July 8, 2024 2:17 am
ਕੁਲਵੰਤ ਸਿੰਘ

ਉੱਘੇ ਸਮਾਜ ਸੇਵੀ ਸਤਨਾਮ ਦਾਊਂ ਵੱਲੋਂ ‘ਆਪ’ ਉਮੀਦਵਾਰ ਕੁਲਵੰਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ

ਮੋਹਾਲੀ 15 ਫ਼ਰਵਰੀ 2022 : ਭੂ-ਮਾਫ਼ੀਏ ਅਤੇ ਕੁਰੱਪਟ ਸਿਸਟਮ ਦੇ ਖਿਲਾਫ਼ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਅੱਗੇ ਵੱਧਦੇ ਹੋਏ ਪੰਜਾਬ ਅਗੇਂਸਟ ਕੁਰੱਪਸ਼ਨ ਦੇ ਪ੍ਰਧਾਨ ਸਤਨਾਮ ਦਾਊਂ ਅਤੇ ਸਾਥੀਆਂ ਨੇ ਆਮ ਆਦਮੀ ਪਾਰਟੀ ਦੇ ਹਲਕਾ ਮੋਹਾਲੀ ਤੋਂ ਉਮੀਦਵਾਰ ਕੁਲਵੰਤ ਸਿੰਘ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ। ਅੱਜ ਸਵੇਰੇ ਸਤਨਾਮ ਦਾਊਂ ਆਪਣੇ ਸੈਕਡ਼ੇ ਸਾਥੀਆਂ ਸਮੇਤ ਕੁਲਵੰਤ ਸਿੰਘ ਦੇ ਪਾਰਟੀ ਦਫ਼ਤਰ ਸੈਕਟਰ 79 ਵਿਖੇ ਪਹੁੰਚੇ ਅਤੇ ਸਮਰਥਨ ਦੇਣ ਦਾ ਐਲਾਨ ਕੀਤਾ। ਉਮੀਦਵਾਰ ਕੁਲਵੰਤ ਸਿੰਘ ਨੇ ਸਤਨਾਮ ਦਾਊਂ ਅਤੇ ਉਨ੍ਹਾਂ ਦੇ ਸਾਥੀਆਂ ਦਾ ਪਾਰਟੀ ਵਿੱਚ ਜ਼ੋਰਦਾਰ ਸਵਾਗਤ ਕੀਤਾ ਅਤੇ ਕਿਹਾ ਕਿ ਹਲਕੇ ਵਿੱਚੋਂ ਮਿਲ ਰਹੇ ਸਮਰਥਨ ਅਤੇ ‘ਆਪ’ ਦੀ ਚੱਲ ਰਹੀ ਲਹਿਰ ਸਦਕਾ ਇਨ੍ਹਾਂ ਚੋਣਾਂ ਵਿੱਚ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਾਂਗੇ।

