ਹਮ ਜਿਨਹੇ ਰਸਮੇਂ ਦੁਆ ਯਾਦ ਨਹੀਂ…
ਹਰਪ੍ਰੀਤ ਸਿੰਘ ਕਾਹਲੋਂ
ਜਦੋਂ ਹਵਾ ‘ਚ ਸੁਲਗਦੇ ਅੱਖਰ ਸਿਵਾਏ ਨਫਰਤਾਂ ਤੋਂ ਕੁਝ ਬਿਆਨ ਨਾ ਕਰਦੇ ਹੋਣ ਤਾਂ ਇਸ ਦੌਰ ‘ਚ ਨਦਿੰਤਾ ਦਾਸ ਦੀ ਫ਼ਿਲਮ ‘ਮੰਟੋ’ ਸਾਨੂੰ ਉਸ ਦੌਰ ਦੇ ਰੂਬਰੂ ਖੜ੍ਹਾ ਕਰ ਦਿੰਦੀ ਹੈ ਜਿੱਥੇ ਬੰਦਾ ਆਪਣੇ ਆਪ ਨੂੰ ਵੇਖਦਿਆਂ ਸਿਰਫ ਸ਼ਰਮਸਾਰ ਹੀ ਹੋ ਸਕਦਾ ਹੈ। ਅੱਜ ਮੰਟੋ ਦਾ ਜਨਮਦਿਨ ਹੈ ਅਤੇ ਮੰਟੋ ਬਹਾਨੇ ਨੰਦਿਤਾ ਦਾਸ ਦੀ ਫਿਲਮ ਵੇਖਦਿਆਂ ਮੰਟੋ ਦੀ ਗੱਲ ਕਰਨਾ ਚਾਹੁੰਦਾ ਹਾਂ।
2019 ਦੇ ਦਿਨਾਂ ‘ਚ ਕਰਤਾਰਪੁਰ ਲਾਂਘੇ ਦੀ ਚਰਚਾ ਸੀ। ਕੁਝ ਬਿਹਤਰ ਹੋ ਰਿਹਾ ਸੀ ਪਰ ਕੈਪਟਨ ਅਮਰਿੰਦਰ ਸਿੰਘ ਵਾਧੂ ਦੇ ਲਲਕਾਰੇ ਮਾਰਦੇ ਸਨ। ਨਿਰੀ ਨਫ਼ਰਤ ਦਾ ਕੀ ਕੰਮ ਜਦੋਂ ਕੁਝ ਬਿਹਤਰ ਹੋ ਰਿਹਾ ਸੀ।
ਇਸ ਚਰਚਾ ‘ਚ ਸਿਆਸਤ ਤੋਂ ਉੱਪਰ ਉੱਠਕੇ ਕਰਤਾਰਪੁਰ ਸਾਹਿਬ ਨਾਲ ਮਿਲਣੀ ਦੇ ਅਹਿਸਾਸ ਨੂੰ ਕੌਣ ਸਮਝਣਾ ਚਾਹੁੰਦਾ ਹੈ ? ਸਾਡੀਆਂ ਅਰਦਾਸਾਂ ‘ਚ ਨਨਕਾਣੇ ਸਾਹਿਬ ਅਤੇ ਹੋਰ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸਿਰਫ ਧਾਰਮਿਕ ਮਸਲਾ ਨਹੀਂ ਹੈ।ਉਹ ਪਿੱਛੇ ਖਿੰਡੀਆਂ ਯਾਦਾਂ ਦੀ ਕਤਰਾਂ ਨੂੰ ਸੰਭਾਲਣ ਦਾ ਹੰਭਲਾ ਵੀ ਹੈ।
