June 30, 2024 5:49 pm
patiala

ਪਟਿਆਲਾ ਵਿਖੇ ਵਿਦਿਆਰਥੀਆਂ ਲਈ ਸਿਹਤ ਸੰਭਾਲ ਵਿਸ਼ੇ ਤਹਿਤ ਵਿਸ਼ੇਸ਼ ਲੈਕਚਰ ਦਾ ਕੀਤਾ ਗਿਆ ਆਯੋਜਨ

ਬਹਾਦਰਗੜ੍ਹ 22 ਦਸੰਬਰ 2021 : ਬਹਾਦਰਗੜ੍ਹ (ਪਟਿਆਲਾ) ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ‘ਕਾਮਰਸ ਐਂਡ ਮੈਨੇਜਮੈਂਟ ਵਿਭਾਗ’ ਵੱਲੋਂ ‘ਬੈਚੁਲਰ ਆਫ਼ ਮੈਨੇਜਮੈਂਟ ਸਟੱਡੀਜ਼ (ਗੁਰਦੁਆਰਾ ਮੈਨੇਜਮੈਂਟ)’ ਦਾ ਕੋਰਸ ਚੱਲ ਰਿਹਾ ਹੈ। ਦੂਜੇ ਸਾਲ ਦੇ ਵਿਦਿਆਰਥੀਆਂ ਦੀ 14 ਦਿਨਾਂ ਆਰਗੇਨਾਈਜ਼ੇਸ਼ਨਲ ਟ੍ਰੇਨਿੰਗ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਹੈ। ਅੱਜ ਟ੍ਰੇਨਿੰਗ ਦੇ ਛੇਵੇਂ ਦਿਨ ‘ਕਾਮਰਸ ਐਂਡ ਮੈਨੇਜਮੈਂਟ ਵਿਭਾਗ’ ‘ਚ ਵਿਦਿਆਰਥੀਆਂ ਲਈ ਸਿਹਤ ਸੰਭਾਲ ਵਿਸ਼ੇ ਤਹਿਤ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।

ਇਹ ਲੈਕਚਰ ਯੂਨੀਵਰਸਟੀ ਦੇ ਫਿਜ਼ੀਓਥੈਰੇਪੀ ਵਿਭਾਗ ਦੇ ਇੰਚਾਰਜ ਡਾ .ਪੰਕਜਪ੍ਰੀਤ ਸਿੰਘ ਵਲੋਂ ਦਿੱਤਾ ਗਿਆ। ਉਨ੍ਹਾਂ ਫਿਜ਼ਿਓਥੈਰੇਪੀ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਉਂਦਿਆਂ ਆਖਿਆ ਕਿ ਇਸ ਵਿਚ ਦਵਾਈਆਂ ਤੋਂ ਬਿਨਾਂ ਇਲਾਜ ਕੀਤਾ ਜਾਂਦਾ ਹੈ। ਅੱਜ ਹਰ ਵਿਅਕਤੀ ਮਹਿੰਗੀਆਂ ਦਵਾਈਆਂ ਤੇ ਮਹਿੰਗੇ ਡਾਕਟਰਾਂ ਦੀ ਮਾਰ ਝੱਲ ਰਿਹਾ ਹੈ ਪਰ ਜੇ ਅਸੀਂ ਚੰਗੀ ਜੀਵਨਸ਼ੈਲੀ ਇਖ਼ਤਿਆਰ ਕਰ ਲੈਂਦੇ ਹਾਂ ਤਾਂ ਬੀਮਾਰੀਆਂ ਤੋਂ ਵੀ ਬਚ ਸਕਦੇ ਹਾਂ ਅਤੇ ਲੰਬੀ ਉਮਰ ਵੀ ਭੋਗ ਸਕਦੇ ਹਾਂ। ਉਨ੍ਹਾਂ ਬੈਠਣ, ਉੱਠਣ ਤੇ ਲੇਟਣ ਸਮੇਤ ਸਾਰੇ ਦਿਨ ਦੀਆਂ ਸਰੀਰਕ ਕਿਰਿਆਵਾਂ ਬਾਰੇ ਵੀ ਜਾਣਕਾਰੀ ਦਿੱਤੀ ਜੋ ਸਾਨੂੰ ਤੰਦਰੁਸਤ ਰੱਖ ਸਕਦੀਆਂ ਹਨ। ਮੋਬਾਈਲ ਦੀ ਸੰਜਮੀ ਵਰਤੋਂ ਬਾਰੇ ਕਿਹਾ ਕਿ ਸਾਡੇ ਸਿਰਜਨਾਤਮਕ ਸਮੇਂ ਨੂੰ ਸੋਸ਼ਲ ਸਾਈਟਾਂ ਵਿਅਰਥ ਕਰ ਰਹੀਆਂ ਹਨ। ਇਸ ਪ੍ਰਤੀ ਸੰਜੀਦਾ ਹੋਣ ਦੀ ਜ਼ਰੂਰਤ ਹੈ। ਅਖੀਰ ਵਿਚ ਵਿਦਿਆਰਥੀਆਂ ਨੇ ਸਿਹਤ ਸੰਭਾਲ ਬਾਰੇ ਪ੍ਰਸ਼ਨ ਪੁੱਛ ਕੇ ਜਾਣਕਾਰੀ ਵਿਚ ਵਾਧਾ ਕੀਤਾ। ਇਸ ਮੌਕੇ ਵਿਭਾਗ ਅਤੇ ਟੌਹੜਾ ਇੰਸਟੀਚਿਊਟ ਦਾ ਸਟਾਫ ਵੀ ਹਾਜ਼ਰ ਸੀ।