ਪਟਿਆਲਾ 27 ਅਗਸਤ 2022: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਜ਼ਿਲ੍ਹੇ ਦੇ ਸਮੂਹ ਚੋਣ ਰਜਿਸਟ੍ਰੇਸ਼ਨ ਅਫ਼ਸਰਾਂ ਨੂੰ ਵੋਟਰ ਕਾਰਡ (voter card) ਨੂੰ ਆਧਾਰ ਕਾਰਡ (Aadhaar card) ਨਾਲ ਲਿੰਕ ਕਰਨ ਦੇ ਕੰਮ ਵਿਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਉਹ ਸੁਪਰਵਾਈਜ਼ਰਾਂ ਤੇ ਬੀ.ਐਲ.ਓਜ਼ ਰਾਹੀਂ ਪੋਲਿੰਗ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਉਣ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦੇ ਵੋਟਰ ਕਾਰਡ ਆਧਾਰ ਕਾਰਡ ਨਾਲ ਲਿੰਕ ਕੀਤੇ ਜਾ ਸਕਣ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਮੁੱਖ ਚੋਣ ਅਫ਼ਸਰ ਪੰਜਾਬ ਦੇ ਨਿਰਦੇਸ਼ਾਂ ਮੁਤਾਬਕ ਸੁਪਰਵਾਈਜ਼ਰ ਤੇ ਬੀ.ਐਲ.ਓਜ਼ ਵਲੋਂ ਆਧਾਰ ਡਾਟਾ ਇਕੱਤਰ ਕਰਨ ਲਈ ਹਰ ਮਹੀਨੇ ਦੇ ਇੱਕ ਐਤਵਾਰ ਨੂੰ ਪੋਲਿੰਗ ਬੂਥ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣੇ ਹਨ। ਉਨ੍ਹਾਂ ਦੱਸਿਆ ਕਿ ਇਹ ਕੈਂਪ 4 ਸਤੰਬਰ 2022, 16 ਅਕਤੂਬਰ 2022, 20 ਨਵੰਬਰ 2022, 4 ਦਸੰਬਰ 2022, 8 ਜਨਵਰੀ 2023, 5 ਫਰਵਰੀ 2023 ਅਤੇ 5 ਮਾਰਚ 2023 ਨੂੰ ਲਗਾਏ ਜਾਣ।
ਉਨ੍ਹਾਂ ਦੱਸਿਆ ਕਿ ਬੀ.ਐਲ.ਓਜ਼ ਵਿਸ਼ੇਸ਼ ਕੈਂਪ ਵਾਲੇ ਦਿਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਆਪਣੇ ਪੋਲਿੰਗ ਬੂਥ ‘ਤੇ ਬੈਠ ਕੇ ਵੋਟਰਾਂ ਪਾਸੋਂ ਫਾਰਮ ਨੰਬਰ 6 ਬੀ ਵਿਚ ਆਧਾਰ ਨੰਬਰ ਇਕੱਤਰ ਕਰਨਗੇ ਅਤੇ ਸੁਪਰਵਾਈਜ਼ਰ ਆਪਣੇ ਅਲਾਟ ਪੋਲਿੰਗ ਬੂਥਾਂ ਦੇ ਬੀ.ਐਲ.ਓਜ਼ ਦੇ ਕੰਮ ਦੀ ਨਿਗਰਾਨੀ ਕਰਨਗੇ ਤੇ ਬੀ.ਐਲ.ਓਜ਼ ਤੋਂ ਪ੍ਰਾਪਤ ਫਾਰਮਾਂ ਦੀ ਰਿਪੋਰਟ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਦੇ ਦਫ਼ਤਰ ਵਿਖੇ ਭੇਜਣਗੇ। ਉਨ੍ਹਾਂ ਸਮੂਹ ਵੋਟਰਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਬੂਥ ਲੈਵਲ ਅਫ਼ਸਰਾਂ ਨੂੰ ਆਪਣਾ ਪੂਰਨ ਸਹਿਯੋਗ ਦੇਣ ਤਾਂ ਜੋ ਇਸ ਕੰਮ ਨੂੰ ਸਮੇਂ ਸਿਰ ਨੇਪਰੇ ਚਾੜਿਆਂ ਜਾ ਸਕੇ।