Site icon TheUnmute.com

ਸਿੱਖ ਸੁਰਤਿ ਦੀ ਸਾਖੀ: ਗੁਰੂ ਦਾ ਸਿੱਖ ਰਾਏ ਬੁਲਾਰ

Bir Davinder Singh

ਲਿਖਾਰੀ
ਕਮਲਦੀਪ ਸਿੰਘ ਬਰਾੜ
ਸੀਨੀਅਰ ਪੱਤਰਕਾਰ
(ਇੰਡੀਅਨ ਐਕਸਪ੍ਰੈਸ)

ਬੀਰ ਦਵਿੰਦਰ ਸਿੰਘ ਨਾਲ ਮੇਰੀ ਕੋਈ ਜਿਆਦਾ ਜਾਣ-ਪਛਾਣ ਨਹੀਂ ਸੀ। ਜਿੰਨੀ ਕੁ ਸੀ ਉਹ ਵੀ ਨਿੱਜੀ ਨਹੀਂ ਸੀ। ਕਦੇ ਆਹਮੋ-ਸਾਹਮਣੇ ਨਹੀਂ ਮਿਲੇ। ਸਿਰਫ ਫੋਨ ‘ਤੇ ਗੱਲ ਹੁੰਦੀ ਸੀ। ਉਹ ਵੀ ਬਹੁਤ ਘੱਟ।

ਉਸ ਦਿਨ ਮੇਰਾ ਜਨਮ ਦਿਨ ਵੀ ਸੀ ਤੇ ਇਹ ਸਾਡੀ ਆਖ਼ਰੀ ਲੰਬੀ ਗੱਲਬਾਤ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਤੋਂ 550 ਸਾਲ ਤੋਂ ਵੀ ਜਿਆਦਾ ਸਮੇਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਰਾਏ ਬੁਲਾਰ ਦੀ ਪੇਂਟਿੰਗ ਸਿੱਖ ਅਜਾਇਬ ਘਰ ‘ਚ ਲੱਗੇਗੀ। ਪੰਜਾਬ ਦੀ ਸਿਆਸਤ ‘ਚ ਹਾਸ਼ੀਏ ‘ਤੇ ਧੱਕ ਦਿੱਤੇ ਗਏ ਬੀਰ ਦਵਿੰਦਰ ਸਿੰਘ ਦੀ ਕਈ ਸਾਲਾਂ ਦੀ ਮਿਹਨਤ ਵੀ ਸ਼੍ਰੋਮਣੀ ਕਮੇਟੀ ਦੇ ਇਸ ਫੈਸਲੇ ਵਿੱਚ ਸ਼ਾਮਲ ਸੀ। ਇਸ ਬਾਰੇ ਹੀ ਉਨਾਂ ਨਾਲ ਗੱਲ ਕਰਨੀ ਸੀ।

ਬੀਰ ਦਵਿੰਦਰ ਸਿੰਘ ਚਾਹੇ ਬਹੁਤ ਸਮਾਂ ਕਾਂਗਰਸ ਵਿੱਚ ਰਹੇ ਪਰ ਉਨਾਂ ਦੀ ਸਿਆਸਤ ਦਾ ਮੜੰਗਾ ਅਕਾਲੀ ਹੀ ਸੀ। ਅਕਾਲੀ ਸਿਆਸਤ ਦੇ ਨਿਘਾਰ ਦਾ ਕਾਰਨ ਇਹ ਨਹੀਂ ਹੈ ਕਿ ਅਕਾਲੀ ਭ੍ਰਿਸ਼ਟ ਹੋ ਗਏ ਹਨ ਜਾਂ ਬੇਈਮਾਨ ਹੋ ਗਏ ਹਨ । ਸਿਆਸਤ ਵਿੱਚ ਬੇਈਮਾਨੀ ਤੇ ਭ੍ਰਿਸ਼ਟਾਚਾਰ ਬਰਦਾਸ਼ਤ ਕਰ ਲਏ ਜਾਂਦੇ ਹਨ, ਪਰ ਸਿਆਸਤਦਾਨ ਕਦੇ ਖੋਖਲਾ ਨਹੀਂ ਹੋਣਾ ਚਾਹੀਦਾ।

