ਚੰਡੀਗੜ 22 ਅਕਤੂਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਨਹਿਰਾਂ ਪੱਕੀਆਂ ਕਰਨ ਕਰਕੇ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੇ ਸਬੰਧ ਵਿੱਚ ਫਰੀਦਕੋਟ ਦੀਆਂ ਵੱਖ-ਵੱਖ ਸੰਸਥਾਵਾਂ ਦੀਆਂ ਚਿੰਤਾਵਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਾਣੂ ਕਰਵਾਇਆ ਅਤੇ ਉਨਾਂ ਨੂੰ ਇਨਾਂ ਚਿੰਤਾਵਾਂ ਦਾ ਹੱਲ ਕਰਨ ਦੀ ਅਪੀਲ ਕੀਤੀ।
ਸੁਸਾਇਟੀ ਫਾਰ ਇਕਾਲੋਜੀਕਲ ਐਂਡ ਇਨਵਾਇਰਮੈਂਟ ਰਿਸੋਰਸ ਫਰੀਦਕੋਟ ਤੇ ਜਲ ਜੀਵਨ ਬਚਾਊ ਮੋਰਚਾ ਅਤੇ ਹੋਰਨਾਂ ਲੋਕਾਂ ਵੱਲੋਂ ਨਹਿਰਾਂ ਪੱਕੀਆਂ ਕਰਨ ਕਰਕੇ ਦਰੱਖਤਾਂ ਨੂੰ ਹੋ ਰਹੇ ਨੁਕਸਾਨ ਦਾ ਮੁੱਦਾ ਪਿਛਲੇ ਦਿਨੀਂ ਵਿਧਾਨ ਸਭਾ ਸਪੀਕਰ ਪਾਸ ਉਠਾਇਆ ਗਿਆ, ਜਿਸ ’ਤੇ ਉਨਾਂ ਵੱਲੋਂ ਅੱਜ ਮੁੱਖ ਮੰਤਰੀ ਨੂੰ ਇਸ ਮਸਲੇ ਦਾ ਹੱਲ ਕਰਨ ਦੀ ਬੇਨਤੀ ਕੀਤੀ ਗਈ।
ਉਨਾਂ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਕਿ ਹਰਿਆਲੀ ਅਤੇ ਵਾਤਾਵਰਣ ਨੂੰ ਬਚਾਉਣ ਲਈ ਫਰੀਦਕੋਟ ਇਲਾਕੇ ਦੇ ਲੋਕਾਂ ਵੱਲੋਂ ਰਾਜਸਥਾਨ ਫੀਡਰ ਅਤੇ ਸਰਹੰਦ ਫੀਡਰ ਨਹਿਰਾਂ ਦੀਆਂ ਪਟੜੀਆਂ ’ਤੇ ਰੁੱਖ ਲਾ ਕੇ ਅਤੇ ਉਨਾਂ ਦੀ ਦੇਖ-ਭਾਲ ਕਰਕੇ ਇਲਾਕੇ ਨੂੰ ਹਰਿਆ-ਭਰਿਆ ਬਣਾਇਆ ਗਿਆ ਹੈ। ਉਨਾਂ ਸ਼ੰਕਾ ਪ੍ਰਗਟ ਕੀਤਾ ਕਿ ਨਹਿਰਾਂ ਦੇ ਕੰਢਿਆਂ ਨੂੰ ਕੰਕਰੀਟ ਨਾਲ ਪੱਕਾ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਣੀ ਜਮੀਨ ਵਿੱਚ ਸਿੰਮਣੋਂ ਹਟ ਜਾਵੇਗਾ।
ਉਨਾਂ ਕਿਹਾ ਕਿ ਫਰੀਦਕੋਟ ਜਾਂ ਆਸ-ਪਾਸ ਦੇ ਇਲਾਕੇ ਵਿੱਚ ਕਿਤੇ ਵੀ ਸੇਮ ਨਹੀਂ ਹੈ, ਜਿਸ ਕਰਕੇ ਰੁੱਖਾਂ ਨੂੰ ਵੱਢਣਾ ਸਹੀ ਨਹੀਂ ਹੋਵੇਗਾ।ਉਨਾਂ ਅਪੀਲ ਕੀਤੀ ਕਿ ਜੇਕਰ ਪੂਰੀ ਤਰਾਂ ਕੰਮ ਰੋਕਿਆ ਨਹੀਂ ਜਾ ਸਕਦਾ ਤਾਂ ਭੋਲੂ ਵਾਲਾ ਪੁਲ ਤੋਂ ਲੈ ਕੇ ਮਚਾਕੀ ਮੱਲ ਸਿੰਘ ਵਾਲਾ ਦੇ ਪੁਲ ਤੱਕ ਨਹਿਰ ਪੱਕੀ ਨਾ ਕੀਤੀ ਜਾਵੇ ਤਾਂ ਜੋ ਵਾਤਾਵਰਨ ਅਤੇ ਮਨੁੱਖਤਾ ਨੂੰ ਕਾਫੀ ਹੱਦ ਤੱਕ ਬਚਾਇਆ ਜਾ ਸਕੇਗਾ ।