July 7, 2024 2:34 pm
Jagdish Tytler

ਰਾਊਸ ਐਵੇਨਿਊ ਕੋਰਟ ਦੇ ਬਾਹਰ ਜਗਦੀਸ਼ ਟਾਈਟਲਰ ਖ਼ਿਲਾਫ਼ ਨਾਅਰੇਬਾਜ਼ੀ, ਅਦਾਲਤ ਨੇ CBI ਦੀ ਚਾਰਜਸ਼ੀਟ ‘ਤੇ ਫੈਸਲਾ ਸੁਰੱਖਿਅਤ ਰੱਖਿਆ

ਨਵੀਂ ਦਿੱਲੀ, 07 ਜੁਲਾਈ 2023 (ਦਵਿੰਦਰ ਸਿੰਘ): ਰਾਊਸ ਐਵੇਨਿਊ ਕੋਰਟ ਦੇ ਬਾਹਰ ਕਾਂਗਰਸੀ ਆਗੂ ਜਗਦੀਸ਼ ਟਾਈਲਰ (Jagdish Tytler) ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਦਿੱਲੀ ਦੀ ਰਾਊਸ ਐਵੇਨਿਊ ਅਦਾਲਤ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਜਗਦੀਸ਼ ਟਾਈਟਲਰ ਖ਼ਿਲਾਫ਼ ਦਾਇਰ ਸੀਬੀਆਈ ਦੀ ਚਾਰਜਸ਼ੀਟ ’ਤੇ ਨੋਟਿਸ ਰਾਖਵਾਂ ਰੱਖ ਲਿਆ ਹੈ।

ਅਦਾਲਤ ਨੇ ਇਸ ਮਾਮਲੇ ਨੂੰ 19 ਜੁਲਾਈ ਲਈ ਸੂਚੀਬੱਧ ਕੀਤਾ ਹੈ। ਅਦਾਲਤ ਨੇ ਕਿਹਾ ਕਿ ਕੜਾਕਰਡੂਮਾ ਅਦਾਲਤ ਤੋਂ ਲਿਆਂਦੇ ਗਏ ਰਿਕਾਰਡ ਵੱਡੇ ਹਨ, ਇਸ ਲਈ ਇਨ੍ਹਾਂ ਨੂੰ ਪੜ੍ਹਨ ਲਈ ਸਮਾਂ ਲੱਗੇਗਾ। ਸੀਬੀਆਈ ਦੇ ਵਕੀਲ ਨੇ ਕਿਹਾ ਕਿ ਮਾਮਲੇ ਵਿੱਚ ਹੋਰ ਗਵਾਹਾਂ ਤੋਂ ਪੁੱਛਗਿੱਛ ਕੀਤੀ ਜਾਣੀ ਹੈ, ਜਿਸ ਵਿੱਚ ਦੰਗਿਆਂ ਦੌਰਾਨ ਉੱਥੇ ਮੌਜੂਦ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਇਨ੍ਹਾਂ ਗਵਾਹਾਂ ਦੇ ਨਾਂ ਪੁਰਾਣੇ ਰਿਕਾਰਡ ਵਿੱਚ ਦਰਜ ਨਹੀਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਗਵਾਹ ਨੇ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਭੀੜ ਨੂੰ ਭੜਕਾਉਂਦੇ ਦੇਖਿਆ ਸੀ।

Jagdish Tytler

ਟਾਈਟਲਰ (Jagdish Tytler) ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 302, 153, 153ਏ, 295 ਦਾਇਰ ਕੀਤਾ ਗਿਆ ਹੈ। ਇਕ ਚਸ਼ਮਦੀਦ ਗਵਾਹ ਸੁਰਿੰਦਰ ਸਿੰਘ ਨੇ ਆਪਣਾ ਬਿਆਨ ਦਿੱਤਾ ਸੀ ਪਰ ਹੁਣ ਉਸ ਦੀ ਮੌਤ ਹੋ ਚੁੱਕੀ ਹੈ। ਸੀਬੀਆਈ ਨੇ ਅਦਾਲਤ ਤੋਂ ਮੰਗ ਕੀਤੀ ਕਿ ਮੁਲਜ਼ਮ ਜਗਦੀਸ਼ ਟਾਈਟਲਰ ਖ਼ਿਲਾਫ਼ ਸੰਮਨ ਜਾਰੀ ਕਰਨ ਲਈ ਕਾਫ਼ੀ ਸਬੂਤ ਮੌਜੂਦ ਹਨ ਅਤੇ ਅਦਾਲਤ ਨੂੰ ਸੰਮਨ ਜਾਰੀ ਕਰਨਾ ਚਾਹੀਦਾ ਹੈ। ਪੀੜਤਾਂ ਦੀ ਤਰਫੋਂ ਐਡਵੋਕੇਟ ਫੂਲਕਾ ਨੇ ਕਿਹਾ ਕਿ ਇਹ ਨਸਲਕੁਸ਼ੀ ਦਾ ਮਾਮਲਾ ਹੈ, ਪੀੜਤ 39 ਸਾਲਾਂ ਤੋਂ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਅਸੀਂ ਸੀਬੀਆਈ ਦੀ ਜਾਂਚ ਤੋਂ ਸੰਤੁਸ਼ਟ ਹਾਂ।

ਅੱਜ ਦਸਤਾਵੇਜ਼ਾਂ ਨੂੰ ਕੜਾਕਡੁਮਾ ਕੋਰਟ ਤੋਂ ਰਾਊਸ ਐਵੇਨਿਊ ਕੋਰਟ ਲਿਆਂਦਾ ਗਿਆ। ਪਿਛਲੀ ਸੁਣਵਾਈ ਦੌਰਾਨ ਰਾਊਸ ਐਵੇਨਿਊ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਮੇਰੇ ਕੋਲ ਪੂਰੀ ਚਾਰਜਸ਼ੀਟ ਨਹੀਂ ਹੈ। ਮੇਰੇ ਕੋਲ ਸਿਰਫ਼ ਸਪਲੀਮੈਂਟਰੀ ਚਾਰਜਸ਼ੀਟ ਹੈ, ਇਸ ਲਈ ਸਾਨੂੰ ਸੰਮਨ ਤੋਂ ਪਹਿਲਾਂ ਪੂਰੇ ਦਸਤਾਵੇਜ਼ਾਂ ਦੀ ਲੋੜ ਪਵੇਗੀ। ਹਾਲਾਂਕਿ ਐਫਐਸਐਲ ਦੀ ਰਿਪੋਰਟ ਅਦਾਲਤ ਵਿੱਚ ਆਉਣੀ ਬਾਕੀ ਹੈ।

ਦਰਅਸਲ ਇਹ ਮਾਮਲਾ 1 ਨਵੰਬਰ 1984 ਨੂੰ ਪੁਲ ਬੰਗਸ਼ ਇਲਾਕੇ ਵਿੱਚ ਤਿੰਨ ਜਣਿਆ ਦੇ ਕਤਲ ਨਾਲ ਸਬੰਧਤ ਹੈ। ਚਾਰਜਸ਼ੀਟ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ, ਤਤਕਾਲੀ ਸੰਸਦ ਮੈਂਬਰ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਸੀਬੀਆਈ ਨੇ ਇਸ ਮਾਮਲੇ ਵਿੱਚ 20 ਮਈ ਨੂੰ ਰਾਊਸ ਐਵੇਨਿਊ ਕੋਰਟ ਵਿੱਚ ਚਾਰਜਸ਼ੀਟ ਦਾਇਰ ਕੀਤੀ ਸੀ।