ਯਾਦ ਕਰੋ ਉਹਨਾਂ ਦਿਨਾਂ ‘ਚ ਭਾਰਤੀ ਫੌਜੀ ਸੰਦੀਪ ਸਿੰਘ ਦੀ ਸ਼ਹੀਦੀ ਦੇ ਹਵਾਲੇ ਨੂੰ ਕਰਤਾਰਪੁਰ ਲਾਂਘੇ ਨਾਲ ਜੋੜਣ ਦੀ ਕੌਸ਼ਿਸ਼ਾਂ ਕਰ ਇਸ ਲਾਂਘੇ ਬਨਾਮ ਸੱਚੀ ਦੇਸ਼ ਭਗਤੀ ਦੇ ਵਾਸਤੇ ਵੀ ਪਾਏ ਗਏ ਸਨ। ਪਿਛਲੇ ਸਾਲ ਦੀ ਘਟਨਾ ਯਾਦ ਆ ਗਈ।
ਜਲੰਧਰ ਦੇ ਸ਼ਹੀਦ ਅਫਸਰ ਕੈਪਟਨ ਮਨਦੀਪ ਸਿੰਘ ਦੀ ਧੀ ਗੁਰਮਹਿਰ ਕੌਰ ਦਾ ਕਿੱਸਾ ਬਹੁਤ ਖਾਸ ਹੈ।ਗੁਰਮਹਿਰ ਕੌਰ ਮੰਨਦੀ ਸੀ ਕਿ ਮੇਰੇ ਪਿਓ ਨੂੰ ਮਾਰਨ ਵਾਲਾ ਪਾਕਿਸਤਾਨ ਹੈ,ਮੁਸਲਮਾਨ ਹੈ।ਇੰਝ ਉਹਨੇ ਜਲੰਧਰ ‘ਚ ਇੱਕ ਬੁਰਕਾ ਪਾਈ ਜਨਾਨੀ ਨੂੰ ਨਫਰਤ ਭਰੇ ਰੱਵਈਏ ਨਾਲ ਤੱਕਿਆ।ਇਸ ਤੋਂ ਬਾਅਦ ਗੁਰਮਹਿਰ ਕੌਰ ਦੀ ਮਾਂ ਨੇ ਸ਼ਹੀਦੀ ਦੀ ਬੁਨਿਆਦ ਦਾ ਸਹੀ ਸੰਦਰਭ ਸਮਝਾਇਆ।ਗੁਰਮਹਿਰ ਦੀ ਮਾਂ ਨੇ ਦੱਸਿਆ ਕਿ ਤੁਹਾਡੇ ਪਿਤਾ ਨੂੰ ਮਾਰਨ ਵਾਲਾ ਕੋਈ ਮੁਸਲਮਾਨ ਨਹੀਂ ਹੈ।
ਗੁਰਮਹਿਰ ਮੁਤਾਬਕ ਇਹ ਸੋਚ ਉਹਦੀ ਫਿਲਮਾਂ ਅਤੇ ਟੀਵੀ ‘ਤੇ ਪ੍ਰਸਾਰਿਤ ਹੁੰਦੇ ਨਫਰਤ ਭਰੇ ਪ੍ਰੋਗਰਾਮਾਂ ਤੋਂ ਬਣੀ ਸੀ।ਗੁਰਮਹਿਰ ਨੇ ਜੰਗ ਅਤੇ ਅਮਨ ਦੇ ਸਹੀ ਨਜ਼ਰੀਏ ਨੂੰ ਸਮਝਿਆ ਅਤੇ ਹੁਣ ਗੁਰਮਹਿਰ ਕੌਰ ਮੁਤਾਬਕ ਮੇਰੇ ਪਿਓ ਨੂੰ ਜੰਗ ਨੇ ਮਾਰਿਆ ਹੈ ਨਾ ਕਿ ਕਿਸੇ ਮੁਸਲਮਾਨ ਜਾਂ ਪਾਕਿਸਤਾਨ ਨੇ ਮਾਰਿਆ ਹੈ।
ਇਮਰੋਜ਼ ਸਾਹਬ ਦੀ ਕਵਿਤਾ ਹੈ-
ਗ੍ਰੰਥਾਂ ਵਿੱਚ ਧਰਮ ਤਹਿਜ਼ੀਬ ਦਾ ਕਾਰਨ ਸਨ
ਜ਼ਿੰਦਗੀ ਵਿੱਚ ਇਹ ਨਫ਼ਰਤ ਦਾ ਕਾਰਨ ਹੋ ਗਏ
ਕੋਈ ਕਿਹਦੀ ਸੁਣੇ ?
