June 30, 2024 4:12 am
Faridkot

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ 250 ਵਾਤਾਵਰਣ ਪ੍ਰੇਮੀ ਅਤੇ ਕਿਸਾਨਾਂ ਦਾ ਕੀਤਾ ਵਿਸ਼ੇਸ਼ ਸਨਮਾਨ

ਫ਼ਰੀਦਕੋਟ 09 ਦਸੰਬਰ 2022: ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ (Faridkot) ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ (ਰਜਿ.) ਫ਼ਰੀਦਕੋਟ ਅਤੇ ਖੇਤੀ ਵਿਰਾਸਤ ਮਿਸ਼ਨ ਵਲੋਂ ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਫ਼ਰੀਦਕੋਟ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਤੋਂ ਆਏ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨਾਂ ਅਤੇ ਨਿੱਜੀ ਜਾਂ ਪੰਚਾਇਤੀ ਜਮੀਨਾਂ ’ਚ ਜੰਗਲ ਲਾਉਣ ਵਾਲਿਆਂ ਦੇ ਵਿਸ਼ੇਸ਼ ਸਨਮਾਨ ਲਈ ਸਮਾਗਮ ਕਰਵਾਇਆ ਗਿਆ।

ਉਕਤ ਸਮਾਗਮ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਡਾ. ਆਦਰਸ਼ਪਾਲ ਵਿੱਗ ਚੇਅਰਮੈਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਸ਼ਿਰਕਤ ਕੀਤੀ। ਕਿਸਾਨਾਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਪ੍ਰਸੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ ਸੁਸਾਇਟੀ ਵਲੋਂ ਪਹਿਲਾਂ ਪੰਜਾਬ ਵਿਧਾਨ ਸਭਾ ਤੋਂ ਇਲਾਵਾ ਕੋਟਕਪੂਰਾ, ਹਰਿਰਾਏਪੁਰ ਬਠਿੰਡਾ, ਖਡੂਰ ਸਾਹਿਬ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੀ ਵੱਖ-ਵੱਖ ਸਮੇਂ 2100 ਦੇ ਲਗਭਗ ਕਿਸਾਨਾਂ ਨੂੰ ਸਨਮਾਨਿਤ ਕੀਤਾ ਜਾ ਚੁੱਕਾ ਹੈ |

ਇਸ ਮੌਕੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਲੰਮੇ ਸਮੇਂ ਤੋਂ ਵਾਤਾਵਰਣ ਸੁਧਾਰ ਦੇ ਯਤਨ ਕਰ ਰਹੀ ਹੈ। ਵਾਤਾਵਰਣ ਦੀ ਸੰਭਾਲ ’ਚ ਵੱਡਾ ਯੋਗਦਾਨ ਪਾ ਰਹੇ ਕਿਸਾਨ ਸਿਰਫ ਆਪਣੇ ਖੇਤ ਅਤੇ ਆਪਣੇ ਪਰਿਵਾਰ ਦਾ ਹੀ ਨਹੀਂ ਸਗੋਂ ਸਰਬੱਤ ਦੇ ਭਲੇ ਦਾ ਕਾਰਜ ਵੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵਾਤਾਵਰਣ ਪੱਖੀ ਕਿਸਾਨਾਂ/ਸੰਸਥਾਵਾਂ ਨੂੰ ਇਸ ਨੇਕ ਕੰਮ ਲਈ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਹਰ ਸੰਭਵ ਕੋਸ਼ਿਸ਼ ਕਰੇਗੀ, ਕਿਉਂਕਿ ਪੰਜਾਬ ਦੇ ਵਾਤਾਵਰਣ ਦੀ ਸੰਭਾਲ ਲਈ ਇਹੋ ਜਿਹੇ ਸਾਰਥਕ ਕਾਰਜਾਂ ਦੀ ਬਹੁਤ ਲੋੜ ਹੈ।