ਚੰਡੀਗੜ੍ਹ, 2 ਅਗਸਤ 2024: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਭਾਰਤ ਦੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸੰਵਿਧਾਨਕ ਨਿਯੁਕਤੀਆਂ ਨਾਲ ਸੰਬੰਧਿਤ ਸਾਰੇ ਅਧਿਕਾਰਤ ਨੋਟੀਫਿਕੇਸ਼ਨਾਂ ‘ਚ ਖੇਤਰੀ ਭਾਸ਼ਾਵਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ ਹੈ। ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਦੇ ਰਾਜਪਾਲ ਦੀ ਹਾਲ ‘ਚ ਹੋਈ ਨਿਯੁਕਤੀ ਦੇ ਨੋਟੀਫਿਕੇਸ਼ਨ ਅੰਗਰੇਜ਼ੀ ਅਤੇ ਹਿੰਦੀ ‘ਚ ਪੜ੍ਹੇ ਜਾਂ ਦਾ ਹਵਾਲਾ ਦਿੱਤਾ |
ਉਨ੍ਹਾਂ (Kultar Singh Sandhawan) ਕਿਹਾ ਕਿ 31 ਜੁਲਾਈ, 2024 ਨੂੰ ਪੰਜਾਬ ਦੇ ਨਵੇਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਸਹੁੰ ਚੁੱਕ ਸਮਾਗਮ ਦੌਰਾਨ ਰਾਸ਼ਟਰਪਤੀ ਸਕੱਤਰੇਤ ਵੱਲੋਂ ਪੰਜਾਬ ਰਾਜਪਾਲ ਦੀ ਨਿਯੁਕਤੀ ਦਾ ਨੋਟੀਫਿਕੇਸ਼ਨ ਨੂੰ ਅੰਗਰੇਜ਼ੀ ਅਤੇ ਹਿੰਦੀ ਭਾਸ਼ਾ ‘ਚ ਪੜ੍ਹਿਆ ਗਿਆ, ਪਰ ਉਕਤ ਨੋਟੀਫਿਕੇਸ਼ਨ ਪੰਜਾਬੀ ਵਿੱਚ ਉਪਲਬੱਧ ਨਹੀਂ ਕਰਵਾਇਆ ਗਿਆ, ਜਿਸ ਕਰਕੇ ਪੰਜਾਬ ਵਾਸੀਆਂ ‘ਚ ਚਿੰਤਾ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਜਿਵੇਂ ਅਸੀਂ ਸਰਕਾਰੀ ਭਾਸ਼ਾਵਾਂ ਵਜੋਂ ਅੰਗਰੇਜ਼ੀ ਅਤੇ ਹਿੰਦੀ ਨੂੰ ਮਾਨਤਾ ਦਿੰਦੇ ਹਾਂ, ਉਸੇ ਤਰ੍ਹਾਂ ਹੀ ਦੇਸ਼ ਦੀਆਂ ਭਾਸ਼ਾਈ ਵਿਭਿੰਨਤਾ ਦਾ ਮਾਣ-ਸਤਿਕਾਰ ਕੀਤਾ ਜਾਣਾ ਚਾਹੀਦਾ ਹੈ |
ਕੁਲਤਾਰ ਸਿੰਘ ਸੰਧਵਾਂ ਨੇ ਰਾਸ਼ਟਰਪਤੀ ਨੂੰ ਚਿੱਠੀ ਲਿਖ ਕੇ ਸੰਵਿਧਾਨਕ ਨਿਯੁਕਤੀਆਂ ਸੰਬੰਧੀ ਸਾਰੇ ਨੋਟੀਫਿਕੇਸ਼ਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਦੇ ਨਾਲ-ਨਾਲ ਖੇਤਰੀ ਭਾਸ਼ਾ ‘ਚ ਜਾਰੀ ਕੀਤੇ ਜਾਣ ਦੀ ਬੇਨਤੀ ਕੀਤੀ ਹੈ | ਖੇਤਰ ਦੇ ਅਮੀਰ ਸੱਭਿਆਚਾਰ ਨੂੰ ਮਾਨਤਾ ਦੇਣ ਦੇ ਨਾਲ-ਨਾਲ ਭਾਸ਼ਾਈ ਵਿਭਿੰਨਤਾ ਲਈ ਸਮਾਵੇਸ਼ ਅਤੇ ਸਨਮਾਨ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ।