ਚੰਡੀਗ੍ਹੜ 03 ਸਤੰਬਰ 2022: ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕੈਨੇਡਾ ਵਿੱਚ ਵੱਸਦੇ ਪੰਜਾਬੀਆਂ ਨੂੰ ਪੰਜਾਬ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਦੀ ਅਪੀਲ ਕੀਤੀ ਹੈ। ਕੈਨੇਡਾ ਦੇ ਦੌਰੇ ਦੌਰਾਨ ਵੈਨਕੂਵਰ ਵਿਖੇ ਪੰਜਾਬੀ ਭਾਈਚਾਰੇ ਨੂੰ ਸੰਬੋਧਿਤ ਕਰਦੇ ਹੋਏ ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਪੰਜਾਬੀ ਦੁਨੀਆਂ ਭਰ ਵਿੱਚ ਜਿੱਥੇ ਵੀ ਗਏ ਹਨ, ਓਥੇ ਉਨਾਂ ਨੇ ਆਪਣੇ ਸੁਭਾਅ ਅਤੇ ਸਖ਼ਤ ਮਿਹਨਤ ਨਾਲ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਪੰਜਾਬੀਆਂ ਦੀ ਇਹ ਵਿਸ਼ੇਸ਼ਤਾ ਹੀ ਉਨਾਂ ਨੂੰ ਬਾਕੀਆਂ ਨਾਲੋਂ ਵੱਖਰਾ ਮੁਕਾਮ ਦਿਵਾਉਦੀ ਹੈ।
ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਕਿਹਾ ਕਿ ਪੰਜਾਬੀਆਂ ਨੇ ਕੈਨੇਡਾ ਦੇ ਵਿਕਾਸ ਵਿੱਚ ਵੀ ਵੱਡਾ ਯੋਗਦਾਨ ਪਾਇਆ ਹੈ ਅਤੇ ਆਪਣੇ ਵਿਸ਼ਾਲ ਕਾਰੋਬਾਰ ਖੜੇ ਕੀਤੇ ਹਨ। ਕੁਲਤਾਰ ਸੰਧਵਾਂ ਨੇ ਕਿਹਾ ਕਿ ਹੁਣ ਉਨਾਂ ਦੀ ਆਪਣੀ ਮਾਤ ਭੂਮੀ ਦੇ ਵਿਕਾਸ ਲਈ ਵੀ ਇਸ ਤਰਾਂ ਦੀ ਭੂਮਿਕਾ ਨਿਭਾਏ ਜਾਣ ਦੀ ਜ਼ਿੰਮੇਂਵਾਰੀ ਬਣਦੀ ਹੈ। ਆਪਣੇ ਸੰਬੋਧਨ ਦੌਰਾਨ ਸੰਧਵਾਂ ਨੇ ਕੈਨੇਡਾ ’ਚ ਵਸਦੇ ਪੰਜਾਬੀਆਂ ਨੂੰ ਪੰਜਾਬ ਵਿੱਚ ਵੀ ਆਪਣੀਆਂ ਵਿਕਾਸਮਈ ਪਹਿਲਕਦਮੀਆਂ ਸ਼ੁਰੂ ਕਰਨ ਦੀ ਅਪੀਲ ਕੀਤੀ। ਉਨਾਂ ਕਿਹਾ ਕਿ ਪੰਜਾਬੀ ਭਾਵੇਂ ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ ਵੱਸਦੇ ਹਨ ਪਰ ਉਨਾਂ ਦੀ ਰੂਹ ਪੰਜਾਬ ਵਿੱਚ ਹੀ ਵੱਸਦੀ ਹੈ।
ਸਪੀਕਰ ਸੰਧਵਾਂ ਨੇ ਕਿਹਾ ਕਿ ਹਰੇਕ ਪੰਜਾਬੀ ਨੂੰ ਉਨਾਂ ਦੀ ਸਫ਼ਲਤਾ ਉਤੇ ਵੱਡਾ ਮਾਣ ਹੈ। ਉਨਾਂ ਉਮੀਦ ਪ੍ਰਗਟ ਕੀਤੀ ਕਿ ਉਹ ਦੇਸ਼ ਵਿੱਚ ਵੱਸਦੇ ਆਪਣੇ ਲੋਕਾਂ ਦੇ ਵਿਕਾਸ ਲਈ ਵੀ ਕਦਮ ਚੁੱਕਣਗੇ। ਉਨਾਂ ਨੇ ਪੰਜਾਬ ਵਿੱਚ ਆਪਣੇ ਉਦਮ ਸ਼ੁਰੂ ਕਰਨ ਵਾਲਿਆਂ ਨੂੰ ਹਰ ਮਦਦ ਦੇਣ ਦਾ ਭਰੋੋਸਾ ਦਿਵਾਇਆ। ਇਸ ਦੌਰਾਨ ਪੰਜਾਬੀ ਭਾਈਚਾਰੇ ਨੇ ਸੰਧਵਾਂ ਦਾ ਵੱਖ ਵੱਖ ਥਾਵਾਂ ’ਤੇ ਭਰਪੂਰ ਸਵਾਗਤ ਕੀਤਾ।