Sultanpur Lodhi

ਸਮਾਰਟ ਸਿਟੀ ਪ੍ਰਾਜੈਕਟ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਨੂੰ ਧਾਰਮਿਕ ਯਾਤਰਾ ਕੇਂਦਰ ਵਜੋਂ ਕੀਤਾ ਜਾਵੇਗਾ ਵਿਕਸਿਤ

ਕਪੂਰਥਲਾ 23 ਜੂਨ 2022: ਕਪੂਰਥਲਾ ਵਿਸ਼ੇਸ਼ ਸਾਰੰਗਲ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ (Sultanpur Lodhi) ਵਿਖੇ ਸਮਾਰਟ ਸਿਟੀ ਪ੍ਰਾਜੈਕਟ ਤਹਿਤ ਕੀਤੇ ਜਾਣ ਵਾਲੇ ਕੰਮਾਂ ਨੂੰ ਜੰਗੀ ਪੱਧਰ ’ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਇਸ ਸਥਾਨ ਨੂੰ ਧਾਰਮਿਕ ਯਾਤਰਾ ਕੇਂਦਰ ਵਜੋਂ ਵਿਕਸਿਤ ਕਰਕੇ ਲੱਖਾਂ ਦੀ ਗਿਣਤੀ ਵਿੱਚ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਨ ਲਈ ਆਉਣ ਵਾਲੀ ਸੰਗਤ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਡਿਪਟੀ ਕਮਿਸ਼ਨਰ ਜਿਨ੍ਹਾਂ ਦੇ ਨਾਲ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਅਨੁਪਮ ਕਲੇਰ, ਉਪ ਮੰਡਲ ਮੈਜਿਸਟਰੇਟ ਰਣਦੀਪ ਸਿੰਘ ਮੌਜੂਦ ਸਨ, ਨੇ ਅਧਿਕਾਰੀਆਂ ਨੂੰ ਕਿਹਾ ਕਿ ਪ੍ਰਾਜੈਕਟ ਤਹਿਤ ਕੀਤੇ ਜਾਣ ਵਾਲੇ ਕੰਮ ਜਿਵੇਂ ਕਿ ਐਸ.ਟੀ.ਪੀਜ਼, ਸੇਫ਼ ਸਿੱਟੀ, ਸਮਾਰਟ ਸਕੂਲਜ਼, ਡਡਵਿੰਡੀ ਤੋਂ ਸੁਲਤਾਨਪੁਰ ਲੋਧੀ ਅਤੇ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਰੋਡ ਤੱਕ ਚਾਰ ਮਾਰਗੀ ਸੜਕ, ਸੋਲਰ ਪਲਾਂਟ ਲਗਾਉਣਾ, ਕਿਲ੍ਹਾ ਸਰਾਏ ਦੀ ਸਾਂਭ-ਸੰਭਾਲ ਆਦਿ ਸ਼ਾਮਿਲ ਹਨ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਨਿੱਜੀ ਤਵੱਜੋਂ ਦਿੰਦਿਆਂ ਪੂਰੀ ਨਿਗਰਾਨੀ ਕੀਤੀ ਜਾਵੇ।

ਡਡਵਿੰਡੀ-ਸੁਲਤਾਨਪੋਰ ਲੋਧੀ (Sultanpur Lodhi)ਰੋਡ ਜੋ ਕਿ 26.14 ਕਰੋੜ ਰੁਪਏ ਅਤੇ ਸੁਲਤਾਨਪੁਰ ਲੋਧੀ ਤੋਂ ਮੁੰਡੀ ਮੋੜ ਰੋਡ ਜੋ ਕਿ 74.11 ਕਰੋੜ ਦੀ ਲਾਗਤ ਨਾਲ 4 ਮਾਰਗੀ ਹੋਵੇਗਾ ਬਾਰੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਪ੍ਰਾਜੈਕਟ ਨੂੰ ਮੁੱਖ ਤਰਜੀਹ ਦਿੱਤੀ ਜਾਵੇ ਕਿਉਂਕਿ ਪਵਿੱਤਰ ਸ਼ਹਿਰ ਆਉਣ ਵਾਲੀ ਲੱਖਾਂ ਦੀ ਗਿਣਤੀ ਵਿੱਚ ਸੰਗਤ ਲਈ ਇਹ ਪ੍ਰਾਜੈਕਟ ਵਰਦਾਨ ਸਾਬਿਤ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਧਿਕਾਰੀਆਂ ਨੂੰ ਕਿਹਾ ਕਿ ਸੜਕਾਂ ਨੂੰ ਚੌੜਿਆਂ ਕਰਨ ਤੋਂ ਪਹਿਲਾਂ ਸਾਰੇ ਬਿਜਲੀ ਦੇ ਖੰਭਿਆਂ ਨੂੰ ਹਟਾ ਦਿੱਤਾ ਜਾਵੇ।ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀਵਰੇਜ ਟਰੀਟਮੈਂਟ ਪਲਾਂਟਾਂ ਦੇ ਕੰਮ ਵਿੱਚ ਤੇਜ਼ੀ ਲਿਆਉਣ । ਉਨ੍ਹਾਂ ਦੱਸਿਆ ਕਿ ਇਹ ਕੰਮ ਮਾਰਚ-2023 ਤੱਕ ਮੁਕੰਮਲ ਕੀਤਾ ਜਾਣਾ ਹੈ।

