Site icon TheUnmute.com

ਸਪੀਕਰ ਕੁਲਤਾਰ ਸੰਧਵਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉੱਚ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ

Speaker Kultar Sandhawan

ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਦੇ ਸਮਾਗਮ ਦੀ ਕਾਰਵਾਈ ਦੇਖਣ ਆਏ ਸਕੂਲੀ ਵਿਦਿਆਰਥੀਆਂ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੇ ਸਖਤ ਮਿਹਨਤ ਕਰਨ ਅਤੇ ਉਚ ਕਦਮਾਂ ਕੀਮਤਾਂ ਅਪਨਾਉਣ ਦੀ ਸਲਾਹ ਦਿੱਤੀ ਹੈ ਤਾਂ ਜੋ ਭਵਿੱਖ ਵਿੱਚ ਹੋਰ ਵੀ ਵਧੀਆ ਤਰੀਕੇ ਨਾਲ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਅਗਲੇ ਵਿਧਾਨ ਸਭਾ ਸਮਾਗਮ ਦੌਰਾਨ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਦਨ ਦੀ ਕਾਰਵਾਈ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅੱਜ 16 ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਦੇ ਆਖਰੀ ਦਿਨ ਸਦਨ ਦੀ ਕਾਰਵਾਈ ਦੇਖਣ ਆਏ ਵਿਦਿਆਰਥੀਆਂ ਨੂੰ ਸ. ਸੰਧਵਾਂ ਨੇ ਦੇਸ਼ ਦਾ ਭਵਿੱਖ ਦੱਸਿਆ। ਵਿਦਿਆਰਥੀਆਂ ਨੂੰ ਸੰਬੋਧਤ ਹੁੰਦੇ ਹੋਏ ਸ. ਸੰਧਵਾਂ ਨੇ ਕਿਹਾ ਕਿ ਭਵਿੱਖ ਵਿੱਚ ਤੁਸੀਂ ਦੇਸ਼ ਦੀ ਵਾਗਡੋਰ ਸੰਭਾਲਣੀ ਹੈ। ਇਸ ਕਰਕੇ ਤੁਹਾਨੂੰ ਦਿ੍ਰੜ ਇੱਛਾ ਸ਼ਕਤੀ ਦੇ ਨਾਲ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦਾ ਨਿਰਮਾਣ ਵਧੇਰੇ ਤੀਬਰ ਗਤੀ ਨਾਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਜਿਸ ਦੇਸ਼ ਜਾਂ ਕੌਮ ਦੇ ਵਿਦਿਆਰਥੀ ਉਚ ਅਨੁਸ਼ਾਸ਼ਿਤ ਅਤੇ ਕਦਰਾਂ-ਕੀਮਤਾਂ ਵਾਲੇ ਹੋਣਗੇ, ਉਸ ਦੇਸ਼ ਜਾਂ ਕੌਮ ਦਾ ਭਵਿੱਖ ਪੂਰੀ ਤਰ੍ਹਾਂ ਸੁਰੱਖਿਅਤ ਹੋਵੇਗਾ।

ਸ. ਸੰਧਵਾਂ ਨੇ ਵਿਦਿਆਰਥੀਆਂ ਦੇ ਵਿਦਿਅਕ ਟੂਰਾਂ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ ਤਾਂ ਉਹ ਘੁੰਮ-ਫਿਰ ਕੇ ਵਧੇਰੇ ਪ੍ਰਭਾਵੀ ਢੰਗ ਨਾਲ ਗਿਆਨ ਹਾਸਲ ਕਰ ਸਕਣ। ਉਨ੍ਹਾਂ ਕਿਹਾ ਕਿ ਵਿਦਿਅਕ ਟੂਰ ਵਿਦਿਆਰਥੀਆਂ ਦੇ ਗਿਆਨ ਪ੍ਰਾਪਤੀ ਦੇ ਯਤਨਾਂ ਵਿੱਚ ਵਾਧਾ ਕਰਦੇ ਹਨ। ਇਸ ਲਈ ਇਹ ਵਿਦਿਆਰਥੀਆਂ ਦੀ ਪੜ੍ਹਾਈ ਦਾ ਲਾਜ਼ਮੀ ਹਿੱਸਾ ਹੋਣੇ ਚਾਹੀਦੇ ਹਨ।

ਇਸ ਤੋਂ ਪਹਿਲਾਂ ਸਪੀਕਰ ਨੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਭੋਜ ਦਿੱਤਾ। ਸ. ਸੰਧਵਾਂ ਦੀ ਧਰਮ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਨੇ ਵਿਦਿਆਰਥੀਆਂ ਦੇ ਨਾਲ ਦੁਪਹਿਰ ਦਾ ਖਾਣਾ ਖਾਧਾ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਦਿ੍ਰੜ ਇਰਾਦੇ ਨਾਲ ਪੜ੍ਹਾਈ ਕਰਨ ਲਈ ਆਖਿਆ। ਇਸ ਦੌਰਾਨ ਵਿਦਿਆਰਥੀ ਇਸ ਸਮੇਂ ਦੌਰਾਨ ਪੂਰੀ ਤਰ੍ਹਾਂ ਖੁਸ਼ ਦਿਖਾਈ ਦਿੱਤੇ ਅਤੇ ਉਨ੍ਹਾਂ ਨੇ ਨੇ ਪੂਰੀ ਉਤਸੁਕਤਾ ਨਾਲ ਸਦਨ ਦੀ ਕਾਰਵਾਈ ਦੇਖੀ। ਇਸੇ ਦੌਰਾਨ ਹੀ ਵਿਧਾਨ ਸਭਾ ਦੇ ਸਪੀਕਰ ਸ. ਸੰਧਵਾਂ ਦੇ ਮਾਤਾ ਜੀ ਸ੍ਰੀਮਤੀ ਗੁਰਮੇਲ ਕੌਰ ਅਤੇ ਧਰਮ ਪਤਨੀ ਸ੍ਰੀਮਤੀ ਗੁਰਪ੍ਰੀਤ ਕੌਰ ਸੰਧਵਾਂ ਨੇ ਵੀ ਵਿਧਾਨ ਸਭਾ ਦੀ ਕਾਰਵਾਈ ਦੇਖੀ।

Exit mobile version