Site icon TheUnmute.com

Silk: ਪੰਜਾਬ ਆਪਣੇ ਬ੍ਰਾਂਡ ਤਹਿਤ ਬਾਜ਼ਾਰ ‘ਚ ਲਿਆਵੇਗਾ ਰੇਸ਼ਮ ਉਤਪਾਦ, ਚੇਤਨ ਸਿੰਘ ਜੌੜਾਮਾਜਰਾ ਵੱਲੋਂ ਲੋਗੋ ਜਾਰੀ

Silk

ਚੰਡੀਗੜ੍ਹ, 21 ਸਤੰਬਰ 2024: ਪੰਜਾਬ ਦੇ ਬਾਗਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਅੱਜ ਮੈਗਸੀਪਾ ਵਿਖੇ ਸਿਲਕ ਦਿਹਾੜੇ ਸਬੰਧੀ ਕਰਵਾਏ ਰਾਜ ਪੱਧਰੀ ਸਮਾਗਮ ਦੌਰਾਨ ਰੇਸ਼ਮ (Silk) ਉਤਪਾਦਾਂ ਲਈ ਵਿਭਾਗ ਦਾ ਲੋਗੋ ਜਾਰੀ ਕਰਕੇ ਇਸ ਦੀ ਸ਼ੁਰੂਆਤ ਕੀਤੀ ਹੈ | ਇਸ ਮੌਕੇ ਚੇਤਨ ਸਿੰਘ ਜੌੜਾਮਾਜਰਾ ਨੇ ਐਲਾਨ ਕੀਤਾ ਹੈ ਕਿ ਸਾਲ 2025 ਦੇ ਅਖੀਰ ਤੱਕ ਪੰਜਾਬ ‘ਚ ਰੇਸ਼ਮ ਉਤਪਾਦਨ ਨੂੰ ਦੁੱਗਣਾ ਕਰਨ ਲਈ ਹਰ ਹੀਲਾ-ਵਸੀਲਾ ਵਰਤਿਆ ਜਾਵੇਗਾ।

ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ਦੇ ਨੀਮ-ਪਹਾੜੀ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਅਤੇ ਰੋਪੜ ਦੇ ਲਗਭਗ 230 ਪਿੰਡਾਂ ‘ਚ ਰੇਸ਼ਮ (Silk) ਪਾਲਣ ਦਾ ਕਿੱਤਾ ਅਪਣਾਇਆ ਜਾ ਰਿਹਾ ਹੈ | ਇਸਦੇ ਨਾਲ ਹੀ 1200 ਤੋਂ 1400 ਰੇਸ਼ਮ ਕੀਟ ਪਾਲਕ ਇਸ ਕਿੱਤੇ ਨਾਲ ਜੁੜੇ ਹੋਏ ਹਨ।

ਚੇਤਨ ਸਿੰਘ ਜੌੜਾਮਾਜਰਾ ਨੇ ਦੱਸਿਆ ਕਿ ਪੰਜਾਬ ‘ਚ ਮੁੱਖ ਤੌਰ ‘ਤੇ 2 ਕਿਸਮ ਦਾ ਰੇਸ਼ਮ ਬਾਇਵੋਲਟਾਈਨ ਮਲਬਰੀ ਅਤੇ ਏਰੀ ਰੇਸ਼ਮ ਤਿਆਰ ਕੀਤਾ ਜਾਂਦਾ ਹੈ। ਸਾਲਾਨਾ 1000 ਤੋਂ 1100 ਔਂਸ ਮਲਬਰੀ ਰੇਸ਼ਮ ਬੀਜ ਦੀ ਪਾਲਣਾ ਕਰਕੇ 30 ਹਜ਼ਾਰ ਤੋਂ 35 ਹਜ਼ਾਰ ਕਿਲੋਗ੍ਰਾਮ ਮਲਬਰੀ ਰੇਸ਼ਮ (ਟੂਟੀ) ਦਾ ਉਤਪਾਦਨ ਅਤੇ ਹਰ ਸਾਲ 200 ਔਂਸ ਏਰੀ ਰੇਸ਼ਮ ਬੀਜ ਦੀ ਪਾਲਣਾ ਕਰਕੇ 5 ਹਜ਼ਾਰ ਤੋਂ 8 ਹਜ਼ਾਰ ਕਿਲੋਗ੍ਰਾਮ ਏਰੀ ਰੇਸ਼ਮ (ਟੂਟੀ) ਦਾ ਉਤਪਾਦਨ ਕੀਤਾ ਜਾ ਰਿਹਾ ਹੈ।

