Site icon TheUnmute.com

Solar Plants: ਸੋਲਰ ਪਲਾਂਟ ਸਾਲਾਨਾ 400 ਮਿਲੀਅਨ ਯੂਨਿਟ ਬਿਜਲੀ ਦਾ ਕਰਨਗੇ ਉਤਪਾਦਨ: ਅਮਨ ਅਰੋੜਾ

Solar Plants

ਚੰਡੀਗੜ੍ਹ, 23 ਦਸੰਬਰ 2024: Solar Power Plants In Punjab: ਪੰਜਾਬ ਦੇ ਨਵਿਆਉਣਯੋਗ ਊਰਜਾ ਸਰੋਤਾਂ ਬਾਰੇ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਨੂੰ ਸੂਰਜੀ ਊਰਜਾ ਉਤਪਾਦਨ ‘ਚ ਮੋਹਰੀ ਬਣਾਉਣ ਅਤੇ ਰਵਾਇਤੀ ਈਂਧਨ ‘ਤੇ ਨਿਰਭਰਤਾ ਘਟਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਕੁੱਲ 264 ਮੈਗਾਵਾਟ ਦਾ ਸਮਰੱਥਾ ਵਾਲੇ 66 ਸੂਰਜੀ ਊਰਜਾ ਪਲਾਂਟ ਸਥਾਪਿਤ ਕਰੇਗੀ। ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਹਰੇਕ ਪਲਾਂਟ ਦੀ ਸਮਰੱਥਾ 4 ਮੈਗਾਵਾਟ ਹੋਵੇਗੀ।

ਉਨ੍ਹਾਂ ਨੇ ਅੱਜ ਮੈਸਰਜ਼ ਵੀ.ਪੀ. ਸੋਲਰ ਜੈਨਰੇਸ਼ਨਜ਼ ਪ੍ਰਾਈਵੇਟ ਲਿਮਟਿਡ ਨੂੰ ਸੋਲਰ ਪਾਵਰ ਪਲਾਂਟ (Solar Power Plants) ਸਥਾਪਿਤ ਕਰਨ ਸੰਬੰਧੀ ਲੈਟਰ ਆਫ਼ ਐਵਾਰਡ (ਐਲ.ਓ.ਏ.) ਸੌਂਪਿਆ | ਉਨ੍ਹਾਂ ਦੱਸਿਆ ਕਿ ਇਹ ਪਲਾਂਟ ਪੀ.ਐਸ.ਪੀ.ਸੀ.ਐਲ. ਦੇ 66-ਕੇ.ਵੀ ਸਬ ਸਟੇਸ਼ਨਾਂ ਦੇ ਨੇੜੇ ਲਗਾਇਆ ਜਾਵੇਗਾ।

ਇਸ ਕੰਪਨੀ ਦੀ ਚੋਣ ਪਾਰਦਰਸ਼ੀ ਬੋਲੀ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ (ਪੀਐਸਈਆਰਸੀ) ਨੇ ਪੀਐਸਪੀਸੀਐਲ ਨੂੰ 25 ਸਾਲਾਂ ਦੇ ਪੀ.ਪੀ.ਏ ਤਹਿਤ ਸੌਰ ਊਰਜਾ ਮੁਹੱਈਆ ਕਰਵਾਉਣ ਲਈ ਸਹਿਮਤੀ ਦਿੱਤੀ ਹੈ।

ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਇਹ ਵਪਾਰਕ ਸੂਰਜੀ ਊਰਜਾ ਪ੍ਰੋਜੈਕਟ ਦਸੰਬਰ 2025 ਤੱਕ ਮੁਕੰਮਲ ਹੋ ਜਾਵੇਗਾ। ਇੱਕ ਵਾਰ ਜਦੋਂ ਇਹ ਪ੍ਰੋਜੈਕਟ ਚਾਲੂ ਹੋ ਜਾਂਦਾ ਹੈ, ਤਾਂ ਲਗਭਗ 400 ਮਿਲੀਅਨ ਯੂਨਿਟ ਬਿਜਲੀ ਦਾ ਸਾਲਾਨਾ ਉਤਪਾਦਨ ਹੋਵੇਗਾ।

ਇਸ ਫੀਡਰ-ਅਧਾਰਤ ਸੋਲਰਾਈਜ਼ੇਸ਼ਨ ਪ੍ਰੋਜੈਕਟ ਨੂੰ ਲਾਗੂ ਕਰਨ ਨਾਲ ਖੇਤੀਬਾੜੀ ਬਿਜਲੀ ਸਬਸਿਡੀ ‘ਚ ਲਗਭਗ 176 ਕਰੋੜ ਰੁਪਏ ਦੀ ਸਾਲਾਨਾ ਬੱਚਤ ਹੋਣ ਦੀ ਸੰਭਾਵਨਾ ਹੈ। ਇਹ ਪ੍ਰੋਜੈਕਟ ਰਾਜ ਦੀ ਨਵਿਆਉਣਯੋਗ ਊਰਜਾ ਸਮਰੱਥਾ ‘ਚ ਮਹੱਤਵਪੂਰਨ ਯੋਗਦਾਨ ਪਾਵੇਗਾ ਅਤੇ ਨਾਲ ਹੀ ਊਰਜਾ ਦੇ ਰਵਾਇਤੀ ਸਰੋਤਾਂ ‘ਤੇ ਨਿਰਭਰਤਾ ਨੂੰ ਘਟਾਉਂਦੇ ਹੋਏ ਕਾਰਬਨ ਨਿਕਾਸ ਨੂੰ ਘਟਾਏਗਾ। ਇਨ੍ਹਾਂ ਸੂਰਜੀ ਊਰਜਾ ਪਲਾਂਟਾਂ ਤੋਂ ਪੈਦਾ ਹੋਣ ਵਾਲੀ ਊਰਜਾ ਨੂੰ ਰਾਜ ‘ਚ ਡਿਸਟਰੀਬਿਊਟਡ ਐਨਰਜੀ ਕੰਪੋਨੈਂਟ ਆਫ਼ ਰੀਨਿਊਏਬਲ ਪਰਚੇਜ਼ ਔਬਿਲਗੇਸ਼ਨ (ਆਰ.ਪੀ.ਓ.) ਅਧੀਨ ਟੀਚਿਆਂ ‘ਚ ਸ਼ਾਮਲ ਮੰਨਿਆ ਜਾਵੇਗਾ।

ਇਸਦੇ ਨਾਲ ਹੀ ਅਮਨ ਅਰੋੜਾ ਨੇ ਪੇਡਾ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਇਸ ਪ੍ਰੋਜੈਕਟ ਨੂੰ ਸੁਚਾਰੂ ਢੰਗ ਨਾਲ ਅਤੇ ਸਮੇਂ ਸਿਰ ਲਾਗੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਨਾਲ ਸੂਬੇ ‘ਚ ਲਗਭਗ 1,056 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਹੋਵੇਗਾ, ਜਿਸ ਨਾਲ ਪੰਜਾਬ ‘ਚ ਗੈਰ-ਰਵਾਇਤੀ ਊਰਜਾ ਖੇਤਰ ‘ਚ ਹੁਨਰਮੰਦ ਅਤੇ ਅਰਧ-ਹੁਨਰਮੰਦ ਵਿਅਕਤੀਆਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ।

Read More Invest Punjab: ਪੰਜਾਬ ‘ਚ ਢਾਈ ਸਾਲਾਂ ਦੌਰਾਨ 86 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਹੋਇਆ ਨਿਵੇਸ਼: ਤਰੁਣਪ੍ਰੀਤ ਸਿੰਘ ਸੌਂਦ

Exit mobile version