Site icon TheUnmute.com

ਕ੍ਰਿਕਟ ਵਿਸ਼ਵ ਕੱਪ ਦੇ ਇਤਿਹਾਸ ‘ਚ ਦੱਖਣੀ ਅਫਰੀਕਾ ਨੇ ਬਣਾਇਆ ਸਭ ਤੋਂ ਵੱਡਾ ਸਕੋਰ, 3 ਖਿਡਾਰੀਆਂ ਨੇ ਜੜੇ ਸੈਂਕੜੇ

South Africa

ਚੰਡੀਗੜ੍ਹ, 7 ਅਕਤੂਬਰ 2023: ਭਾਰਤ ਵਿੱਚ ਚੱਲ ਰਹੇ ਇੱਕ ਰੋਜ਼ਾ ਵਿਸ਼ਵ ਕੱਪ 2023 ਦੇ ਚੌਥੇ ਮੈਚ ਵਿੱਚ ਰਿਕਾਰਡਾਂ ਦੀ ਝੜੀ ਲੱਗ ਗਈ ਹੈ । ਦੱਖਣੀ ਅਫਰੀਕਾ (South Africa)  ਨੇ ਸ਼੍ਰੀਲੰਕਾ ਖ਼ਿਲਾਫ਼ 50 ਓਵਰਾਂ ‘ਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 428 ਦੌੜਾਂ ਬਣਾ ਕੇ ਕਈ ਰਿਕਾਰਡ ਤੋੜ ਦਿੱਤੇ। ਇਹ ਵਿਸ਼ਵ ਕੱਪ ਇਤਿਹਾਸ ਦਾ ਸਭ ਤੋਂ ਵੱਡਾ ਸਕੋਰ ਸੀ।

ਇਸ ਤੋਂ ਪਹਿਲਾਂ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਂ ਸੀ। ਉਸ ਨੇ 2015 ਵਿਸ਼ਵ ਕੱਪ ਵਿੱਚ ਪਰਥ ਵਿੱਚ ਅਫਗਾਨਿਸਤਾਨ ਖ਼ਿਲਾਫ਼ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 417 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਨੇ ਵਿਸ਼ਵ ਕੱਪ ਵਿੱਚ ਤੀਜੀ ਵਾਰ 400+ ਦਾ ਸਕੋਰ ਬਣਾਇਆ। ਇਹ ਟੀਮ ਅਜਿਹਾ ਕਰਨ ਵਾਲੀ ਪਹਿਲੀ ਟੀਮ ਹੈ। ਦੂਜੇ ਸਥਾਨ ‘ਤੇ ਭਾਰਤ ਅਤੇ ਆਸਟ੍ਰੇਲੀਆ ਹਨ, ਜਿਨ੍ਹਾਂ ਨੇ ਇਕ-ਇਕ ਵਾਰ ਅਜਿਹਾ ਕੀਤਾ ਹੈ।

ਇੱਕ ਰੋਜ਼ਾ ਕ੍ਰਿਕਟ ਵਿੱਚ ਇਹ ਅੱਠਵਾਂ ਮੌਕਾ ਸੀ ਜਦੋਂ ਦੱਖਣੀ ਅਫਰੀਕਾ ਨੇ 400 ਤੋਂ ਵੱਧ ਦੌੜਾਂ ਬਣਾਈਆਂ। ਭਾਰਤ ਇਸ ਸੂਚੀ ਵਿੱਚ ਛੇ ਵਾਰ ਦੇ ਨਾਲ ਦੂਜੇ ਸਥਾਨ ‘ਤੇ ਹੈ ਅਤੇ ਇੰਗਲੈਂਡ ਪੰਜ ਵਾਰ ਨਾਲ ਤੀਜੇ ਸਥਾਨ ‘ਤੇ ਹੈ। 428 ਦਾ ਸਕੋਰ ਵਨਡੇ ਵਿੱਚ ਦੱਖਣੀ ਅਫਰੀਕਾ ਦਾ ਤੀਜਾ ਸਰਵੋਤਮ ਸਕੋਰ ਹੈ।

428 ਦੌੜਾਂ ਕਿਸੇ ਵੀ ਟੀਮ ਵੱਲੋਂ ਸ਼੍ਰੀਲੰਕਾ ਖਿਲਾਫ ਵਨਡੇ ‘ਚ ਬਣਾਇਆ ਗਿਆ ਸਭ ਤੋਂ ਵੱਡਾ ਸਕੋਰ ਹੈ। ਦੱਖਣੀ ਅਫਰੀਕਾ ਨੇ ਇਸ ਮਾਮਲੇ ਵਿੱਚ ਭਾਰਤ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤੀ ਟੀਮ ਨੇ 2009 ਵਿੱਚ ਰਾਜਕੋਟ ਵਿੱਚ ਸ਼੍ਰੀਲੰਕਾ ਦੇ ਖਿਲਾਫ 414/7 ਦਾ ਸਕੋਰ ਬਣਾਇਆ ਸੀ। ਇਹ ਭਾਰਤ ਵਿੱਚ ਕਿਸੇ ਵੀ ਟੀਮ ਵੱਲੋਂ ਬਣਾਇਆ ਗਿਆ ਦੂਜਾ ਸਭ ਤੋਂ ਵੱਡਾ ਸਕੋਰ ਵੀ ਹੈ।

ਦੱਖਣੀ ਅਫਰੀਕਾ (South Africa) ਲਈ ਤਿੰਨ ਖਿਡਾਰੀਆਂ ਨੇ ਸੈਂਕੜੇ ਲਗਾਏ। ਇਨ੍ਹਾਂ ਵਿੱਚ ਕੁਇੰਟਨ ਡੀ ਕਾਕ (100 ਦੌੜਾਂ), ਰਾਸੀ ਵੈਨ ਡੇਰ ਡੁਸਨ (108 ਦੌੜਾਂ) ਅਤੇ ਏਡਨ ਮਾਰਕਰਮ (106 ਦੌੜਾਂ) ਸ਼ਾਮਲ ਹਨ। ਇੱਕ ਰੋਜ਼ਾ ਵਿਸ਼ਵ ਕੱਪ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਮੈਚ ਦੀ ਇੱਕ ਪਾਰੀ ਵਿੱਚ ਤਿੰਨ ਖਿਡਾਰੀਆਂ ਨੇ ਸੈਂਕੜੇ ਬਣਾਏ ਹਨ। ਵਨਡੇ ‘ਚ ਕੁੱਲ ਚਾਰ ਵਾਰ ਅਜਿਹਾ ਹੋਇਆ ਹੈ।

Exit mobile version