ਗ੍ਰੰਥਾਂ ਦੀ ਕਿ ਜ਼ਿੰਦਗੀ ਦੀ…
ਸੋ ਯਕੀਨਨ ਉਹਨਾਂ ਦਿਨਾਂ ਵਿੱਚ ਭਾਸ਼ਨ ਦਿੰਦੇ ਕੈਪਟਨ ਅਮਰਿੰਦਰ ਸਿੰਘ ਅਤੇ ਹਰਸਿਮਰਤ ਕੌਰ ਬਾਦਲ ਨੂੰ ਘੱਟੋ ਘੱਟ ਜਾਂ ਨਫਰਤ ਫੈਲਾਉਂਦੇ ਤਮਾਮ ਚੈਨਲਾਂ ਨੂੰ ਇਹ ਫਿਲਮ ਜ਼ਰੂਰ ਵੇਖਣੀ ਚਾਹੀਦੀ ਹੈ।
16 ਅਕਤੂਬਰ 1947 ਨੂੰ ਮਹਾਤਮਾ ਗਾਂਧੀ ਵੱਲੋਂ ਕਹੀ ਗੱਲ ਬਹੁਤ ਖਾਸ ਹੈ।
“ਮੈਂ ਤਾਂ ਕਹਿੰਦਾ ਕਹਿੰਦਾ ਚਲਾ ਜਾਵਾਂਗਾ,ਪਰ ਕਿਸੇ ਦਿਨ ਮੈਂ ਯਾਦ ਆਵਾਂਗਾ ਕਿ ਇੱਕ ਮਸਕੀਨ ਬੰਦਾ ਸੀ ਜੋ ਉਹ ਕਹਿੰਦਾ ਸੀ,ਉਹ ਠੀਕ ਹੀ ਸੀ।”
ਮਹਾਤਮਾ ਗਾਂਧੀ ਨੂੰ ਜਦੋਂ ਸ਼ਹੀਦ ਕੀਤਾ ਤਾਂ ਬਤੌਰ ਮੰਟੋ ਪਾਕਿਸਤਾਨ ‘ਚ ਉਹ ਰਾਤ ਬੜੀ ਗ਼ਮਜ਼ਦਾ ਸੀ।ਨਦਿੰਤਾ ਦਾਸ ਦੀ ਫ਼ਿਲਮ ਮੰਟੋ ਸਆਦਤ ਹਸਨ ਮੰਟੋ ਦੀ ਜ਼ਿੰਦਗੀ ਦਾ ਬਿਆਨ ਹੈ।ਮੰਟੋ ਦੇ ਅਫ਼ਸਾਨੇ ਅਤੇ ਮੰਟੋ ਇੱਕ ਦੂਜੇ ਨਾਲ ਤੁਰਦੇ ਤੁਰਦੇ ਉਸ ਦੌਰ ਦੀ ਤ੍ਰਾਸਦੀ ਨੂੰ,ਬੰਦਿਆਂ ਨੂੰ,ਬੱਚਿਆਂ,ਬੁਜ਼ਰਗਾਂ ਅਤੇ ਤੀਵੀਆਂ ਨੂੰ ਕਿੰਝ ਮਹਿਸੂਸ ਕਰਦੇ ਹਨ ਇਹ ਮੰਟੋ ਬਹਾਨੇ ਸਾਡੇ ਅੰਦਰ ਦੀ ਵੀ ਪਰਖ ਹੈ।
ਨਦਿੰਤਾ ਦਾਸ ਬਤੌਰ ਹਦਾਇਤਕਾਰ ਆਪਣੀ ਪਹਿਲੀ ਫਿਲਮ ਫ਼ਿਰਾਕ ਦੀ ਤਰ੍ਹਾਂ ਹੀ ਮੰਟੋ ‘ਚ ਸਾਡੇ ਜ਼ਹਿਨੀਅਤ ਨੂੰ ਠਕੋਰਦੀ ਹੈ।ਗੁਜਰਾਤ ਦੰਗਿਆਂ ਦੇ ਕਥਾਨਕ ‘ਤੇ ਬਣੀ ਇਹ ਅਜਿਹੀ ਫ਼ਿਲਮ ਸੀ ਜਿਸ ‘ਚ ਕੋਈ ਵੀ ਖ਼ੂਨੀ ਦ੍ਰਿਸ਼ ਨਹੀਂ ਹੈ ਪਰ ਤੁਹਾਨੂੰ ਡੁੱਲ੍ਹੇ ਖ਼ੂਨ ਦੀ,ਰੁਲੀ ਇਨਸਾਨੀਅਤ ਦਾ ਰੁਦਣ ਮਹਿਸੂਸ ਹੁੰਦਾ ਰਹੇਗਾ।
