ਚੰਡੀਗੜ੍ਹ, 2 ਦਸੰਬਰ 2024: ਪੰਜਾਬ ਦੇ ਕੈਬਿਨਟ ਮੰਤਰੀ ਮੋਹਿੰਦਰ ਭਗਤ ਨੇ ਦੱਸਿਆ ਕਿ ਪੰਜਾਬ ‘ਚ ਰੇਸ਼ਮ ਦੇ ਕਿਸਾਨਾਂ, ਕਾਰੀਗਰਾਂ, ਸਵੈ-ਸਹਾਇਤਾ ਸਮੂਹਾਂ ਅਤੇ ਖਾਸ ਤੌਰ ‘ਤੇ ਰੇਸ਼ਮ ਕਾਰੋਬਾਰ ਨਾਲ ਜੁੜੀਆਂ ਔਰਤਾਂ ਦੀ ਆਮਦਨ ਨੂੰ ਉਤਸ਼ਾਹਿਤ ਕਰਨ ਅਤੇ ਵਧਾਉਣ ਦੇ ਉਦੇਸ਼ ਨਾਲ ਸਿਲਕ ਐਕਸਪੋ-2024 (Silk Expo-2024) ਕਰਵਾਇਆ ਜਾ ਰਿਹਾ ਹੈ।
ਮੋਹਿੰਦਰ ਭਗਤ ਨੇ ਦੱਸਿਆ ਕਿ ਇਹ ਸਿਲਕ ਐਕਸਪੋ 4 ਦਸੰਬਰ ਤੋਂ 9 ਦਸੰਬਰ, 2024 ਤੱਕ ਕਿਸਾਨ ਭਵਨ, ਸੈਕਟਰ-35, ਚੰਡੀਗੜ੍ਹ ਵਿਖੇ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਐਕਸਪੋ ਸਿਲਕ ਮਾਰਕ ਆਰਗੇਨਾਈਜੇਸ਼ਨ ਆਫ ਇੰਡੀਆ ਅਤੇ ਬਾਗਬਾਨੀ ਵਿਭਾਗ ਪੰਜਾਬ ਦੇ ਆਪਸੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਮਾਗਮ ‘ਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਕਾਰੀਗਰ, ਵਪਾਰੀ, ਸਿਲਕ ਬੋਰਡ ਰਜਿਸਟਰਡ ਸੰਸਥਾਵਾਂ ਅਤੇ ਸੁਸਾਇਟੀਆਂ ਰੇਸ਼ਮ ਨਾਲ ਸਬੰਧਤ ਵੱਖ-ਵੱਖ ਤਰ੍ਹਾਂ ਦੇ ਸਟਾਲ ਲਗਾਉਣਗੀਆਂ।