ਹਾਂ… ਮੈਂ ਅਧਿਆਪਕ ਹਾਂ
ਅਧਿਆਪਕ / ਸਿੱਖਿਅਕ ਜਾਂ ਗੁਰੂ ਕੁਝ ਵੀ ਕਰੋ ਸਤਿਕਾਰਤ ਹਨ। ਇਕ ਅਧਿਆਪਕ ਦੀ ਭੂਮਿਕਾ ਬੱਚੇ ਦੇ ਅੰਦਰ ਨਿਰੰਤਰ ਵਹਿਣ ਵਾਲੀ ਸਮਾਜਿਕ, ਨੈਤਿਕ ਤੇ ਬੌਧਿਕ ਗਿਆਨ ਦੀ ਨਦੀ ਦੇ ਵਹਾਅ ਵਾਂਗ ਹੈ ।
ਵਿਲਿਅਮ ਵੇਅਰਜ਼ ਆਪਣੀ ਪੁਸਤਕ ਟੂ-ਟੀਚ ਦਿ ਜਰਨੀ ਆਫ-ਏ- ਟੀਚਰ ‘ਚ ਸਿੱਖਿਆ ਦੇ ਕੁਦਰਤੀ ਦਾਤਾ ਵਾਂਗ ਸੌਖਾ ਪਰ ਅਣਸੁੱਤਾ ਦੱਸਦਾ ਹੈ। ਜਿਵੇਂ ਹਵਾ, ਪਾਣੀ, ਅੱਗ, ਜੀਵਨ ਵਿੱਚ ਸੌਖੇ ਅਤੇ ਬਿਨਾਂ ਮੁੱਲ ਦੇ ਮਿਲਦੇ ਹਨ, ਪਰ ਜੀਵਨ ਦਾ ਅਧਾਰ ਹਨ। ਉਵੇਂ ਹੀ ਸਿੱਖਿਆ ਵੀ ਸੁਚੱਜੀ ਜੀਵਨ-ਜਾਂਚ ਦੀ ਪੌੜੀ ਹੈ ਅਤੇ ਅਧਿਆਪਕ ਇਸ ਸੁਖ ਤੇ ਸੁਚੱਜੀ ਜੀਵਨ-ਜਾਂਚ ਦੀ ਸਿੱਖਿਆ ਦਾ ਸ੍ਰੋਤ ਹੈ ।
“ਗੁਰੂ ਗੋਬਿੰਦ ਦੋਊ ਖੜੇ, ਕਾਕੇ ਲਾਗੂ ਪਾਏ
ਬਲਿਹਾਰੀ ਗੁਰੂ ਆਪਨੋ, ਗੋਬਿੰਦ ਦਿਯੋ ਮਿਲਾਏ”
ਉਤਸ਼ਾਹ : ਉਤਸ਼ਾਹ ਨਾਲ ਭਰਿਆ ਵਿਸ਼ੇ ‘ਤੇ ਪਕੜ ਰੱਖਣ ਵਾਲਾ ਅਧਿਆਪਕ ਕਿਤਾਬਾਂ ‘ਚ ਜਾਨ ਪਾਉਣ ਦੀ ਮੁਹਾਰਤ ਰੱਖਦਾ ਹੈ। ਵਿਸ਼ੇ ਨੂੰ ਰੋਚਕ ਬਣਾਉਣ ਲਈ ਉਹ ਹਰ ਹੀਲਾ ਵਰਤਦਾ ਹੈ ।
“ਪਿਛਲੇ ਦਿਨੀਂ ਜਮਾਤ ‘ਚ ਕਾਪੀਆਂ ‘ਤੇ ਕੰਮ ਨਾਂ ਕਰਨ ਵਾਲੇ ਵਿਦਿਆਰਥੀਆਂ ਨੂੰ ਨਿਕੰਮੇਪਣ ਤੋਂ ਵਰਜਣ ਲਈ ਹਾਸੇ ‘ਚ ਕਿਹਾ ਕਿ ਵਾਰ-ਵਾਰ ਬਹਾਨੇ ਬਣਾ ਕੇ ਸਮਾਂ ਗੁਆ ਰਹੇ ਹੋ। ਤੁਹਾਡੇ ਬਹਾਨੇ ਬਣਾ ਕੇ ਦਿਨ ਲੰਘੀ ਜਾਂਦਾ ਹੈ , ਉਹ ਜਿਵੇਂ ਕਹਿੰਦੇ ਹੁੰਦੇ ਐ ਬੀ” ਜਿਹਦਾ ਗੱਲੀ ਬਾਤੀ ਸਰੇ ਉਹ ਚੌਂਕੇ ਕਿਉਂ ਚੜੇ”
ਬੱਚੇ ਹੱਸ ਕੇ ਕਹਿੰਦੇ ਵਾਹ ਮੈਡਮ, ਹੁਣ ਅਸੀਂ ਇਹ ਅਖਾਣ ਕਦੇ ਨਹੀਂ ਭੁਲਦੇ।