ਤ੍ਰਾਸਦੀਆਂ ਅਜਿਹੀਆਂ ਹੀ ਹੁੰਦੀਆਂ ਹਨ।ਉਹ ਵਾਪਰਨ ਤੋਂ ਬਾਅਦ ਵੀ ਆਪਣੇ ਨਿਸ਼ਾਨ ਲੰਮੇ ਸਮੇਂ ਤੱਕ ਛੱਡ ਦਿੰਦੀਆਂ ਹਨ।47 ਦੀ ਵੰਡ ਵੀ ਅਜਿਹੀ ਟੀਸ ਹੈ।ਭਾਰਤ ਪਾਕਿਸਤਾਨ ਤੋਂ ਵੱਖ ਹੋਕੇ ਸਾਂਝੇ ਪੰਜਾਬ ਦੇ ਅਹਿਸਾਸ ਨੂੰ ਸਮਝੇ ਬਿਨਾਂ ਸਾਂਝੀ ਮਿੱਟੀ ਦੀ ਤੜਪ ਨੂੰ ਸਿਆਸਤਾਂ ਨਹੀਂ ਸਮਝ ਸਕਦੀਆਂ।ਇਸ ਵੰਡ ਨੇ ਹਿੰਦੂ,ਸਿੱਖ,ਮੁਸਲਮਾਨ ਦੀ ਪੰਜਾਬੀਅਤ ਦਾ ਘਾਣ ਕੀਤਾ ਹੈ।ਇਸ ਨੇ ਗੁਆਂਢ ਦੀ ਸਾਂਝਾ ਨੂੰ ਖਤਮ ਕੀਤਾ ਹੈ।
ਮੰਟੋ ਇਸੇ ਤੜਪ ‘ਚ ਹੀ ਸਫਰ ਕਰਦਾ ਹੈ।ਉਹਦੇ ਅਫਸਾਨਿਆਂ ‘ਚ ਇਹੋ ਰੁਦਣ ਹੈ।ਨਦਿੰਤਾ ਦਾਸ ਆਪਣੀ ਫ਼ਿਲਮ ਮੰਟੋ ‘ਚ ਇਸੇ ਨੂੰ ਵਿਸਥਾਰ ਦਿੰਦੀ ਹੈ।ਇਹ ਇਸ ਦੌਰ ਦੀ ਜਾਨਦਾਰ ਫਿਲਮ ਹੈ।ਸੰਵੇਦਨਾ ਨੂੰ ਟੁੰਬਦੀ,ਖੁਦ ਦੇ ਰੂਬਰੂ ਕਰਦੀ ਅਤੇ ਜ਼ਖ਼ਮ ਦੇ ਨਾਸੂਰ ਬਣਨ ਦੀ ਕਹਾਣੀ ਕਹਿੰਦੀ ਫ਼ਿਲਮ ਹੈ।ਇਹ ਸਾਡੇ ਪੁਰਖਿਆਂ ਦੀ ਤੜਪ ਤੱਕ ਪਹੁੰਚਾਉਂਦੀ ਫ਼ਿਲਮ ਹੈ।
ਮੰਟੋ ਫਿਲਮ ਦੋ ਹਿੱਸਿਆਂ ‘ਚ ਵੰਡੀ ਕਹਾਣੀ ਹੈ।ਪਹਿਲਾ ਹਿੱਸਾ ਮੁੰਬਈ ਦਾ ਹੈ।ਇੱਥੇ ਫਿਲਮੀ ਦੁਨੀਆਂ ਦੇ ਲੋਕ ਹਨ।ਅਸ਼ੋਕ ਕੁਮਾਰ,ਜੱਦਣ ਬਾਈ (ਭਾਰਤੀ ਸਿਨੇਮਾ ਦੀ ਪਹਿਲੀ ਬੀਬੀ ਸੰਗੀਤਕਾਰ),ਕੇ.ਆਸਿਫ,ਨਰਗਿਸ ਹਨ।ਅਦਬੀ ਲੋਕ ਹਨ।ਕ੍ਰਿਸ਼ਨ ਚੰਦਰ ਐੱਮ.ਏ,ਇਸਮਤ ਚੁਗਤਾਈ ਹਨ ਅਤੇ ਆਪਣੇ ਅਫਸਾਨਿਆਂ ਦੇ ਉਹ ਕਿਰਦਾਰ ਹਨ ਜੋ ਮੁੰਬਈ ਦੇ ਲਾਲ ਬੱਤੀ ਖੇਤਰ ‘ਚ ਰਹਿੰਦੇ ਹਨ।ਜੋ ਆਪਣਾ ਜਿਸਮ ਵੇਚਦੀਆਂ ਇਹਨਾਂ ਕੋਠਿਆਂ ‘ਤੇ ਬਦਲੇ ‘ਚ ਜ਼ਿੰਦਗੀ ਗੁਜ਼ਾਰਨ ਲਈ ਰੋਟੀ-ਟੁੱਕ ਦਾ ਜੁਗਾੜ ਕਰ ਰਹੀਆਂ ਹਨ।
