ਕੋਟਕਪੂਰਾ 29 ਨਵੰਬਰ 2022: ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਵਿਖੇ ਵਾਤਾਵਰਨ ਪ੍ਰੇਮੀਆਂ ਅਤੇ ਸਮਾਜਸੇਵੀ ਸੰਸਥਾਵਾਂ ਵਲੋਂ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਜੀ ਦੀ ਰਹਿਨੁਮਾਈ ਹੇਠ ਵਾਤਾਵਰਨ ਦੀ ਸੰਭਾਲ ਸਬੰਧੀ ਉਤਸ਼ਾਹ ਵਧਾਊ ਸਮਾਗਮ ਕਰਵਾਇਆ ਗਿਆ, ਜਿਸ ’ਚ ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਗੁਰਦਾਸਪੁਰ, ਪਠਾਨਕੋਟ, ਜਲੰਧਰ, ਕਪੂਰਥਲਾ, ਨਵਾਂ ਸ਼ਹਿਰ ਆਦਿ ਜ਼ਿਲ੍ਹਿਆਂ ਤੋਂ ਆਏ 500 ਦੇ ਕਰੀਬ ਵਾਤਾਵਰਣ ਪ੍ਰੇਮੀ ਤੇ ਅੱਗਮੁਕਤ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨਾਂ ਸਮੇਤ ਨਿੱਜੀ ਜਾਂ ਪੰਚਾਇਤੀ ਜਮੀਨਾਂ ’ਚ ਜੰਗਲ ਝਿੜੀਆਂ ਲਾਉਣ ਵਾਲੇ ਵਾਤਾਵਰਨ ਪ੍ਰੇਮੀਆਂ ਦਾ ਵਿਸ਼ੇਸ਼ ਸਨਮਾਨ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ, ਕਾਰ ਸੇਵਾ ਖਡੂਰ ਸਾਹਿਬ, ਯੰਗ ਇੰਨਓਵੇਟਿਵ ਫਾਰਮਰਜ ਵਲੋਂ ਕੀਤਾ ਗਿਆ।
ਸੁਸਾਇਟੀ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਮੁਤਾਬਿਕ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਅਤੇ ਵਿਸ਼ੇਸ਼ ਮਹਿਮਾਨ ਡਾ. ਆਦਰਸ਼ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਪਣੇ ਸੰਬੋਧਨ ਦੌਰਾਨ ਸਪੀਕਰ ਸੰਧਵਾਂ ਨੇ ਕਿਹਾ ਕਿ ਕਾਰ ਸੇਵਾ ਖਡੂਰ ਸਾਹਿਬ ਅਤੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਦੇ ਯਤਨ ਕਰ ਰਹੀ ਹੈ।
ਵਾਤਾਵਰਣ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਸਿਰਫ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਦਾ ਕਾਰਜ ਕਰ ਰਹੇ ਹਨ। ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਇਸ ਮੁਹਿੰਮ ਦਾ ਪ੍ਰਸਾਰ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰੇਗੀ। ਪੰਜਾਬ ਦੇ ਵਾਤਾਵਰਣ ਨੂੰ ਸੰਭਾਲਣ ਲਈ ਇਹੋ ਜਿਹੇ ਸਾਰਥਿਕ ਕਾਰਜਾਂ ਦੀ ਬਹੁਤ ਲੋੜ ਹੈ।