ਪੰਜਾਬ ਕੈਬਿਨਟ ਮੰਤਰੀ ਨੇ ਕਿਹਾ ਕਿ ਪੰਜਾਬ ‘ਚ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ, ਬੇਜ਼ਮੀਨੇ ਜਾਂ ਘੱਟ ਜ਼ਮੀਨ ਵਾਲੇ ਲੋਕਾਂ ਵੱਲੋਂ ਇਸ ਧੰਦੇ ਨੂੰ ਅਪਣਾਇਆ ਜਾ ਰਿਹਾ ਹੈ ਅਤੇ ਰੇਸ਼ਮ ਦੇ ਕੀੜੇ ਪਾਲਕ ਵਾਲੇ ਕਿਸਾਨ 40,000 ਤੋਂ 50,000 ਰੁਪਏ ਦੀ ਸਾਲਾਨਾ ਆਮਦਨ ਹੈ ਜੋ ਕਿ ਬਹੁਤ ਘੱਟ ਹੈ।

ਜੌੜਾਮਾਜਰਾ ਨੇ ਕਿਹਾ ਕਿ ਰੇਸ਼ਮ (Silk) ਦੀ ਖੇਤੀ ਲਈ ਬਹੁਤ ਮਿਹਨਤ ਦੀ ਲੋੜ ਹੁੰਦੀ ਹੈ ਅਤੇ ਕਿਸਾਨਾਂ ਨੂੰ ਵਾਜਬ ਭਾਅ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਲਾਗਤ ਘਟਾਉਣ ਲਈ ਰੇਸ਼ਮ ਦੇ ਬੀਜ ਸਰਕਾਰੀ ਫਾਰਮਾਂ ‘ਚ ਤਿਆਰ ਕਰਕੇ ਕਿਸਾਨਾਂ ਨੂੰ ਸਸਤੇ ਭਾਅ ’ਤੇ ਉਪਲਬੱਧ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਡਲਹੌਜ਼ੀ ਵਿਖੇ ਪੰਜਾਬ ਸਰਕਾਰ ਦੇ ਇਕਲੌਤੇ ਰੇਸ਼ਮ ਬੀਜ ਉਤਪਾਦਨ ਕੇਂਦਰ ਨੂੰ ਮੁੜ ਖੋਲ੍ਹਣਾ ਇਸ ਦਿਸ਼ਾ ‘ਚ ਚੁੱਕਿਆ ਗਿਆ ਇਕ ਅਹਿਮ ਕਦਮ ਹੈ।

ਚੇਤਨ ਸਿੰਘ ਜੋੜਾਮਾਜਰਾ ਨੇ ਕਿਸਾਨਾਂ ਦੀ ਆਮਦਨ ‘ਚ ਵਾਧਾ ਕਰਨ ਲਈ ਰੇਸ਼ਮ ਉਤਪਾਦਨ ਦੇ ਉਚਿਤ ਮੁੱਲ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਆਪਣੇ ਖੁਦ ਦੇ ਰੀਲਿੰਗ ਯੂਨਿਟ ਸਥਾਪਿਤ ਕਰਕੇ ਕੁਕੂਨ ਨੂੰ ਪ੍ਰੋਸੈਸ ਕਰੇਗੀ ਤਾਂ ਜੋ ਰੇਸ਼ਮ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਲਈ ਵੱਧ ਭਾਅ ਮਿਲ ਸਕੇ। ਜੌੜਾਮਾਜਰਾ ਨੇ ਦੱਸਿਆ ਕਿ ਸੂਬੇ ‘ਚ ਕੁਕੂਨ ਤੋਂ ਰੇਸ਼ਮ ਦੇ ਧਾਗੇ ਬਣਾਉਣ ਲਈ ਪਠਾਨਕੋਟ ‘ਚ ਰੀਲਿੰਗ ਯੂਨਿਟ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਯੂਨਿਟ ਦੇ ਸ਼ੁਰੂ ਹੋਣ ਨਾਲ ਰੇਸ਼ਮ ਕਿਸਾਨਾਂ ਦੀ ਆਮਦਨ ਵਿੱਚ 1.5 ਤੋਂ 2 ਗੁਣਾ ਵਾਧਾ ਕੀਤਾ ਜਾ ਸਕਦਾ ਹੈ।