ਨਦਿੰਤਾ ਦਾਸ ਜਿਸ ਮਾਹੌਲ ਨੂੰ ਸਿਰਜਦੀ ਹੈ ਉਸ ‘ਚ 1947 ਦੇ ਨੇੜੇ ਦੇ ਭਾਰਤ ਦੀ ਅਜ਼ਾਦੀ,ਲਚਾਰੀ ਅਤੇ ਮਿੱਟੀ ਤੋਂ ਜੁਦਾ ਹੁੰਦੇ ਲੋਕਾਂ ਦਾ ਰੁਦਣ ਹੈ।ਮੰਟੋ ਨੇ ਜੋ ਹੰਡਾਇਆ ਉਹ ਹੀ ਉਹਦੇ ਅਫਸਾਨੇ ਬਣ ਗਏ।ਨਦਿੰਤਾ ਦਾਸ ਬਤੌਰ ਹਦਾਇਤਕਾਰ ਆਪਣੀ ਫਿਲਮ ਨੂੰ ਜਿਵੇਂ ਤੋਰਦੀ ਹੈ ਉਹ ਇੱਕੋ ਸਮੇਂ ਮੰਟੋ ਅਤੇ ਮੰਟੋ ਦੇ ਅਫਸਾਨਿਆਂ ਦੇ ਰੂਬਰੂ ਕਰਵਾਉਂਦੀ ਅੱਗੇ ਵੱਧਦੀ ਹੈ।
ਜਦੋਂ ਇਸ ਦੌਰ ਦੀ ਸਿਆਸਤ ‘ਚ ਏਜੰਸੀਆਂ ਦੇ ਖੌਫ,ਏਕਤਾ ਨੂੰ ਘਾਤ ਲਾਉਂਦੀਆਂ ਸਾਜਿਸ਼ਾਂ ਅਤੇ ਅਮਨ ਸ਼ਾਂਤੀ ਤੋਂ ਪਰ੍ਹਾਂ ਸਿਆਸਤ ਦੀਆਂ ਤਕਰੀਰਾਂ ‘ਚ ਨਫਰਤਾਂ ਹੀ ਹਨ।ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੀਆਂ ਕੋਝੀਆਂ,ਸੌੜੀਆਂ ਵਧੀਕੀਆਂ ਅਤੇ ਸ਼ਰਾਰਤਾਂ ਹਨ ਤਾਂ ਮੰਟੋ ਆਪਣੀਆਂ ਕਹਾਣੀਆਂ ਦੇ ਨਾਲ 75 ਸਾਲਾਂ ਬਾਅਦ ਵੀ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਫਿਲਮ ਇਹਦਾ ਬਿਆਨ ਕਰਦੀ ਹੈ ਕਿ ਜਦੋਂ ਮੰਟੋ ਮੁੰਬਈ ਤੋਂ ਪਾਕਿਸਤਾਨ ਆਉਣ ਦਾ ਫੈਸਲਾ ਲੈਂਦਾ ਹੈ ਤਾਂ ਮੰਟੋ ਦਾ ਦੋਸਤ ਕਹਿੰਦਾ ਹੈ ਕਿ ਤੂੰ ਸ਼ਰਾਬ ਪੀਂਦਾ ਹੈ,ਤੂੰ ਕਿਹੜਾ ਸੱਚਾ ਮੁਸਲਮਾਨ ਹੈ ਜੋ ਪਾਕਿਸਤਾਨ ਜਾ ਰਿਹਾ ਹੈਂ ?