ਇਸ ਮੌਕੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਚੰਦਬਾਜਾ ਪ੍ਰਧਾਨ ਨਰੋਆ ਪੰਜਾਬ ਮੰਚ, ਕਨਵੀਨਰ ਪੰਜਾਬ ਵਾਤਾਵਰਨ ਚੇਤਨਾ ਲਹਿਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਪੰਜਾਬ ਦੇ ਵਾਤਾਵਰਣ ਪ੍ਰਤੀ ਫਿਕਰਮੰਦੀ ਜਾਹਰ ਕਰਦਿਆਂ ਦੱਸਿਆ ਕਿ ਧਰਤੀ ਹੇਠਲਾ ਪਾਣੀ 16 ਸਾਲਾਂ ਦੇ ਲਗਭਗ ਪਾਣੀ ਰਹਿ ਗਿਆ ਹੈ, ਪੰਜਾਬ ’ਚ ਜੰਗਲਾਤ 33 ਫੀਸਦੀ ਤੋਂ ਘੱਟ ਕੇ 3.67 ਫੀਸਦੀ ਰਹਿ ਗਿਆ ਹੈ, ਜੋ ਕਿ ਚਿੰਤਾਜਨਕ ਸਥਿੱਤੀ ਹੈ।
ਮਾੜੇ ਵਾਤਾਵਰਨ ਅਤੇ ਪ੍ਰਦੂਸ਼ਣ ਕਰਕੇ ਪੰਜਾਬੀਆਂ ਦੀ ਸਿਹਤ ’ਤੇ ਮਾੜੇ ਪ੍ਰਭਾਵ ਤੇਜੀ ਨਾਲ ਵੱਧ ਰਹੇ ਹਨ ਤੇ ਪੰਜਾਬ ਦੀ ਧਰਤੀ ਹੁਣ ਬਿਮਾਰਾਂ ਦੀ ਧਰਤੀ ਬਣਦੀ ਜਾ ਰਹੀ ਹੈ, ਇਸ ਲਈ ਵਾਤਾਵਰਨ ਦੀ ਸੰਭਾਲ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ ਅਤੇ ਇਸ ਲਈ ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਸਮੂਹਿਕ ਜਿੰਮੇਵਾਰੀ ਵੀ ਹੈ। ਇਸ ਮੌਕੇ ਡਾ. ਆਦਰਸ਼ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਇਸ ਉਪਰਾਲੇ ਨੂੰ ਸਲਾਹਿਆ।
ਸਟੇਜ ਦੀ ਕਾਰਵਾਈ ਗੁਰਬਿੰਦਰ ਸਿੰਘ ਬਾਜਵਾ ਕੋਆਰਡੀਨੇਟਰ ਯੰਗ ਇੰਨੋਵੇਟਿਵ ਫਾਰਮਰਜ਼ ਗਰੁੱਪ ਨੇ ਸੁਚੱਜੇ ਰੂਪ ਵਿੱਚ ਚਲਾਈ ਅਤੇ ਸਮੂਹ ਕਿਸਾਨ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਸਾਰਿਆਂ ਦੇ ਸਨਮੁੱਖ ਕੀਤਾ। ਉਕਤ ਸਮਾਗਮ ਦਾ ਸਾਰਾ ਪ੍ਰਬੰਧ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਕੀਤਾ ਗਿਆ ਅਤੇ ਉਚਿਤ ਕਿਸਾਨਾਂ ਦੀ ਸ਼ਮੂਲੀਅਤ ਸਬੰਧੀ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦਾ ਵਿਸ਼ੇਸ਼ ਸਹਿਯੋਗ ਰਿਹਾ। ਇਸ ਮੌਕੇ ਵੱਖ-ਵੱਖ ਜਿਲਿਆਂ ਦੇ ਮੁੱਖ ਖੇਤੀਬਾੜੀ ਅਫਸਰ ਸਾਹਿਬਾਨ ਅਤੇ ਵਣ ਰੇਂਜ ਅਫਸਰ ਤੋਂ ਇਲਾਵਾ ਜਗਸੀਰ ਸਿੰਘ ਸੰਧਵਾਂ, ਗਗਨਜੋਤ ਸਿੰਘ ਬਰਾੜ ਚੰਦਬਾਜਾ, ਸੁਖਦੀਪ ਸਿੰਘ ਐਸਡੀਓ, ਯਾਦਵਿੰਦਰ ਸਿੰਘ, ਗੁਰਪ੍ਰੀਤ ਸਿੰਘ ਧੂੜਕੋਟ, ਬਾਬਾ ਦਵਿੰਦਰ ਸਿੰਘ ਅਤੇ ਬਾਬਾ ਗੁਰਪ੍ਰੀਤ ਸਿੰਘ ਆਦਿ ਵੀ ਹਾਜ਼ਿਰ ਸਨ।