July 2, 2024 9:32 pm
ਕੁਲਤਾਰ ਸਿੰਘ ਸੰਧਵਾਂ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ 700 ਵਾਤਾਵਰਣ ਪ੍ਰੇਮੀਆਂ ਤੇ ਕਿਸਾਨਾਂ ਦਾ ਵਿਸ਼ੇਸ਼ ਸਨਮਾਨ

ਕੋਟਕਪੂਰਾ, 3 ਦਸੰਬਰ 2022: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ, ਫਤਿਹਗੜ ਸਾਹਿਬ, ਰੋਪੜ, ਸੰਗਰੂਰ, ਪਟਿਆਲਾ ਅਤੇ ਮੋਗਾ ਆਦਿ ਜ਼ਿਲ੍ਹਿਆਂ ਤੋਂ ਆਏ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤਪੱਖੀ ਕਿਸਾਨਾਂ ਅਤੇ ਨਿੱਜੀ ਜਾਂ ਪੰਚਾਇਤੀ ਜਮੀਨਾਂ ’ਚ ਜੰਗਲ ਲਾਉਣ ਵਾਲਿਆਂ ਦੇ ਵਿਸ਼ੇਸ਼ ਸਨਮਾਨ ਲਈ ਸਮਾਗਮ ਕਰਵਾਇਆ ਗਿਆ।

ਜਿਸ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਵਿਸ਼ੇਸ਼ ਮਹਿਮਾਨ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਸਪੀਕਰ ਸੰਧਵਾਂ ਨੇ ਕਿਹਾ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਅਤੇ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਦੇ ਯਤਨ ਕਰ ਰਹੀਆਂ ਹਨ। ਵਾਤਾਵਰਣ ਦੀ ਸੰਭਾਲ ’ਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਸਿਰਫ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ, ਸਗੋਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਨ।

ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਹਰ ਸੰਭਵ ਕੌਸ਼ਿਸ਼ ਕਰੇਗੀ। ਪੰਜਾਬ ਦੇ ਵਾਤਾਵਰਣ ਨੂੰ ਸੰਭਾਲ ਲਈ ਇਹੋ ਜਿਹੇ ਸਾਰਥਿਕ ਕਾਰਜਾਂ ਦੀ ਬਹੁਤ ਲੋੜ ਹੈ। ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ, ਕਨਵੀਨਰ ਨਰੋਆ ਪੰਜਾਬ ਮੰਚ, ਕੋਆਰਡੀਨੇਟਰ ਪੰਜਾਬ ਵਾਤਾਵਰਨ ਚੇਤਨਾ ਲਹਿਰ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪੰਜਾਬ ਦੇ ਵਾਤਾਵਰਣ ਪ੍ਰਤੀ ਫਿਕਰਮੰਦੀ ਜਾਹਰ ਕਰਦਿਆਂ ਦੱਸਿਆ ਕਿ ਧਰਤੀ ਹੇਠਲਾ ਪਾਣੀ 16 ਸਾਲਾਂ ਦੇ ਲਗਭਗ ਹੀ ਬਾਕੀ ਰਹਿ ਗਿਆ ਹੈ, ਪੰਜਾਬ ’ਚ ਜੰਗਲਾਤ 33 ਫੀਸਦੀ ਤੋਂ ਘੱਟ ਕੇ 3.67 ਫੀਸਦੀ ਰਹਿ ਗਿਆ।

ਮਾੜੇ ਵਾਤਾਵਰਨ ਕਰਕੇ ਪੰਜਾਬੀਆਂ ਦੀ ਸਿਹਤ ’ਤੇ ਪ੍ਰਦੂਸ਼ਣ ਦੇ ਮਾੜੇ ਪ੍ਰਭਾਵ ਤੇਜੀ ਨਾਲ ਵੱਧ ਰਹੇ ਹਨ, ਪੰਜਾਬ ਦੀ ਧਰਤੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਇਸ ਲਈ ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਜਿੰਮੇਵਾਰੀ ਵੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵਲੋਂ ਪਹਿਲਾਂ ਪੰਜਾਬ ਵਿਧਾਨ ਸਭਾ, ਕੋਟਕਪੂਰਾ, ਹਰਿਰਾਏਪੁਰ (ਬਠਿੰਡਾ), ਖਡੂਰ ਸਾਹਿਬ ਵਿਖੇ 1400 ਦੇ ਲਗਭਗ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਡਾ. ਸਤਬੀਰ ਸਿੰਘ ਗੋਸਲ ਉਪ ਕੁਲਪਤੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਿਹਾ ਕਿ ਪਰਾਲੀ ਨੂੰ ਖੇਤ ’ਚ ਵਾਹੁਣ ਨਾਲ ਖਾਦਾਂ ਦੀ ਜ਼ਰੂਰਤ ਬਹੁਤ ਘੱਟ ਜਾਵੇਗੀ, ਜੋ ਇੱਕ ਬਹੁਤ ਚੰਗੀ ਗੱਲ ਹੋਵੇਗੀ।