ਇਸ ਦੌਰਾਨ ਸਤਨਾਮ ਦਾਊਂ ਨੇ ਕਿਹਾ ਕਿ ਪੰਜਾਬ ਅਗੇਂਸਟ ਕੁਰੱਪਸ਼ਨ ਸੰਸਥਾ ਪੰਜਾਬ ਅਤੇ ਖਾਸ ਕਰਕੇ ਮੋਹਾਲੀ ਦੇ ਇਲਾਕੇ ਵਿੱਚ ਪੂਰੀ ਤਰ੍ਹਾਂ ਲਗਾਤਾਰ ਸਰਗਰਮ ਹੈ। ਕੁਰੱਪਸ਼ਨ ਦੇ ਖਿਲਾਫ਼ ਮੁਹਿੰਮ ਚਲਾਉਣ ਕਾਰਨ ਇਲਾਕੇ ਦੇ ਲੋਕਾਂ ਦਾ ਭਰਪੂਰ ਸਹਿਯੋਗ ਮਿਲਿਆ ਜਿਸ ਕਾਰਨ ਬਲੌਗੀ ਦੀ ਬਾਲ ਗੋਪਾਲ ਗਊਸ਼ਾਲਾ, ਪਿੰਡ ਚੰਦਪੁਰ ਦੀ 86 ਏਕਡ਼ ਜ਼ਮੀਨ ਦਾ ਮਾਮਲਾ, ਜਨਵਰੀ 2022 ਵਿੱਚ ਪਿੰਡ ਕੁਰਡ਼ਾ ਦੀ 140 ਕਨਾਲ ਜ਼ਮੀਨ ਦਾ ਮਾਮਲਾ, ਪਿੰਡ ਸੁੱਖਗਡ਼੍ਹ ਦੀ 13 ਏਕਡ਼ ਜ਼ਮੀਨ ਦਾ ਮਾਮਲਾ ਅਤੇ ਹੋਰ ਕਈ ਪਿੰਡਾਂ ਦੀਆਂ ਜ਼ਮੀਨਾਂ ਦੀਆਂ ਸ਼ਿਕਾਇਤਾਂ ਮਿਲਣ ’ਤੇ ਸੰਘਰਸ਼ ਵਿੱਢਿਆ ਅਤੇ ਪਿੰਡਾਂ ਦੀਆਂ ਕੀਮਤੀ ਪੰਚਾਇਤੀ ਜ਼ਮੀਨਾਂ ਨੂੰ ਲਾਲਚੀ ਮੰਤਰੀਆਂ ਅਤੇ ਭੂ-ਮਾਫ਼ੀਏ ਦੇ ਗੱਠਜੋਡ਼ ਤੋਂ ਬਚਾਇਆ ਗਿਆ। ਲਗਭਗ ਇਨ੍ਹਾਂ ਸਾਰੇ ਮਾਮਲਿਆਂ ਵਿੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਭੂਮਿਕਾ ਸਿੱਧੇ ਅਤੇ ਅਸਿੱਧੇ ਰੂਪ ਵਿੱਚ ਪਾਈ ਗਈ ਕਿਉਂਕਿ ਮਈ 2019 ਵਿੱਚ ਬਲਬੀਰ ਸਿੰਘ ਸਿੱਧੂ ਅਤੇ ਉਸਦੇ ਸਾਥੀਆਂ ਵੱਲੋਂ 33 ਸਾਲਾ ਜਾਂ ਇਸ ਤੋਂ ਵੱਧ ਸਾਲਾਂ ਦੀ ਲੀਜ਼ ਨੂੰ ਕਾਨੂੰਨੀ ਸੋਧ ਰਾਹੀਂ ਹਡ਼ੱਪਣ ਦੀ ਸਕੀਮ ਬਣਾਈ ਗਈ।

ਉਨ੍ਹਾਂ ਦੱਸਿਆ ਕਿ ਇਸ ਸਾਰੇ ਵਰਤਾਰੇ ਨੂੰ ਰੋਕਣ ਲਈ ਇਨ੍ਹਾਂ ਭ੍ਰਿਸ਼ਟ ਮੰਤਰੀਆਂ ਅਤੇ ਭੂ ਮਾਫੀਏ ਨੂੰ ਸਿਸਟਮ ਵਿੱਚੋਂ ਕੱਢ ਕੇ ਘਰ ਬਿਠਾਉਣ ਲੋਡ਼ ਹੈ। ਇਹ ਤਾਂ ਹੀ ਹੋ ਸਕਦਾ ਹੈ ਜੇਕਰ ਆਮ ਲੋਕ ਆਪਣੇ ਸੰਵਿਧਾਨਿਕ ਵੋਟ ਦੇ ਹੱਕ ਦੀ ਵਰਤੋਂ ਕਰਨ। ਸ਼ਹਿਰ ਅਤੇ ਇਲਾਕੇ ਦੇ ਵਾਸੀਆਂ ਨੂੰ ਇਲਾਕੇ ਲਈ ਭਲਾਈ, ਪੰਜਾਬ ਦੇ ਪਿੰਡਾਂ ਦੀਆਂ ਜ਼ਮੀਨਾਂ ਭੂ ਮਾਫੀਏ ਤੋਂ ਬਚਾਉਣ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਦਾ ਸਮਰਥਨ ਕਰਨਾ ਜਰੂਰੀ ਹੈ।