ਅਕਾਲੀ ਸਿਆਸਤ ਵਿੱਚ ਖੋਖਲਾਪਨ ਇਸ ਲਈ ਹੈ ਕਿਉਂਕਿ ਇਸ ਵਿੱਚੋਂ ਬੀਰ ਦਵਿੰਦਰ ਵਰਗੇ ਬੰਦੇ ਬਾਹਰ ਕੱਢ ਦਿੱਤੇ ਗਏ ਜੋ ਕੋਈ ਸਿਆਸੀ ਫਾਇਦਾ ਨਾ ਹੁੰਦੇ ਹੋਏ ਵੀ ਕਈ ਸਾਲ ਰਾਏ ਬੁਲਾਰ ਦੀ ਪੇਟਿੰਗ ਲਾਉਣ ਵਾਸਤੇ ਚਿੱਠੀਆਂ ਲਿਖੀ ਗਈਆਂ । ਕੁਲਦੀਪ ਸਿੰਘ ਵਡਾਲੇ ਵਰਗਾ ਜੋ ਵੀਹ ਸਾਲ ਹਰੇਕ ਸੰਗਰਾਂਦ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਵਾਸਤੇ ਅਰਦਾਸ ਕਰਨ ਜਾਂਦਾ ਰਿਹਾ। ਅਜਿਹੀ ਤਪੱਸਿਆ ਤੋਂ ਹੀਣੇ ਅਕਾਲੀ ਲੀਡਰਾਂ ਨੂੰ ਸਮਝ ਨਹੀਂ ਆ ਰਿਹਾ ਕਿ ਅੱਜ ਉਨਾਂ ਦੇ ਗੱਲ ਲੋਟ ਕਿਉਂ ਨਹੀਂ ਆ ਰਹੀ।

ਬੀਰ ਦਵਿੰਦਰ ਸਿੰਘ ਨੇ ਮੈਨੂੰ ਰਾਏ ਬੁਲਾਰ ਬਾਰੇ ਦੱਸਣਾ ਸ਼ੁਰੂ ਕੀਤਾ। ਜਿਵੇਂ-ਜਿਵੇਂ ਉਹ ਦੱਸ ਰਹੇ ਸੀ। ਮੈਨੂੰ ਸਮਝ ਆ ਰਹੀ ਸੀ ਕਿ ਮੈਨੂੰ ਰਾਏ ਬੁਲਾਰ ਬਾਰੇ ਕੁੱਝ ਨਹੀਂ ਪਤਾ। ਉਸ ਤੋਂ ਪਹਿਲਾਂ ਮੈਂ ਸਮਝਦਾ ਸੀ ਕਿ ਰਾਏ ਬੁਲਾਰ ਇਕ ਨੇਕ ਦਿਲ ਅਮੀਰ ਸੀ ਜੋ ਗੁਰੂ ਨਾਨਕ ਸਾਹਿਬ ਤੋਂ ਪ੍ਰਭਾਵਿਤ ਸੀ। ਪਰ ਬੀਰ ਦਵਿੰਦਰ ਤੋਂ ਮੈਨੂੰ ਸਮਝ ਆਇਆ ਕਿ ਉਨਾਂ ਦਾ ਰਿਸ਼ਤਾ ਭਗਤ ਅਤੇ ਪ੍ਰਮਾਤਮਾ ਦਾ ਸੀ।