ਇਸ ਦੌਰਾਨ ਵਿਸ਼ੇਸ਼ ਮੁੱਖ ਸਕੱਤਰ (ਬਾਗਬਾਨੀ) ਕੇ.ਏ.ਪੀ. ਸਿਨਹਾ ਨੇ ਕਿਹਾ ਕਿ ਪੰਜਾਬ ‘ਚ ਕੁੱਲ 13 ਸਰਕਾਰੀ ਰੇਸ਼ਮ ਖੇਤੀ ਫਾਰਮ ਹਨ। ਇਨ੍ਹਾਂ ਫਾਰਮਾਂ ਵਿਖੇ ਬੁਨਿਆਦੀ ਢਾਂਚਾ ਸਥਾਪਿਤ ਹੋਣ ਕਰਕੇ ਵਿਭਾਗ ਦੇ ਤਕਨੀਕੀ ਸਟਾਫ਼ ਰੇਸ਼ਮ ਕੀਟ ਪਾਲਕਾਂ ਨੂੰ ਲੋੜੀਂਦੀਆਂ ਸਹੂਲਤਾਂ ਜਿਵੇਂ ਪਲਾਂਟੇਸ਼ਨ, ਕੀਟ ਪਾਲਕਾਂ ਨੂੰ ਰੇਸ਼ਮ ਬੀਜ ਵੰਡਣਾ, ਚਾਕੀ ਕੀਟ ਪਾਲਣਾ ਅਤੇ ਕਕੂਨ ਮੰਡੀਕਰਨ ਸਬੰਧੀ ਸਹਾਇਤਾ ਕੀਤੀ ਜਾ ਰਹੀ ਹੈ |

ਇਸ ਸਮਾਗਮ ਮੌਕੇ ਡਾਇਰੈਕਟਰ ਬਾਗਬਾਨੀ ਸ਼ੈਲਿੰਦਰ ਕੌਰ ਨੇ ਕਿਹਾ ਕਿ ਪੰਜਾਬ ‘ਚ ਸੈਰੀਕਲਚਰ ਦਾ ਕਿੱਤਾ ਗਰੀਬ ਲੋਕਾਂ ਦੀ ਮਿਹਨਤ ‘ਤੇ ਆਧਾਰਿਤ ਹੈ ਅਤੇ ਇਸ ਕਿੱਤੇ ਨੂੰ ਵੱਡੀ ਪੱਧਰ ‘ਤੇ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸੰਬੰਧਿਤ ਵਿਭਾਗ ਇਸ ਕਿੱਤੇ ਦੇ ਵਿਕਾਸ ਲਈ ਅਤੇ ਰੇਸ਼ਮ ਪਾਲਕਾਂ ਦੀ ਆਮਦਨ ‘ਚ ਵਾਧਾ ਕਰਨ ਲਈ ਕਈ ਤਰ੍ਹਾਂ ਦੇ ਯਤਨ ਕਰ ਰਿਹਾ ਹੈ | ਜਿਵੇਂ ਵਿਭਾਗ ਦੁਆਰਾ ਏਰੀਕਲਚਰ ਦਾ ਕੰਮ ਮੁੜ ਤੋਂ ਚਾਲੂ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਟੱਸਰ ਸਿਲਕ ਦੀ ਪੈਦਾਵਾਰ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸਦਾ ਮਕਸਦ ਵੱਧ ਤੋਂ ਵੱਧ ਰੇਸ਼ਮ ਕੀਟ ਪਾਲਕਾਂ ਨੂੰ ਇਸ ਕਿੱਤੇ ਨਾਲ ਜੋੜਨਾ ਹੈ ।

