਕੈਂਪ ‘ਚ ਪੁੱਜੇ ਲੋਕਾਂ ਵੱਲੋਂ ਪੰਜਾਬ ਸਰਕਾਰ ਦਾ ਵਿਸ਼ੇਸ਼ ਧੰਨਵਾਦ

ਸ਼ੇਰਮਾਜਰਾ ਵਿਖੇ ਪਟਿਆਲਾ ਜ਼ਿਲ੍ਹੇ ਦੇ ਪਲੇਠੇ ਮਾਲ ਸੁਵਿਧਾ ਕੈਂਪ ‘ਚ 5 ਪਟਵਾਰ ਸਰਕਲਾਂ ਦੇ 196 ਇੰਤਕਾਲ ਮੌਕੇ ‘ਤੇ ਹੀ ਦਰਜ

-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਸੁਣਵਾਈ ਤੋਂ ਵਾਂਝੇ ਰਹੇ ਲੋਕਾਂ ਤੱਕ ਵੀ ਪਹੁੰਚ ਬਣਾਈ-ਚੇਤਨ ਸਿੰਘ ਜੌੜਾਮਾਜਰਾ

14 ਅਪ੍ਰੈਲ ਨੂੰ ਸਮਾਣਾ ਹਲਕੇ ਦੇ ਪਿੰਡ ਕੁਲਬੁਰਛਾਂ ਸਮੇਤ ਸਾਰੇ ਬਲਾਕਾਂ ‘ਚ ਲੱਗਣਗੇ 10 ਜਨ ਸੁਵਿਧਾ ਕੈਂਪ-ਸਾਕਸ਼ੀ ਸਾਹਨੀ

ਪਟਿਆਲਾ/ਸਮਾਣਾ, 7 ਅਪ੍ਰੈਲ 2022: ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਲਕਾ ਸਮਾਣਾ ਦੇ ਪਟਿਆਲਾ ਦੇ ਨਾਲ ਲਗਦੇ ਪਿੰਡ ਸ਼ੇਰਮਾਜਰਾ ਵਿਖੇ ਪਟਿਆਲਾ ਜ਼ਿਲ੍ਹੇ ਦੇ ਲਗਾਏ ਗਏ ਪਲੇਠੇ ਮਾਲ ਸੁਵਿਧਾ ਕੈਂਪ ‘ਚ 5 ਪਟਵਾਰ ਸਰਕਲਾਂ ਦੇ 13 ਪਿੰਡਾਂ ਦੇ ਲੋਕਾਂ ਦੇ 196 ਇੰਤਕਾਲ ਮੌਕੇ ‘ਤੇ ਹੀ ਦਰਜ ਕੀਤੇ ਗਏ। ਇਸ ਕੈਂਪ ‘ਚ ਆਪਣੇ ਕੰਮ ਕਰਵਾ ਕੇ ਖੁਸ਼ ਹੋਏ ਸਥਾਨਕ ਵਸਨੀਕਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ, ”ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੀ ਸੁਣਵਾਈ ਹੋ ਰਹੀ ਹੈ ਅਤੇ ਉਨ੍ਹਾਂ ਦੇ ਕੰਮ ਬਿਨ੍ਹਾਂ ਕਿਸੇ ਸਿਫ਼ਾਰਸ਼ ਤੋਂ ਆਪਣੇ ਆਪ ਤੁਰੰਤ ਹੋਏ ਹਨ।

ਪੰਜਾਬ ਸਰਕਾਰ ਵਲੋਂ ਲਗਾਏ ਕੈਂਪ

Punjab Government

ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁਜੇ ਹਲਕਾ ਵਿਧਾਇਕ ਸ. ਚੇਤਨ ਸਿੰਘ ਜੌੜਾਮਾਜਰਾ ਕਿਹਾ ਕਿ ਜਿਹੜੇ ਲੋਕਾਂ ਦੀ ਕਦੇ ਸਾਰ ਨਹੀਂ ਲਈ ਗਈ ਉਨ੍ਹਾਂ ਨੂੰ ਨਿਆਂ ਪ੍ਰਦਾਨ ਕਰਨ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਨੇ ਅਜਿਹੇ ਕੈਂਪ ਲਗਾਕੇ ਪ੍ਰਸ਼ਾਸਨ ਨੂੰ ਉਨ੍ਹਾਂ ਤੱਕ ਪਹੁੰਚਾਉਣ ਦਾ ਕਦਮ ਉਠਾਇਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ।