ਵਿਦਿਆਰਥੀਆਂ ਨਾਲ ਸੰਵਾਦ:– ਸਭ ਤੋਂ ਵੱਦਾ ਕਾਰਗਰ ਸਾਬਿਤ ਹੁੰਦਾ ਹੈ, ਬੜੀ ਬਰੀਕੀ ਨਾਲ ਅਸੀ ਛਾਂਟੀ ਕਰ ਲੈਂਦੇ ਹਾਂ, ਜਿੰਨਾਂ ਦੀ ਵਿਸ਼ੇ ‘ਤੇ ਪਹਿਲੇ ਹੱਲੇ ਪਕੜ ਹੋ ਜਾਂਦੀ ਤੇ ਉਹ ਵੀ ਜਿੰਨਾਂ ਨੂੰ ਬਾਅਦ ਦੀਆਂ ਕੋਸ਼ਿਸ਼ਾਂ ਨਾਲ ਸਮਝਾਇਆ ਜਾਂਦਾ ।
ਭੋਲੇ ਜਿਹੇ ਚਿਹਰਿਆਂ ਵਾਲੇ ਬੱਚੇ ਆਪਣੇ ਅੰਦਰ ਬੜਾ ਕੁਝ ਸਮੇਟੀ ਬੈਠੇ ਰਹਿੰਦੇ । ਜਿੰਨਾਂ ਹੱਥ ਵਧਾਉਣ ਦੀ ਦੇਰ ਹੁੰਦੀ ਹੈ ਇਹ ਝੱਟ ਸਾਨੂੰ ਅਪਣਾ ਕਰਜ਼ਦਾਰ ਬਣਾ ਕੇ ਆਪਾ ਸੋਹਲ ਕੇ ਰੱਖ ਦਿੰਦੇ ਹਨ ।
ਮੱਦਦ: ਲਗਾਤਾਰ ਗੈਰ-ਹਾਜ਼ਰੀ, ਕੰਮ ਨਾ ਕਰ ਕੇ ਆਉਣਾ, ਫੀਸ, ਯੂਨੀਫਾਰਸ
” ਪੁੱਤ ਤੇਰੀ ਯੂਨੀਫਾਰਮ ਸਾਫ ਨਹੀਂ, ਤੂੰ ਉਦਾਸ ਜਿਹੀ ਕਿਉਂ ਹੈ ? ਕੰਮ ਵੀ ਪੂਰਾ ਨਹੀਂ ਕਰ ਰਹੀ – ਕੀ ਗੱਲ ਐ ?
ਬਸ, ਐਨਾ ਕੁ ਅਪਣਤ ਭਰਿਆ ਲਹਿਜਾ ‘ਤੇ ਕੁੜੀ ਫੁੱਟ-ਫੁੱਟ ਕੇ ਰੋਣ ਲੱਗ ਪਈ । “ਮੈਡਮ / ਮੇਰੇ ਪਿਤਾ ਹਰ ਰੋਜ਼ ਸ਼ਰਾਬ ਪੀ ਕੇ ਘਰ ਦਾ ਮਾਹੌਲ ਖਰਾਬ ਕਰਦੇ ਨੇ ਜੀ । ਮੰਮੀ ਬਹੁਤ ਬਿਮਾਰ ਰਹਿੰਦੇ ਨੇ। ਮੈਨੂੰ ਘਰ ਦਾ ਸਾਰਾ ਕੰਮ ਕਰਨਾ ਪੈਂਦਾ ਅਤੇ ਛੋਟੇ ਵੀਰ ਨੂੰ ਵੀ ਸੰਭਾਲਦੀ ਹਾਂ ਜੀ।”
ਫਿਰ ਸ਼ੁਰੂ ਹੁੰਦੀ ਐ ਸਾਡੀ ਡਿਊਟੀ । ਬੱਚੇ ਦੇ ਸਿਰ ‘ਤੇ ਹੱਥ ਧਰਨਾਂ ਇੱਕ ਅਧਿਆਪਕ ਤੋਂ ਵੱਧ ਹੋਰ ਕੌਣ ਜਾਣ ਸਕਦਾ ਹੈ।
ਐਵੇਂ ਨਹੀਂ ਰੱਬ ਤੋਂ ਪਹਿਲੇ ਗੁਰੂ ਦਾ ਦਰਜ਼ਾ ਮਿਲਿਆ। ਅਸੀਂ ਆਪਣੀਆਂ ਹੱਦਾਂ ਹਰ ਰੋਜ਼ ਵਧਾਉਂਦੇ ਹਾਂ, ਆਪਣੇ ਦਾਇਰੇ ਵੱਡੇ ਕਰਦੇ ਹਾਂ ਤਾਂ ਜੋ ਉਹ ਜ਼ਿੰਮੇਵਾਰੀਆਂ ਵੀ ਸਾਡੇ ਦਾਇਰੇ ਅੰਦਰ ਆ ਜਾਣ ਜੋ ਕਿਸੇ ਵਿਭਾਗ ਨੇ ਸਾਨੂੰ ਕਦੇ ਨਹੀਂ ਸੌਂਪੀਆਂ |
