Site icon TheUnmute.com

ਸਿੱਪੀ ਸਿੱਧੂ ਕਤਲ ਮਾਮਲਾ: ਕੈਟ ਵੱਲੋਂ ਮੁਲਜ਼ਮ ਕਲਿਆਣੀ ਸਿੰਘ ਦੀ ਅਧਿਆਪਕ ਵਜੋਂ ਸੇਵਾਵਾਂ ਰੱਦ ਕਰਨ ਦੇ ਹੁਕਮਾਂ ਵਾਲੀ ਪਟੀਸ਼ਨ ਰੱਦ

Kalyani Singh

ਚੰਡੀਗੜ੍ਹ, 29 ਫਰਵਰੀ 2024: ਐਡਵੋਕੇਟ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਦੇ ਮੁਲਜ਼ਮ ਕਲਿਆਣੀ ਸਿੰਘ (Kalyani Singh) ਨੂੰ ਕੇਂਦਰੀ ਪ੍ਰਸ਼ਾਸਨਿਕ ਟ੍ਰਿਬਿਊਨਲ ਯਾਨੀ ਕੈਟ ਦੀ ਚੰਡੀਗੜ੍ਹ ਇਕਾਈ ਤੋਂ ਵੱਡਾ ਝਟਕਾ ਲੱਗਾ ਹੈ। ਕੈਟ ਨੇ ਬੀਬੀ ਜੱਜ ਦੀ ਧੀ ਕਲਿਆਣੀ ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਸ ਨੇ ਡਾਇਰੈਕਟਰ ਹਾਇਰ ਐਜੂਕੇਸ਼ਨ, ਚੰਡੀਗੜ੍ਹ ਦੇ ਅਧਿਆਪਕ ਵਜੋਂ ਸੇਵਾਵਾਂ ਰੱਦ ਕਰਨ ਦੇ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ।

ਕਲਿਆਣੀ ਨੇ ਕੈਟ ਤੋਂ ਮੰਗ ਕੀਤੀ ਸੀ ਕਿ 11 ਅਗਸਤ, 2022 ਦੇ ਆਰਡਰ ਨੂੰ ਰੱਦ ਕੀਤਾ ਜਾਵੇ ਅਤੇ ਜਵਾਬਦੇਹ ਧਿਰ ਨੂੰ ਉਸ ਦੀਆਂ ਸੇਵਾਵਾਂ ਛੇਤੀ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਕਲਿਆਣੀ ਨੇ ਦੱਸਿਆ ਕਿ ਉਹ 14 ਅਗਸਤ 2017 ਨੂੰ ਸ਼ਹਿਰ ਦੇ ਸਰਕਾਰੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਨਿਯੁਕਤ ਹੋਈ ਸੀ।

ਜਿਸ ਤੋਂ ਬਾਅਦ ਉਨ੍ਹਾਂ ਦੀਆਂ ਸੇਵਾਵਾਂ ਹਰ ਸਾਲ ਵਧਦੀਆਂ ਗਈਆਂ। ਚੰਡੀਗੜ੍ਹ ਪੁਲਿਸ ਨੇ 2015 ਦੇ ਇੱਕ ਮਾਮਲੇ ਵਿੱਚ ਐਫਆਈਆਰ ਦਰਜ ਕੀਤੀ ਸੀ ਅਤੇ 2016 ਵਿੱਚ ਮਾਮਲਾ ਸੀਬੀਆਈ ਨੂੰ ਟਰਾਂਸਫਰ ਕਰ ਦਿੱਤਾ ਗਿਆ ਸੀ। ਇਹ ਐਫਆਈਆਰ 2017 ਵਿੱਚ ਉਨ੍ਹਾਂ ਦੀ ਨਿਯੁਕਤੀ ਤੋਂ ਪਹਿਲਾਂ ਦਰਜ ਕੀਤੀ ਗਈ ਸੀ।

15 ਜੂਨ 2022 ਨੂੰ ਸੀਬੀਆਈ ਨੇ ਉਸ(Kalyani Singh)  ਨੂੰ ਇਸ ਕਤਲ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਨਿਯੁਕਤੀ ਪੱਤਰ ਦੀ ਧਾਰਾ 13 ਦੇ ਤਹਿਤ ਉਨ੍ਹਾਂ ਦੀਆਂ ਸੇਵਾਵਾਂ ਨੂੰ ਪਿਛਲੀ ਵਾਰ ਰੱਦ ਕਰ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਉਸ ਦੀਆਂ ਸੇਵਾਵਾਂ ਅਤੇ ਆਚਰਣ ਤਸੱਲੀਬਖਸ਼ ਨਹੀਂ ਸੀ ਕਿਉਂਕਿ ਉਸ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਸੀ ਅਤੇ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ।

ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਕਲਿਆਣੀ ਨੇ ਉਚੇਰੀ ਸਿੱਖਿਆ ਦੇ ਡਾਇਰੈਕਟਰ ਨੂੰ ਮੰਗ ਪੱਤਰ ਦੇ ਕੇ ਆਪਣੀਆਂ ਸੇਵਾਵਾਂ ਬਹਾਲ ਕਰਨ ਦੀ ਮੰਗ ਕੀਤੀ ਸੀ। ਇਸ ਦਾ ਕਾਰਨ ਹਾਈ ਕੋਰਟ ਤੋਂ 13 ਸਤੰਬਰ 2022 ਨੂੰ ਮਿਲੇ ਜ਼ਮਾਨਤ ਦੇ ਹੁਕਮ ਸਨ। ਦੂਜੇ ਪਾਸੇ, ਪ੍ਰਤੀਵਾਦੀ ਪੱਖ ਨੇ ਕੈਟ ਵਿੱਚ ਕਿਹਾ ਕਿ ਪਟੀਸ਼ਨਰ ਸਾਲ 2017-18 ਸੈਸ਼ਨ ਲਈ ਠੇਕਾ ਅਧਾਰਤ ਸੇਵਾ ਅਧੀਨ ਪੜ੍ਹਾ ਰਹੀ ਸੀ ਜਾਂ ਜਦੋਂ ਤੱਕ ਉਸ ਦੀਆਂ ਸੇਵਾਵਾਂ ਦੀ ਲੋੜ ਸੀ।

Exit mobile version