ਮਲਕੀਤ ਸਿੰਘ ਰੌਣੀ ਫਿਲਮੀ ਅਦਾਕਾਰ ਨੇ ਕਿਹਾ ਕਿ ਇਹ ਬਹੁਤ ਚੰਗੀ ਗੱਲ ਹੈ ਕਿ ਸਰਕਾਰ ਨੇ ਕਿਸਾਨਾਂ ਦੇ ਇਸ ਚੰਗੇ ਕੰਮ ਦੀ ਹੌਂਸਲਾ ਅਫ਼ਜ਼ਾਈ ਕੀਤੀ ਹੈ ਅਤੇ ਅਗਲੇ ਸਾਲ ਇਸ ਦੇ ਹੋਰ ਵੀ ਚੰਗੇ ਨਤੀਜੇ ਨਿਕਲਣਗੇ। ਡਾ. ਤੇਜਿੰਦਰ ਸਿੰਘ ਰਿਆੜ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਉਪਰਾਲੇ ਸ਼ਲਾਘਾਯੋਗ ਕਦਮ ਹੈ, ਸੰਸਥਾਵਾਂ ਵੱਲੋਂ ਕਿਸਾਨਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਪ੍ਰਸੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ।

ਸਟੇਜ ਦੀ ਕਾਰਵਾਈ ਡਾ. ਹਰਮਿੰਦਰ ਸਿੰਘ ਜਲਾਲਦੀਵਾਲ ਚੇਅਰਮੈਨ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਨੇ ਸਾਰਿਆਂ ਦੀ ਜਾਣ ਪਹਿਚਾਣ ਕਰਵਾਉਂਦਿਆਂ ਦੱਸਿਆ ਕਿ ਉਕਤ ਸੰਸਥਾਵਾਂ ਤੋਂ ਇਲਾਵਾ ਖਾਲਸਾ ਡੇਅਰੀ ਅਤੇ ਸਵੀਟਸ ਦੁੱਗਰੀ ਲੁਧਿਆਣਾ, ਬਚਨ ਫਾਰਮਰਜ਼ ਪ੍ਰੋਡਿਊਸਰ ਕੰਪਨੀ ਨੇ ਆਏ ਹੋਏ ਕਿਸਾਨਾਂ ਲਈ ਚਾਹ, ਲੰਗਰ ਦੀ ਸੇਵਾ ਨਿਭਾਈ, ਇਸ ਸਨਮਾਨ ਸਮਾਰੋਹ ’ਚ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਇੰਜ. ਜਸਕੀਰਤ ਸਿੰਘ ਲੁਧਿਆਣਾ ਨੇ ਦੱਸਿਆ ਕਿ ਇਸ ਮੌਕੇ ਵੱਖ-ਵੱਖ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਅਤੇ ਵਣ ਰੇਂਜ ਅਫਸਰ ਤੋਂ ਇਲਾਵਾ ਐੱਮਐੱਲਏ ਦਲਜੀਤ ਸਿੰਘ ਗਰੇਵਾਲ, ਸਰਵਜੀਤ ਕੌਰ ਮਾਣੂਕੇ, ਮਦਨ ਲਾਲ ਬੱਗਾ ਵੀ ਸ਼ਾਮਲ ਹੋਏ ਅਤੇ ਮਨਪ੍ਰੀਤ ਸਿੰਘ ਧਾਲੀਵਾਲ, ਰਾਜਿੰਦਰ ਸਿੰਘ ਬਰਾੜ, ਗੁਰਮੀਤ ਸਿੰਘ ਸੰਧੂ, ਕਰਨਲ ਜਸਜੀਤ ਗਿੱਲ ਅਤੇ ਗਗਨਜੋਤ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।