ਨਸ਼ਿਆਂ ਨੂੰ ਲੈ ਕੇ ਚੁੱਕੇ ਜਾਣਗੇ ਸਖ਼ਤ ਕਦਮ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਜਨ ਸੁਵਿਧਾ ਕੈਂਪ ਲਗਾਕੇ ਸਰਕਾਰ ਨੂੰ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲੋਕਪੱਖੀ ਫੈਸਲੇ ਦੀ ਸ਼ਲਾਘਾ ਕਰਦਿਆਂ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਅਤੇ ਉਹ ਲੋਕਾਂ ਦੇ ਸੇਵਾਦਾਰ ਹਨ। ਵਿਧਾਇਕ ਜੌੜਾਮਾਜਰਾ ਨੇ ਇਸ ਮੌਕੇ ਨਸ਼ਿਆਂ, ਖਾਸ ਕਰਕੇ ਚਿੱਟੇ ਦੇ ਵਪਾਰੀਆਂ ਨੂੰ ਸਖ਼ਤ ਤਾੜਨਾ ਕੀਤੀ ਕਿ ਅਜਿਹੇ ਸਮਾਜ ਵਿਰੋਧੀ ਲੋਕਾਂ ਨਾਲ ਕੋਈ ਰਿਆਇਤ ਨਹੀਂ ਵਰਤੀ ਜਾਵੇਗੀ। ਉਨ੍ਹਾਂ ਨੇ ਥਾਣਾ ਪਸਿਆਣਾ ਦੇ ਮੁਖੀ ਨੂੰ ਵੀ ਹਦਾਇਤ ਕੀਤੀ ਕਿ ਉਨ੍ਹਾਂ ਦੇ ਇਲਾਕੇ ਵਿੱਚ ਕੋਈ ਵੀ ਨਸ਼ਾ ਤਸਕਰ ਨਹੀਂ ਰਹਿਣਾ ਚਾਹੀਦਾ।

ਜਨ ਸੁਵਿਧਾ ਕੈਂਪਾਂ ਦੀ ਹੋਵੇਗੀ ਸ਼ੁਰੂਆਤ

Punjab Government

ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਲੋਕਾਂ ਨੂੰ ਗਰੰਟੀ ਦਿਤੀ ਕਿ ਅਜਿਹੇ ਕੈਂਪਾਂ ‘ਚ ਪੁੱਜੇ ਲੋਕਾਂ ਦੇ ਮਸਲਿਆਂ ਤੇ ਸ਼ਿਕਾਇਤਾਂ ਨੂੰ ਉਹ ਖ਼ੁਦ ਮੋਨੀਟਰ ਕਰਨਗੇ ਅਤੇ ਇਨ੍ਹਾਂ ਦਾ ਸਮਾਂਬੱਧ ਹਲ ਕਰਨਾ ਯਕੀਨੀ ਬਣਾਇਆ ਜਾਵੇਗਾ। ਸ੍ਰੀਮਤੀ ਸਾਹਨੀ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਮੁਤਾਬਕ ਜ਼ਿਲ੍ਹੇ ਅੰਦਰ ਜਨ ਸੁਵਿਧਾ ਕੈਂਪਾਂ ਦੀ ਸ਼ੁਰੂਆਤ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਦੀ ਜਯੰਤੀ ਮੌਕੇ 14 ਅਪ੍ਰੈਲ ਨੂੰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਹਰ ਬਲਾਕ ‘ਚ ਅਜਿਹੇ ਕੈਂਪ ਲੱਗਣਗੇ ਅਤੇ ਸਮਾਣਾ ਬਲਾਕ ਦਾ ਕੈਂਪ ਪਿੰਡ ਕੁਲਬੁਰਛਾਂ ਵਿਖੇ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਲੱਗੇਗਾ।

ਮਾਲ ਸੁਵਿਧਾ ਕੈਂਪ ‘ਚ 5 ਪਟਵਾਰ ਸਰਕਲਾਂ ਦੇ 196 ਇੰਤਕਾਲ ਮੌਕੇ ‘ਤੇ ਹੀ ਦਰਜ

Punjab Government

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਦੇ ਇਸ ਕੈਂਪ ‘ਚ ਪਟਵਾਰ ਸਰਕਲ ਸ਼ੇਰਮਾਜਰਾ ਦੇ 46 ਇੰਤਕਾਲ, ਬਖ਼ਸ਼ੀਵਾਲ ਦੇ 13, ਬਿਲਾਸਪੁਰ ਦੇ 5, ਧਭਲਾਨ ਦੇ ਤਿੰਨ ਅਤੇ ਅਲੀਪੁਰ ਅਰਾਈਆਂ ਦੇ 129 ਇੰਤਕਾਲ ਮੌਕੇ ‘ਤੇ ਹੀ ਦਰਜ ਕੀਤੇ ਗਏ। ਇਸ ਤੋਂ ਬਿਨ੍ਹਾਂ ਇਨ੍ਹਾਂ ਪਿੰਡਾਂ ਦੇ ਲੋਕਾਂ ਦੇ ਮਾਲ ਮਹਿਕਮੇ ਨਾਲ ਸਬੰਧਤ ਫੁਟਕਲ ਕੰਮਾਂ, ਜਿਵੇ ਫ਼ਰਦ ਦੇਣੀ ਸਮੇਤ ਹੋਰ ਕੰਮਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੈ। ਕੈਂਪ ‘ਚ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਜਗਜੀਤ ਸਿੰਘ ਨਨਾਨਸੂ, ਮਹਿਲਾ ਜ਼ਿਲ੍ਹਾ ਪ੍ਰਧਾਨ ਵੀਰਪਾਲ ਕੌਰ ਚਹਿਲ, ਮੁਲਾਜਮ ਵਿੰਗ ਦੇ ਸੂਬਾਈ ਮੀਤ ਪ੍ਰਧਾਨ ਖੁਸ਼ਵਿੰਦਰ ਕਪਿਲਾ, ਜ਼ਿਲ੍ਹਾ ਈਵੈਂਟ ਇੰਚਾਰਜ ਅੰਗਰੇਜ਼ ਰਾਮਗੜ੍ਹ ਸਮੇਤ ਹੋਰ ਆਗੂਆਂ ਅਤੇ ਵਲੰਟੀਅਰਾਂ ਨੇ ਵੀ ਸ਼ਿਰਕਤ ਕੀਤੀ।

ਇਸ ਦੌਰਾਨ ਏ.ਡੀ.ਸੀ. (ਜ) ਗੁਰਪ੍ਰੀਤ ਸਿੰਘ ਥਿੰਦ, ਸਹਾਇਕ ਕਮਿਸ਼ਨਰ (ਯੂ.ਟੀ) ਚੰਦਰ ਜੋਤੀ ਸਿੰਘ, ਐਸ.ਡੀ.ਐਮ. ਚਰਨਜੀਤ ਸਿੰਘ, ਜ਼ਿਲ੍ਹਾ ਮਾਲ ਅਫ਼ਸਰ ਮੁਕੇਸ਼ ਕੁਮਾਰ, ਤਹਿਸੀਲਦਾਰ ਰਾਮ ਕਿਸ਼ਨ, ਤਹਿਸੀਲਦਾਰ (ਯੂ.ਟੀ) ਮੇਜਰ ਸੁਮੀਤ ਢਿੱਲੋਂ, ਨਾਇਬ ਤਹਿਸੀਲਦਾਰ ਭੁਪਿੰਦਰ ਸਿੰਘ, ਐਸ.ਐਚ.ਓ. ਥਾਣਾ ਪਸਿਆਣਾ ਅੰਕੁਰਦੀਪ ਸਿੰਘ ਵੀ ਮੌਜੂਦ ਸਨ। ਕੈਂਪ ‘ਚ ਜ਼ਿਲ੍ਹਾ ਸਿਸਟਮ ਮੈਨੈਜਰ ਸੁਖਮੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਮੌਕੇ ‘ਤੇ ਫ਼ਰਦਾਂ ਜਾਰੀ ਕੀਤੀਆਂ।