ਸ੍ਰੀ ਮੁਕਤਸਰ ਸਾਹਿਬ 07 ਮਈ 2022: ਸ੍ਰੀ ਮੁਕਤਸਰ ਸਾਹਿਬ ਵਿਖੇ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਹਾੜੇ ਸਬੰਧੀ ਸਮਾਗਮਾਂ ਦੌਰਾਨ ਪਹੁੰਚੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸਿੱਧੇ ਤੌਰ ਤੇ ਹੁਣ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਸਬੰਧੀ ਸਮਾਗਮ ਦੌਰਾਨ ਹਾਜ਼ਰ ਲੋਕਾਂ ਨੂੰ ਤਿਆਰ ਰਹਿਣ ਲਈ ਆਖਿਆ ਹੈ।
ਸਮਾਗਮ ਦੌਰਾਨ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਸਬੰਧੀ ਆਪਣੇ ਸੰਬੋਧਨ ਦੌਰਾਨ ਸੱਦਾ ਦਿੰਦਿਆ ਇੱਥੇ ਤੱਕ ਕਹਿ ਦਿੱਤਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਚੋਂ ਚੋਰ ਕੱਢਣੇ ਹਨ। ਸੰਧਵਾ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨੇ ਚੁਣੀ ਹੈ ਪਰ ਇਸ ਤੋਂ ਵੱਡੀ ਜਿੰਮੇਵਾਰੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ।
ਉਹਨਾਂ ਕਿਹਾ ਕਿ ਇਸ ਸਬੰਧੀ ਮੀਟਿੰਗਾਂ ਸੁਰੂ ਕਰੀਏ ਅਤੇ ਗੁਰਸਿੱਖ ਵਿਅਕਤੀਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਚੁਣ ਕੇ ਗੁਰਦੁਆਰਾ ਪ੍ਰਬੰਧਾਂ ਲਈ ਲੈ ਕੇ ਜਾਈਏ। ਨਸ਼ੇ ਦੇ ਮਾਮਲੇ ਵਿਚ ਉਹਨਾਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਗੰਭੀਰ ਹੈ ਅਤੇ ਸਾਨੂੰ ਸਭ ਨੂੰ ਸਰਕਾਰ ਦਾ ਸਾਥ ਦੇਣਾਂ ਚਾਹੀਦਾ ਹੈ । ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿਚ ਸੰਧਵਾ ਬੋਲੇ ਕਿ ਭਾਰਤ ਵਿਚ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਅਤੇ ਜਿੰਨ੍ਹਾ ਨੇ ਸ਼ਜਾਵਾਂ ਪੂਰੀਆਂ ਕਰ ਲਈਆ ਉਹਨਾਂ ਨੂੰ ਜੇਲ੍ਹਾ ਵਿਚ ਨਹੀਂ ਰੱਖਿਆ ਜਾਣਾ ਚਾਹੀਦਾ।