ਉਨ੍ਹਾਂ ਕਿਹਾ ਕਿ ਰੇਸ਼ਮ ਕੀਟ ਪਾਲਕਾਂ ਦੀ ਆਮਦਨ ‘ਚ ਵਾਧਾ ਕਰਨ ਲਈ ਵਿਭਾਗ ਵਲੋਂ ਰੇਸ਼ਮ ਦਾ ਧਾਗਾ ਬਣਾਉਣ ਅਤੇ ਇਸ ਦੀ ਵਧੀਆ ਮੁੱਲ ਦਿਵਾਉਣ ਨੂੰ ਲੈ ਕੇ ਅਹਿਮ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਭਵਿੱਖ ‘ਚ ਪੰਜਾਬ ਸਿਲਕ ਨਾਮ ਦਾ ਬ੍ਰਾਂਡ ਤਿਆਰ ਕੀਤਾ ਜਾ ਸਕੇ। ਇਸ ਦੌਰਾਨ ਚੇਤਨ ਸਿੰਘ ਜੌੜਾਮਾਜਰਾ ਨੇ ਰੇਸ਼ਮ ਉਤਪਾਦਨ ਦਾ ਕਿੱਤਾ ਕਰ ਰਹੇ ਕੰਢੀ ਖੇਤਰ ਦੇ ਰੇਸ਼ਮ ਕੀਟ ਪਾਲਕਾਂ ਨੂੰ ਵੀ ਸਨਮਾਨਿਤ ਕੀਤਾ ਹੈ ।

ਜੌੜਾਮਾਜਰਾ ਨੇ ਰੇਸ਼ਮ (Silk) ਕੀਟ ਪਾਲਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਭਰੋਸਾ ਦਿੱਤਾ ਕਿ ਛੇਤੀ ਹੀ ਸੂਬੇ ‘ਚ ਆਪਣਾ ਰੇਸ਼ਮ ਬੀਜ ਉਤਪਾਦਨ ਸੈਂਟਰ ਸ਼ੁਰੂ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਇਹ ਬੀਜ ਲਾਗਤ ਮੁੱਲ ‘ਤੇ ਉਪਲਬੱਧ ਕਰਵਾਇਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਹੋਰ ਸੂਬਿਆਂ ਤੋਂ ਬੀਜ ਮੰਗਵਾਉਣ ਲਈ ਤਕਨੀਕੀ ਸਮੱਸਿਆਵਾਂ/ਆਵਾਜਾਈ ਲਾਗਤ, ਟਰਾਂਸਪੋਰਟ ਸਮੇਂ ਬੀਜ ਖ਼ਰਾਬ ਹੋਣ ਆਦਿ ਜਿਹੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।

ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਲੋਗੋ ਡਿਜ਼ਾਈਨ ਕਰਨ ਵਾਲੇ ਅਧਿਕਾਰੀਆਂ ਦਲਬੀਰ ਸਿੰਘ, ਉਪ ਡਾਇਰੈਕਟਰ-ਕਮ-ਸਟੇਟ ਸੈਰੀਕਲਚਰ ਨੋਡਲ ਅਫਸਰ, ਲਖਬੀਰ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ, ਮਿਸ ਮੀਨੂੰ, ਸਹਾਇਕ ਸੈਰੀਕਲਚਰ ਨੋਡਲ ਅਫਸਰ, ਯੁਵਰਾਜ ਸਿੰਘ, ਫ਼ੇਜ਼ ਸਕੀਮ ਕੰਸਲਟੈਟ ਸੈਰੀਕਲਚਰ ਨੂੰ ਵੀ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ ਹੈ । ਇਸ ਸਮਾਗਮ ਮੌਕੇ ਰੇਸ਼ਮ ਦੇ ਕਿੱਤੇ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ ਲਈ ਇੱਕ ਡਾਕੂਮੈਂਟਰੀ ਫ਼ਿਲਮ ਅਤੇ ਪੈਂਫਲੈਟਵੀ ਜਾਰੀ ਕੀਤਾ ਗਿਆ ਹੈ ।

Exit mobile version