Site icon TheUnmute.com

ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ ਨੂੰ 25 ਮਈ ਦੀ ਵਿਸ਼ੇਸ਼ ਛੁੱਟੀ

voters of Haryana

ਚੰਡੀਗੜ੍ਹ, 6 ਅਪ੍ਰੈਲ 2024: ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰਾਂ (Voters of Haryana) ਨੂੰ ਸੂਬੇ ਵਿਚ ਵੋਟਿੰਗ ਵਾਲੇ ਦਿਨ ਯਾਨੀ 25 ਮਈ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦੀ ਘੋਸ਼ਣਾ ਕੀਤੀ ਗਈ ਹੈ। ਜਾਣਕਾਰੀ ਦਿੰਦਿਆ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਵਿੱਚੋਂ ਜੇਕਰ ਕੋਈ ਹਰਿਆਣਾ ਦਾ ਵੋਟਰ ਹੈ ਤਾਂ ਉਹ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ਅਥਾਰਟੀ ਤੋਂ ਮਿਤੀ 25-05-2024 (ਸ਼ਨੀਵਾਰ) ਦੀ ਵਿਸ਼ੇਸ਼ ਛੁੱਟੀ ਲੈ ਸਕੇਗਾ। ਇਹ ਛੁੱਟੀ ਅਧਿਕਾਰੀਆਂ/ਕਰਮਚਾਰੀਆਂ ਦੇ ਛੁੱਟੀਆਂ ਦੇ ਖਾਤੇ ਵਿੱਚੋਂ ਨਹੀਂ ਕੱਟੀ ਜਾਵੇਗੀ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਦੇ ਕਿਸੇ ਵੀ ਉਦਯੋਗਿਕ ਅਦਾਰੇ, ਕਾਰੋਬਾਰ, ਵਪਾਰ ਜਾਂ ਕਿਸੇ ਵੀ ਹੋਰ ਅਦਾਰੇ ਵਿੱਚ ਕੰਮ ਕਰਨ ਵਾਲੇ ਹਰਿਆਣਾ ਦੇ ਵੋਟਰ (Voters of Haryana) ਨੂੰ ਵੀ ਵੋਟ ਪਾਉਣ ਲਈ ਲੋਕ ਪ੍ਰਤਿਨਿਧਤਾ ਐਕਟ 1951 ਦੀ ਧਾਰਾ 135ਬੀ (1) ਮੁਤਾਬਕ 25-05-2024 ਨੂੰ ਅਦਾਇਗੀਯੋਗ ਛੁੱਟੀ ਘੋਸ਼ਿਤ ਕੀਤੀ ਗਈ ਹੈ।

ਇਸ ਤੋਂ ਇਲਾਵਾ 25 ਮਈ ਨੂੰ ਚੋਣਾਂ ਦੇ ਮੱਦੇਨਜ਼ਰ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਥਿਤ ਸਰਕਾਰੀ ਦਫ਼ਤਰਾਂ/ਬੋਰਡਾਂ/ਕਾਰਪੋਰੇਸ਼ਨਾਂ/ਵਿੱਦਿਅਕ ਅਦਾਰਿਆਂ ਵਿਖੇ ਸਥਾਨਕ ਛੁੱਟੀ ਰਹੇਗੀ ਅਤੇ ਇਹ ਛੁੱਟੀ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ-1881 ਅਧੀਨ ਹੋਵੇਗੀ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

Exit mobile version