ਜਵਾਬ ਹੈ ਕਿ ਅਜਿਹਾ ਮੁਸਲਮਾਨ ਤਾਂ ਹਾਂ ਕਿ ਮਾਰਿਆ ਜਾ ਸਕਾਂ ?
ਮੰਟੋ ਦੀ ਕਹਾਣੀਆਂ ਦੇ ਅਜਿਹੇ ਸੰਵਾਦ ਬੰਦੇ ਅੰਦਰ ਵੱਸਦੇ ਸ਼ੈਤਾਨ ਨੂੰ,ਹੈਵਾਨ ਨੂੰ ਬੇਨਕਾਬ ਤਾਂ ਕਰਦੇ ਹਨ।ਮੰਟੋ ਹਰ ਦੌਰ ‘ਚ ਪੜ੍ਹਿਆ ਜਾਣਾ ਚਾਹੀਦਾ ਹੈ ਜਦੋਂ ਤੱਕ ਅਮਨ ਅਤੇ ਸ਼ਾਂਤੀ ਦੀ ਉਮੀਦ ਨੂੰ ਮੁੰਕਮਲ ਬੂਰ ਨਾ ਪਵੇ।
ਫਿਲਮ ਮੰਟੋ ਮੈਨੂੰ ਮੇਰੇ ਦਾਦੇ ਦੀਆਂ ਗੱਲਾਂ ਦੇ ਸਾਹਮਣੇ ਖੜ੍ਹਾ ਕਰਦੀ ਹੈ।ਜੋ ਮੰਟੋ ਕਹਿ ਰਿਹਾ ਹੈ ਉਹ ਸੁਣਾਉਂਦਾ ਹੋਇਆ ਮੇਰਾ ਦਾਦਾ ਇਸ ਜਹਾਨ ਨੂੰ ਅਲਵਿਦਾ ਕਹਿ ਗਿਆ ਸੀ।ਮੰਟੋ ਕਹਿੰਦਾ ਹੈ ਕਿ ਇਸ ਪਾਕਿਸਤਾਨ ਤੋਂ ਪਰ੍ਹਾਂ ਹੁਣ ਹਿੰਦੂਸਤਾਨ ਹੈ।ਉੱਥੇ ਮੇਰੇ ਅੱਬਾ ਦਫ਼ਨ ਹਨ,ਮੇਰੀ ਅੰਮੀ ਦਫ਼ਨ ਹੈ।ਉੱਥੇ ਹੀ ਮੇਰਾ ਸਭ ਤੋਂ ਵੱਡਾ ਪੁੱਤ ਜੋ ਚਾਰ ਮਹੀਨਿਆਂ ਦਾ ਅੱਲ੍ਹਾ ਨੂੰ ਪਿਆਰਾ ਹੋ ਗਿਆ ਉਹ ਵੀ ਦਫਨ ਹੈ।ਪਰ ਹੁਣ ਉਹ ਮਿੱਟੀ ਮੇਰੀ ਨਹੀਂ ਹੈ।ਹੁਣ ਜਿਸ ਥਾਂ ‘ਤੇ ਮੈਂ ਰਹਿੰਦਾ ਹਾਂ ਉਹ ਪਾਕਿਸਤਾਨ ਹੈ।ਜ਼ਰਾ ਸੋਚੋ ਬੰਦਿਆਂ ਕੋਲੋਂ ਇਸ ਸਿਆਸਤ ਦੀ ਪਚੇਦਗੀਆਂ ਨੇ ਕੀ ਖੋਹ ਲਿਆ ਹੈ?
