Site icon TheUnmute.com

SOCH ਸੰਸਥਾਂ ਵੱਲੋਂ ਹਰੀਕੇ ਵੈਟਲੈਂਡ ਵਿਖੇ ਜਲਗਾਹਾਂ ਅਤੇ ਪਰਵਾਸੀ ਪੰਛੀਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ

Harike Wetland

ਲੁਧਿਆਣਾ, 26 ਫਰਵਰੀ 2024: ਜ਼ਿਲ੍ਹਾ ਲੁਧਿਆਣਾ ਵਿੱਚ ਸਥਿਤ NGO, ਸੋਸਾਇਟੀ ਫਾਰ ਕੰਜ਼ਰਵੇਸ਼ਨ ਐਂਡ ਹੀਲਿੰਗ ਆਫ ਐਨਵਾਇਰਮੈਂਟ (SOCH) ਵੱਲੋਂ ਸੰਤ ਬਾਬਾ ਗੁਰਮੀਤ ਸਿੰਘ ਜੀ ਦੀ ਰਹਿਨੁਮਾਈ ਹੇਠ ਬੀਤੇ ਦਿਨ ਨੂੰ ਹਰੀਕੇ ਵੈਟਲੈਂਡ (Harike Wetland) ਵਿਖੇ ਜਲਗਾਹਾਂ ਅਤੇ ਪਰਵਾਸੀ ਪੰਛੀਆਂ ਬਾਰੇ ਜਾਗਰੂਕਤਾ ਪ੍ਰੋਗਰਾਮ ਕਰਵਾਇਆ।

ਸਮਾਗਮ ਵਿੱਚ ਲੁਧਿਆਣਾ, ਬਠਿੰਡਾ, ਫਿਰੋਜ਼ਪੁਰ, ਤਰਨਤਾਰਨ, ਮੋਗਾ ਅਤੇ ਮਾਨਸਾ ਆਦਿ ਤੋਂ ਲੋਕਾਂ ਨੇ ਸ਼ਮੂਲੀਅਤ ਕੀਤੀ। ਸੰਸਥਾ ਦੇ ਪ੍ਰਧਾਨ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਸਕੱਤਰ ਡਾ. ਬ੍ਰਿਜ ਮੋਹਨ ਭਾਰਦਵਾਜ ਨੇ ਭਾਗੀਦਾਰਾਂ ਨਾਲ ਵਾਤਾਵਰਣ ਵਿੱਚ ਜਲਗਾਹਾਂ ਦੀ ਮਹੱਤਤਾ ਬਾਰੇ ਚਰਚਾ ਕਰਦਿਆਂ ਦੱਸਿਆ ਕਿ ਜਲਗਾਹਾਂ ਵਾਤਾਵਰਣ ਵਿੱਚ ਸਪੰਜ ਵਜੋਂ ਕੰਮ ਕਰਦੇ ਹਨ।

ਜਦੋਂ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਤਾਂ ਇਹ ਪਾਣੀ ਨੂੰ ਸੋਖਦੇ ਹਨ ਜਿਸ ਨਾਲ ਹੜ੍ਹਾਂ ਨੂੰ ਘਟਾਉਂਦੇ ਹਨ ਅਤੇ ਜਦੋਂ ਘਾਟ ਹੁੰਦੀ ਹੈ ਤਾਂ ਪਾਣੀ ਛੱਡ ਦਿੰਦੇ ਹਨ। ਉਨ੍ਹਾਂ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਪ੍ਰਵਾਸੀ ਪੰਛੀ ਬਨਸਪਤੀ ਅਤੇ ਹੋਰ ਜੀਵ-ਜੰਤੂਆਂ ਦੇ ਨਾਲ-ਨਾਲ ਜਲਗਾਹਾਂ ਦਾ ਅਨਿੱਖੜਵਾਂ ਅੰਗ ਹਨ, ਖਾਸ ਤੌਰ ‘ਤੇ ਪ੍ਰਵਾਸੀ ਪੰਛੀ, ਜਲਗਾਹਾਂ ਦੀ ਸਿਹਤ ਦਾ ਸੂਚਕ ਹਨ ਕਿਉਂਕਿ ਜੈਵ-ਵਿਭਿੰਨਤਾ ਨਾਲ ਭਰਪੂਰ ਵੈਟਲੈਂਡਜ਼ ਵੱਲ ਵੱਧ ਗਿਣਤੀ ਅਤੇ ਵਿਭਿੰਨ ਕਿਸਮਾਂ ਆਕਰਸ਼ਿਤ ਹੁੰਦੀਆਂ ਹਨ।