ਪੜ੍ਹਾਈ ਖ਼ਤਮ ਹੁੰਦਿਆਂ-ਹੁੰਦਿਆਂ 3-4 ਵਿਕਲਪ ਸੀ ਕਿ ਬੈਂਕ ‘ਚ ਨੌਕਰੀ, ਫ਼ੌਜ ‘ਚ ਨੌਕਰੀ, ਪੁਲਿਸ ‘ਚ ਜਾਂ ਅਧਿਆਪਕ । ਮੇਰੇ ਪਿਤਾ ਜੋ ਖੁਦ ਅਧਿਆਪਕ ਰਹਿ ਚੁੱਕੇ ਹਨ ਉਨ੍ਹਾਂ ਨੇ ਬੜੀ ਸੋਹਣੀ ਗੱਲ ਕਹੀ ਕਿ “ ਪੁੱਤ ਬਾਕੀ ਸਿਰਫ ਨੌਕਰੀਆਂ ਹੋਣਗੀਆਂ ਪਰ ਅਧਿਆਪਕ ਬਣ ਕੇ ਤੁਸੀਂ ਆਪਣੇ ਵਰਗੇ ਹਜ਼ਾਰਾਂ All Rounders ਬਣਾ ਸਕਦੇ ਹੋ । ਤੁਹਾਡੇ ਸਮੁੱਚੇ ਤਜਰਬੇ ਦਾ ਸਹੀ ਉਪਯੋਗ ਸਿਰਫ ਸਕੂਲ ਅਧਿਆਪਕ ਬਣ ਕੇ ਹੀ ਹੋਵੇਗਾ ।
ਸੱਚ ਜਾਣਿਓ। ਨੌਕਰੀ ‘ਚ ਆਉਣ ਤੋਂ ਲੈ ਕੇ ਅੱਜ ਦੇ ਦਿਨ ਤੱਕ ਹਰ ਦਿਨ ਉਤਸ਼ਾਹ ਨਾਲ ਭਰਿਆ ਹੁੰਦਾ ਹੈ । ਅੱਜ ਕੁੱਝ ਨਵਾਂ ਸਿਖਾਉਣਾ, ਅੱਜ ਕਿਸ ਨਵੇਂ ਵਿਸ਼ੇ ‘ਤੇ ਗੱਲ ਕਰਾਂਗੀ |
ਅਸੀਂ ਅਧਿਆਪਕ ਹਾਂ ਅਪਣੇ ਅਧਿਆਪਕ ਰੁਜ਼ਗਾਰ ਦਾ ਵਸੀਲਾ ਹੀ ਨਹੀਂ ਮੰਨਦੇ ਸਗੋਂ ਉੱਚੀ ਅਤੇ ਸੁੱਚੀ ਸਮਾਜ ਸੇਵਾ ਵੀ ਮੰਨਦੇ ਹਾਂ । ਸਾਨੂੰ ਮਾਣ ਹੁੰਦੇ ਜਦੋਂ ਸਾਡੇ ਪੜਾਏ ਸਾਡੇ ਨਾਲ ਆ ਕੇ ਨੌਕਰੀ ’ਚ ਸਾਡੇ ਸਾਥੀ ਬਣਦੇ ਹਨ । ਪੁਲਿਸ, ਫੌਜ, ਡਾਕਟਰ, ਵਕੀਲ, ਇੰਜੀਨੀਅਰ ਗੱਲ ਹਰ ਖੇਤਰ ‘ਚ ਪੜ੍ਹਾਏ ਵਿਦਿਆਰਥੀ ਜਦੋਂ ਮੁੜ ਕਿਸੇ ਮੋੜ ‘ਤੇ ਮਿਲਦੇ ਹਨ ਤਾਂ ਮਾਣ ਨਾਲ ਮਨ ਭਰ ਜਾਂਦੇ ਕਿ ਹਾਂ ! ਮੈਂ ਅਧਿਆਪਕ ਹਾਂ |
ਮੈਂ ਆਪਣੀ ਮਿਹਨਤ ਨਾਲ ਸਮਾਜ ਨੂੰ ਸੁਚੱਜੇ ਅਤੇ ਕਾਬਿਲ ਨਾਗਰਿਕ ਦੇ ਰਹੀ ਹਾਂ | ਦੁਨੀਆ ਦੇ ਹਰ ਖਿੱਤੇ ‘ਚ ਵਸਦੇ ਸਮੂਹ ਅਧਿਆਪਕਾਂ ਨੂੰ ਮੇਰਾ ਸਲਾਮ |