ਫੁੱਲ ਪੱਤੇ ਟਾਹਣੀਆਂ
ਇਹੋ ਕੁੱਲ ਕਹਾਣੀਆਂ
ਜੜ੍ਹਾਂ ‘ਚੋਂ ਪੈਦਾ ਹੋਈਆਂ
ਜੜ੍ਹਾਂ ਨੂੰ ਜਾ ਸੁਣਾਉਣੀਆਂ
ਫਿਲਮ ਮੰਟੋ ਕਹਾਣੀ,ਕਿਰਦਾਰਾਂ ਰਾਹੀ ਜਿਹੜਾ ਖਾਕਾ ਖਿੱਚਦੀ ਹੈ ਉਸ ‘ਚ ਮੰਟੋ ਦੇ ਉਸ ਦਰਦ ਨੂੰ ਸਮਝਣ ਲਈ ਸਾਨੂੰ ਅਜ਼ਾਦੀ ਦੇ ਓਹਲੇ ਰਿਸਦੇ ਖ਼ੂਨੀ ਮੰਜਰ ਨੂੰ ਮਹਿਸੂਸ ਕਰਨਾ ਪਵੇਗਾ।ਮੰਟੋ ਆਪਣੇ ਸਮਕਾਲੀ ਫੈਜ਼ ਅਹਿਮਦ ਫੈਜ਼ ਨੂੰ ਦਹੁਰਾਉਂਦਾ ਹੈ।
ਯੇ ਦਾਗ਼ ਦਾਗ਼ ਉਜਾਲਾ,ਯੇ ਸ਼ਬ ਗ਼ਜ਼ੀਦਾ ਸਹਿਰ
ਵੋ ਇੰਤਜ਼ਾਰ ਥਾ ਜਿਸਕਾ,ਯੇ ਵੋਹ ਸਹਿਰ ਤੋਂ ਨਹੀਂ
ਯੇ ਵੋਹ ਸਹਿਰ ਤੋਂ ਨਹੀਂ,ਜਿਸਕੀ ਆਰਜੂ ਲੇਕੇ ਚਲੇ ਥੇ ਯਾਰ
ਕਿ ਮਿਲ ਜਾਏਗੀ ਕਹੀਂ ਨਾ ਕਹੀਂ
ਫਲਕ ਕੇ ਦਸ਼ਤ ਮੇਂ ਤਾਰੋਂ ਕੀ ਆਖਰੀ ਮੰਜ਼ਿਲ
ਫ਼ਿਲਮ ‘ਮੰਟੋ’ ਸੱਭਿਅਤਾਵਾਂ ਦੀ ਧਰਤੀ ‘ਤੇ ਇੱਕ ਇਸ਼ਾਰਾ ਇਹ ਵੀ ਕਰਦੀ ਹੈ ਕਿ ਰੋਟੀ,ਕੱਪੜਾ,ਮਕਾਨ ਤੋਂ ਇਲਾਵਾ ਇੱਕ ਜੱਦੋਜਹਿਦ ਜੜ੍ਹਾਂ ਦੀ ਕਹਾਣੀਆਂ ਦੀ ਵੀ ਹੈ।
ਸੋ ਕੱਟੜਵਾਦ,ਫਿਰਕੂਵਾਦ ਨੂੰ ਅਸੀਂ ਤਾਂ ਹੀ ਹਰਾ ਸਕਦੇ ਹਾਂ ਜੇ ਮੰਟੋ ਦੀਆਂ ਕਹਾਣੀਆਂ ਦੇ ਰੂਬਰੂ ਹੁੰਦੇ ਸਮਝ ਸਕੀਏ ਕਿ ਅਸੀਂ ਕੀ ਕੀ ਗਵਾ ਆਏ ਹਾਂ ਅਤੇ ਕਿਹੜਾ ਵੇਲਾ ਸਾਂਭ ਸਕਦੇ ਹਾਂ।
ਆਈਏ ਹਾਥ ਉਠਾਏਂ ਹਮ ਭੀ
ਹਮ ਜਿਨਹੇ ਰਸਮੇਂ ਦੁਆ ਯਾਦ ਨਹੀਂ
ਹਮ ਜਿਨਹੇ ਸੋਜ਼ੇ ਮੁਹੱਬਤ ਕੇ ਸਿਵਾ
ਕੋਈ ਬੁੱਤ ਕੋਈ ਖ਼ੁਦਾ ਯਾਦ ਨਹੀਂ