Site icon TheUnmute.com

20 ਰੁਪਏ ਦੀ ਪਾਰਕਿੰਗ ਨੂੰ ਲੈ ਕੇ ਸਿੱਖ ਨੌਜਵਾਨ ਨਾਲ ਕੁੱਟਮਾਰ, ਵੀਡੀਓ ਵਾਇਰਲ

ਸਿੱਖ ਨੌਜਵਾਨ

ਲੁਧਿਆਣਾ 20 ਜੁਲਾਈ 2023: ਲੁਧਿਆਣਾ ਦੇ ਗਿਆਸਪੁਰਾ ਇਲਾਕੇ ਵਿੱਚ ਇੱਕ ਨਿੱਜੀ ਸਿਨੇਮਾ ਵਿੱਚ 20 ਰੁਪਏ ਦੀ ਪਾਰਕਿੰਗ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ, ਜਿੱਥੇ ਇੱਕ ਸਿੱਖ ਨੌਜਵਾਨ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ, ਜਿਸਦੀ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ | ਜਿਹੜੀ ਘਟਨਾ ਬੀਤੀ ਦੇਰ ਸ਼ਾਮ ਦੀ ਦੱਸੀ ਜਾ ਰਹੀ ਹੈ | ਉਕਤ ਨੌਜਵਾਨ ਆਪਣੇ ਦੋਸਤਾਂ ਨਾਲ ਫਿਲਮ ਦੇਖਣ ਲਈ ਆਇਆ ਸੀ |

ਉਥੇ ਹੀ ਇਸ ਘਟਨਾ ਤੋਂ ਬਾਅਦ ਨੌਜਵਾਨ ਜਗਰੂਪ ਸਿੰਘ ਨਿਹੰਗ ਜਥੇਬੰਦੀਆਂ ਦੇ ਨਾਲ ਅੱਜ ਸਿਨਮੇ ਵਿੱਚ ਪਹੁੰਚਿਆ, ਇਸ ਮੌਕੇ ਜਿੱਥੇ ਪੀੜਤ ਨੌਜਵਾਨ ਨੇ ਦੋਸ਼ ਲਗਾਇਆ ਕਿ ਉਹ ਆਪਣੇ ਦੋਸਤਾਂ ਨਾਲ ਫ਼ਿਲਮ ਦੇਖਣ ਲਈ ਆਇਆ ਸੀ ਲੇਕਿਨ ਸਿਨਮੇ ਦੇ ਮਾਲਕ ਦੇ ਕਰਿੰਦੇ ਉਸ ਪਾਸੋਂ ਪਾਰਕਿੰਗ ਲਈ 20 ਰੁਪਏ ਮੰਗ ਰਹੇ ਸਨ, ਜਿਸ ਤੋਂ ਬਾਅਦ ਉਸ ਨੇ ਸਕੂਟਰ ਨਾਲ ਲੱਗਦੀ ਗਲੀ ਵਿੱਚ ਖੜ੍ਹਾ ਦਿੱਤਾ | ਬਕਾਇਦਾ ਉੱਥੇ ਸਕਿਉਰਿਟੀ ਨੇ ਉਹਨਾਂ ਦੇ ਨਾਲ ਹਾਮੀ ਭਰੀ |

ਲੇਕਿਨ ਜਦੋਂ ਉਹ ਫਿਲਮ ਦੇਖ ਕੇ ਵਾਪਸ ਪਰਤ ਰਹੇ ਸਨ, ਤਾਂ ਗਲੀ ਵਿੱਚ ਸਕੂਟਰ ਨਹੀਂ ਸੀ | ਸਕਿਉਰਟੀ ਗਾਰਡ ਨੇ ਦੱਸਿਆ ਕਿ ਸਿਨੇਮਾ ਦੇ ਮਾਲਕ ਦੇ ਕਰਿੰਦੇ ਸਕੂਟਰ ਨੂੰ ਅੰਦਰ ਲੈ ਗਏ ਹਨ, ਉਨ੍ਹਾਂ ਨੇ ਜਦੋਂ ਆਪਣੇ ਸਕੂਟਰ ਬਾਰੇ ਪਤਾ ਕੀਤਾ, ਤਾਂ ਪਹਿਲਾਂ ਤਾਂ ਇਹ ਲੋਕ ਮੁੱਕਰ ਗਏ ਲੇਕਿਨ ਬਾਅਦ ਵਿੱਚ ਉਹਨਾਂ ਨੇ ਆਪਣਾ ਸਕੂਟਰ ਲੱਭ ਲਿਆ | ਇਸ ਵਿਚਾਲੇ ਸਿਨੇਮਾ ਵਾਲਿਆਂ ਨੇ ਉਸ ਨਾਲ ਬੁਰਾ ਸਲੂਕ ਕੀਤਾ ਅਤੇ ਕੁੱਟਮਾਰ ਵੀ ਕੀਤੀ |

ਦੂਜੇ ਪਾਸੇ ਸਿਨੇਮਾ ਮਾਲਕ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਲੜਕਿਆਂ ਵੱਲੋਂ ਉਨ੍ਹਾਂ ਦੇ ਬਜ਼ੁਰਗ ਤੇ ਸੁਰੱਖਿਆ ਗਾਰਡ ਨਾਲ ਬਦਸਲੂਕੀ ਕੀਤੀ ਗਈ, ਉਹਨਾਂ ਨੇ ਸਿਰਫ ਡਾਂਟ ਕੇ ਇਨ੍ਹਾਂ ਨੂੰ ਸਮਝਾਇਆ ਸੀ, ਉਨ੍ਹਾਂ ਦੀ ਕੋਈ ਗਲਤ ਮੰਸ਼ਾ ਨਹੀਂ ਸੀ | ਮੌਕੇ’ਤੇ ਪਹੁੰਚੇ ਪੁਲਿਸ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪੀੜਿਤ ਲੜਕਿਆਂ ਵੱਲੋਂ ਸ਼ਿਕਾਇਤ ਮਿਲੀ ਸੀ ਦੋਵੇਂ ਪਾਰਟੀਆਂ ਨੂੰ ਗੱਲਬਾਤ ਲਈ ਬੁਲਾਇਆ ਗਿਆ ਸੀ, ਜਿਸ ਲਈ ਉਹ ਅੱਜ ਇੱਥੇ ਪਹੁੰਚੇ ਹਨ, ਪੁਲਿਸ ਮੁਤਾਬਕ ਇਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

Exit mobile version