ਸੇਫ਼ ਸਿਟੀ ਪ੍ਰਾਜੈਕਟ ਤਹਿਤ ਇੰਟੀਗਰੇਟਿਡ ਕਮਾਂਡ ਕੰਟਰੋਲ ਸੈਂਟਰ (ਆਈ.ਸੀ.ਸੀ.ਸੀ.) ਬਾਰੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਨੂੰ ਅਗਲੇ 6 ਮਹੀਨਿਆਂ ਦੇ ਵਿੱਚ-ਵਿੱਚ ਮੁਕੰਮਲ ਕੀਤਾ ਜਾਵੇ। ਇਥੇ ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਸਬੰਧੀ ਟੈਂਡਰ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ ਜਿਸ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਸ਼ਹਿਰ ਦੇ ਚੱਪੇ-ਚੱਪੇ ’ਤੇ ਬਾਜ਼ ਅੱਖ ਰੱਖਣ ਲਈ ਸੀ.ਸੀ.ਟੀ.ਵੀਜ਼ ਕੈਮਰਾ ਲਗਾਉਣਾ ਸ਼ਾਮਿਲ ਹੈ ਜਿਸ ਨੂੰ ਸਗੰਠਿਤ ਕੰਟਰੋਲ ਸੈਂਟਰ ਨਾਲ ਜੋੜਿਆ ਜਾਵੇਗਾ।

ਸਮਾਰਟ ਸਿਟੀ ਪ੍ਰਾਜੈਕਟ ਤਹਿਤ ਸੁਲਤਾਨਪੁਰ ਲੋਧੀ ਵਿਖੇ 14 ਕਰੋੜ ਰੁਪਏ ਦੀ ਲਾਗਤ ਨਾਲ ਚਾਰ ਸਕੂਲ ਜਿਨਾਂ ਵਿੱਚ ਸਰਕਾਰੀ ਸਕੂਲ (ਲੜਕੇ), ਸਰਕਾਰੀ ਕੰਨਿਆਂ ਸਕੂਲ, ਜ਼ਿਲ੍ਹਾ ਪ੍ਰਾਇਮਰੀ ਸਕੂਲ ਅਤੇ ਬੋਰਡਿੰਗ ਸਕੂਲ ਸ਼ਾਮਿਲ ਹਨ ਨੂੰ ਸਮਾਰਟ ਸਕੂਲ ਵਜੋਂ ਸਥਾਪਿਤ ਕੀਤਾ ਜਾਵੇਗਾ। ਐਕਸੀਅਨ ਲੋਕ ਨਿਰਮਾਣ ਵਿਭਾਗ ਨੇ ਦੱਸਿਆ ਕਿ ਇਸ ਸਬੰਧੀ ਟੈਂਡਰ ਪ੍ਰਕਿਰਿਆ ਮੁਕੰਮਲ ਹੋ ਚੁੱਕੀ ਹੈ ਅਤੇ ਬਾਕੀ ਰਹਿੰਦਾ ਕੰਮ ਜਲਦ ਸ਼ੁਰੂ ਹੋ ਜਾਵੇਗਾ। ਕਿਲ੍ਹਾ ਸਰਾਏ ਦੀ ਸਾਂਭ –ਸੰਭਾਲ ਸਬੰਧੀ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਨਜਰਵੇਸ਼ਨ ਵਿਭਾਗ ਨੂੰ ਕੰਮ ਵਿੱਚ ਤੇਜ਼ੀ ਲਿਆਉਣੀ ਚਾਹੀਦੀ ਹੈ ਕਿਉਂਕਿ ਵਿਭਾਗ ਵਲੋਂ 28 ਲੱਖ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ।

ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਲੋਂ ਡਰਿੰਕਿੰਗ ਵਾਟਰ ਏ.ਟੀ.ਐਮਜ਼, ਅੱਗ ਬੁਝਾਊ ਪ੍ਰਬੰਧਾਂ ਨੂੰ ਪੁਖ਼ਤਾ ਕਰਨਾ ਅਤੇ ਇੰਟੈਲੀਜੈਂਟ ਟਰਾਂਸਪੋਰਟ ਮੈਨੇਜਮੈਂਟ ਸਿਸਟਮ ਆਦਿ ਦੇ ਕੰਮਾਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੌਕੇ ਐਕਸੀਅਨ ਸੀਵਰੇਜ ਬੋਰਡ ਜੀ.ਪੀ. ਸਿੰਘ, ਐਕਸੀਅਨ ਪਵਨ ਕੁਮਾਰ, ਡਿਪਟੀ ਡੀ.ਈ.ਓ. ਬਿਕਰਮਜੀਤ ਸਿੰਘ ਆਦਿ ਵੀ ਮੌਜੂਦ ਸਨ।

Scroll to Top