ਗੱਲ ਕਾਫੀ ਲੰਬੀ ਚੱਲੀ ਗਈ। ਤੁਸੀਂ ਇਕ ਸਿਆਸਤਦਾਨ ਤੋਂ ਇਹ ਤਵੱਕੋ ਨਹੀਂ ਕਰਦੇ ਕਿ ਉਸ ਨੂੰ ਗੁਰੂ ਨਾਨਕ ਸਾਹਿਬ ਅਤੇ ਰਾਏ ਬੁਲਾਰ ਦੀਆਂ ਮੁਲਾਕਾਂਤਾਂ ਦੀ ਐਨੀ ਬਰੀਕੀ ਪਤਾ ਹੋਵੇਗੀ। ਦੱਸਦਿਆਂ ਦੱਸਦਿਆਂ ਉਨਾਂ ਦੱਸਿਆ ਕਿ ਰਾਏ ਬੁਲਾਰ ਆਪਣੇ ਆਖ਼ਰੀ ਸਾਹ ਲੈਣ ਲਈ ਗੁਰੂ ਸਾਹਿਬ ਨੂੰ ਉਡੀਕਿਆ। ਗੁਰੂ ਸਾਹਿਬ ਉਦਾਸੀ ਵਿਚਾਲੇ ਛੱਡ ਭਾਈ ਮਰਦਾਨੇ ਨਾਲ ਰਾਏ ਬੁਲਾਰ ਕੋਲ ਪਹੁੰਚੇ। ਗੁਰੂ ਸਾਹਬ ਦੀ ਗੋਦ ‘ਚ ਰਾਏ ਬੁਲਾਰ ਨੇ ਪ੍ਰਾਣ ਤਿਆਗੇ। ਪ੍ਰਾਣ ਤਿਆਗਣ ਤੋਂ ਬਾਅਦ ਰਾਏ ਬੁਲਾਰ ਦੇ ਰਿਸ਼ਤੇਦਾਰਾਂ ਨੇ ਗੁਰੂ ਸਾਹਬ ਕੋਲ ਸ਼ਿਕਵਾ ਕੀਤਾ ਕਿ ਸਾਨੂੰ ਲੱਗਿਆ ਤੁਸੀਂ ਆ ਗਏ ਹੋ ਤਾਂ ਸਾਹ ਮੁੜ ਆਉਣਗੇ। ਇਸ ‘ਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਣ ਕੀਤਾ।

ਜਿਵੇਂ ਹੀ ਸਾਡੀ ਗੱਲ ਸਮਾਪਤ ਹੋਈ ਤਾਂ ਕਿਸੇ ਵਟਸਐਪ ਗਰੁੱਪ ‘ਚ ਕੋਈ ਚਰਚਾ ਚੱਲ ਰਹੀ ਸੀ। ਮੈਨੂੰ ਬੀਰ ਦਵਿੰਦਰ ਸਿੰਘ ਹੋਰਾਂ ਵੱਲੋਂ ਰਾਏ ਬੁਲਾਰ ਬਾਰੇ ਕੀਤੀ ਲੰਬੀ ਗੱਲਬਾਤ ਦਾ ਆਖਰੀ ਹਿੱਸਾ ਚੱਲ ਰਹੀ ਚਰਚਾ ਨਾਲ ਸਬੰਧਤ ਲੱਗਾ। ਮੈਂ ਬੀਰ ਦਵਿੰਦਰ ਜੀ ਨੂੰ ਬੇਨਤੀ ਕੀਤੀ ਕਿ ਗੱਲਬਾਤ ਦੇ ਆਖ਼ਰੀ ਹਿੱਸੇ ਦਾ ਵਾਇਸ ਨੋਟ ਬਣਾ ਕੇ ਭੇਜ ਦੇਣ। ਪਹਿਲਾਂ ਥੋੜੇ ਹਿਚਕਚਾਏ ਪਰ ਫੇਰ ਭੇਜ ਦਿੱਤੀ। ਰਾਏ ਬੁਲਾਰ ਬਾਰੇ ਜਿਵੇਂ ਉਨਾਂ ਨੂੰ ਪਤਾ ਸੀ ਅਤੇ ਜਿਵੇਂ ਉਨਾਂ ਦੱਸਿਆ, ਉਹ ਤਾਂ ਮੇਰੇ ਹਿੱਸੇ ਹੀ ਆਇਆ। ਪਰ ਇਹ ਥੋੜੀ ਜਿਹੀ ਗੱਲਬਾਤ ਕੁਦਰਤੀ ਰਿਕਾਰਡ ਹੋ ਗਈ। ਤੁਸੀਂ ਵੀ ਸੁਣ ਲਉ।

Exit mobile version