ਪ੍ਰੋਗਰਾਮ ਦੌਰਾਨ ਪਰਵਾਸੀ ਪੰਛੀਆਂ ਦੀਆਂ 35 ਤੋਂ ਵੱਧ ਪ੍ਰਜਾਤੀਆਂ ਜਿਨ੍ਹਾਂ ਵਿੱਚ ਉੱਤਰੀ ਸ਼ੋਵਲਰ, ਨਾਰਦਰ ਪਿਨਟੇਲ, ਟਫਟੇਡ ਡੱਕ, ਕਾਮਨ ਪੋਚਾਰਡ, ਯੂਰੇਸ਼ੀਅਨ ਕੂਟ, ਬਰਾਊਨ ਹੈੱਡਡ ਗੁੱਲ ਆਦਿ ਸ਼ਾਮਿਲ ਹਨ ਨੂੰ ਵੇਖਣ ਦਾ ਸਬੱਬ ਬਣਿਆ। ਜਸਦੇਵ ਸਿੰਘ ਸੇਖੋਂ, ਜ਼ੋਨਲ ਕਮਿਸ਼ਨਰ ਨਗਰ-ਨਿਗਮ ਲੁਧਿਆਣਾ ਅਤੇ ਜੋ ਕਿ ਪੰਛੀਆਂ ਦੇ ਸ਼ੌਕੀਨ ਵੀ ਨੇ ਇਸ ਗੱਲ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਦੌਰਾਨ ਹਰੀਕੇ ਦੇ ਨਾਲ-ਨਾਲ ਪੰਜਾਬ ਦੇ ਹੋਰ ਵੈਟਲੈਂਡਜ਼ (Harike Wetland) ਵਿੱਚ ਲਗਾਤਾਰ ਕਮੀ ਆ ਰਹੀ ਹੈ, ਜਿਸਦਾ ਮੁੱਖ ਕਾਰਨ ਜਲ ਸਰੋਤਾਂ ਵਿੱਚ ਵਧ ਰਿਹਾ ਪ੍ਰਦੂਸ਼ਣ ਦਾ ਪੱਧਰ ਅਤੇ ਉਨ੍ਹਾਂ ਦੇ ਆਲੇ-ਦੁਆਲੇ ਅਸਥਾਈ ਵਿਕਾਸ ਕਾਰਨ ਰਿਹਾਇਸ਼ੀ ਸਥਾਨਾਂ ਦੇ ਨੁਕਸਾਨ ਕਾਰਨ ।

ਪ੍ਰੋਗਰਾਮ ਵਿੱਚ ਵੱਖ-ਵੱਖ ਸਥਾਨਾਂ ਤੋਂ ਪੁੱਜੇ ਭਾਗੀਦਾਰਾਂ ਨੇ ਵਾਤਾਵਰਣ ਦੀ ਸੰਭਾਲ ਲਈ ਸੋਸਾਇਟੀ ਦੇ ਯਤਨਾਂ ਵਿੱਚ ਸਮਰਥਨ ਕਰਨ ਅਤੇ ਉਨ੍ਹਾਂ ਦੇ ਸਾਥੀ ਸਮੂਹਾਂ ਵਿੱਚ ਵੈਟਲੈਂਡਜ਼ ਅਤੇ ਜੈਵ-ਵਿਭਿੰਨਤਾ ਦੇ ਮਹੱਤਵ ਬਾਰੇ ਜਾਗਰੂਕਤਾ ਫੈਲਾਉਣ ਲਈ ਸਹਿਮਤੀ ਪ੍ਰਗਟ ਕੀਤੀ। ਇਸ ਮੌਕੇ ਡਾ: ਮਨਮੀਤ ਮਾਨਵ, ਇੰਜ.ਅਮਰਜੀਤ ਸਿੰਘ, ਰਾਹੁਲ ਕੁਮਾਰ, ਵਿਕਾਸ ਸ਼ਰਮਾ, ਗੁਰਪ੍ਰੀਤ ਸਿੰਘ, ਰਵਿੰਦਰ ਕੌਰ, ਨਵਕਿਰਨ ਕੌਰ, ਸੁਖਜੀਤ ਕੌਰ, ਸੁਨੈਨਾ ਮਿੱਤਲ ਅਤੇ ਸੁਮੀਰ ਮਿੱਤਲ ਆਦਿ ਹਾਜ਼ਰ ਸਨ।

Exit mobile version