Mankirat Aulakh

ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨੂੰ ਲੈ ਕੇ ਗਾਇਕ ਮਨਕੀਰਤ ਔਲਖ ਨੇ ਵੀਡੀਓ ਜਾਰੀ ਕਰ ਕਹੀ ਇਹ ਗੱਲ

ਚੰਡੀਗੜ੍ਹ 31 ਮਈ 2022: 29 ਮਈ ਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ | ਇਸ ਮਾਮਲੇ ਨੂੰ ਲੈ ਕੇ ਗਾਇਕ ਮਨਕੀਰਤ ਔਲਖ (Mankirat Aulakh) ਨੇ ਆਪਣਾ ਨਾਂ ਆਉਣ ‘ਤੇ ਅੱਜ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਸਾਂਝੀ ਕਰਦਿਆਂ ਕਿਹਾ ਉਨ੍ਹਾਂ ਨੂੰ ਬੜਾ ਦੁੱਖ ਹੈ ਕਿ ਅੱਜ ਸਾਡੇ ਵਿੱਚ ਸਾਡਾ ਭਰਾ ਸਿੱਧੂ ਮੂਸੇਵਾਲਾ ਨਹੀਂ ਰਿਹਾ।

ਉਨ੍ਹਾਂ ਕਿਹਾ ਕਿ ਸਭਰੀ ਜਵਾਨੀ ‘ਚ ਕਿਸੇ ਪੁੱਤ ਦਾ ਆਪਣੇ ਮਾਂ-ਪਿਓ ਤੋਂ ਵਿਛੜਨਾ ਬਹੁਤ ਦੁਖਦਾਈ ਗੱਲ ਹੈ। ਉਨ੍ਹਾਂ ਕਿਹਾ ਸਿੱਧੂ ਮੂਸੇਵਾਲਾ ਪੰਜਾਬੀ ਸੰਗੀਤ ਇੰਡਸਟਰੀ ਦਾ ਮਾਣ ਸੀ। ਇਸਦੇ ਨਾਲ ਹੀ ਮਨਕੀਰਤ ਔਲਖ ਨੇ ਹੱਥ ਜੋੜ ਕੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਿਰਪਾ ਕਰਕੇ ਕਿਸੇ ਬਾਰੇ ਮਾੜਾ ਨਾ ਛਾਪੋ।

ਗਾਇਕ ਮਨਕੀਰਤ (Mankirat Aulakh) ਮੀਡੀਆ ‘ਤੇ ਨਾਰਾਜ਼ਗੀ ਜਾਹਰ ਕਰਦਿਆਂ ਕਿਹਾ ਕਿ ਜੋ ਕੁਝ ਪਹਿਲਾਂ ਸਿੱਧੂ ਮੂਸੇਵਾਲਾ ਬਾਰੇ ਲਿਖਿਆ ਜਾਂਦਾ ਸੀ, ਉਹੀ ਹੁਣ ਮੇਰੇ ਬਾਰੇ ਲਿਖ ਰਹੇ ਹੋ।ਉਨ੍ਹਾਂ ਕਿਹਾ ਕਿ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਖ਼ਬਰ ਨੂੰ ਛਾਪਣ ਤੋਂ ਪਹਿਲਾਂ ਵੈਰੀਫਾਈ ਕਰੋ, ਅਜਿਹੀਆਂ ਗਲਤ ਖ਼ਬਰਾਂ ਨਾ ਛਾਪੋ। ਸਿੱਧੂ ਮੂਸੇਵਾਲਾ ਦੀ ਮੌਤ ਕਰਕੇ ਪੂਰੀ ਇੰਡਸਟਰੀ, ਪੂਰਾ ਪੰਜਾਬ ਸਦਮੇ ਵਿੱਚ ਹੈ, ਉਤੋਂ ਮੇਰੇ ਬਾਰੇ ਗਲਤ ਖ਼ਬਰਾਂ ਛਾਪੀ ਜਾ ਰਹੀ ਹੈ ।

ਮਨਕੀਰਤ ਨੇ ਕਿਹਾ ਕਿ ਕੋਈ ਗਾਇਕ ਕਿਸੇ ਧੜੇਬਾਜ਼ੀ ਜਾਂ ਕਿਸੇ ਗੈਂਗਸਟਰ ਨਾਲ ਨਹੀਂ ਜੁੜਿਆ ਹੋਇਆ, ਅਸੀਂ ਮਿਹਨਤ ਕਰਕੇ ਇਸ ਮੁਕਾਮ ‘ਤੇ ਹਾਂ, ਅੱਜ ਜੋ ਵੀ ਹਾਂ, ਆਪਣੀ ਮਿਹਨਤ ਦੇ ਸਿਰ ‘ਤੇ ਹਾਂ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬੀ ਗਾਇਕ ਮਨਕੀਰਤ ਔਲਖ ਨੇ ਪੰਜਾਬ ਪੁਲਿਸ ਤੋਂ ਆਪਣੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਸੀ। ਮਨਕੀਰਤ ਔਲਖ ਨੂੰ ਪਿਛਲੇ ਮਹੀਨੇ ਹੀ ਬੰਬੀਹਾ ਗੈਂਗ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਸੀ। ਹਾਲਾਂਕਿ ਮਨਕੀਰਤ ’ਤੇ ਮੂਸੇਵਾਲਾ ਦੇ ਕਤਲ ਦਾ ਦੋਸ਼ ਵੀ ਲਗਾਇਆ ਜਾ ਰਿਹਾ ਸੀ। ਬੰਬੀਹਾ ਗਰੁੱਪ ਦੀ ਕਥਿਤ ਸੋਸ਼ਲ ਮੀਡੀਆ ਪੋਸਟ ’ਚ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਮੌਤ ਪਿੱਛੇ ਗਾਇਕ ਮਨਕੀਰਤ ਔਲਖ ਦਾ ਹੱਥ ਹੈ।

Scroll to Top