July 7, 2024 7:21 pm
Amritpal Singh

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਦੇਸ਼ ਛੱਡਣ ਦੇ ਬਿਆਨ ਅਤੇ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਰਵਨੀਤ ਬਿੱਟੂ ਵਲੋਂ ਵੱਡਾ ਬਿਆਨ

ਲੁਧਿਆਣਾ 31 ਅਕਤੂਬਰ 2022: ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਅੱਜ ਲੁਧਿਆਣਾ ਦੇ ਸਿਵਲ ਹਸਪਤਾਲ ਸਥਿਤ ਸਵਾਈਨ ਫਲੂ ਵਾਰਡ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਵਾਰਡ ਦਾ ਦੌਰਾ ਕਰ ਮਰੀਜ਼ਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ | ਉਨ੍ਹਾਂ ਨੇ ਵੱਖ ਵੱਖ ਵਾਰਡਾਂ ਵਿਚ ਜਾ ਲੋਕਾਂ ਦੇ ਨਾਲ ਗੱਲਬਾਤ ਕੀਤੀ | ਲੋਕਾਂ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਵਿਚ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ | ਉਨ੍ਹਾਂ ਨੇ ਕਿਹਾ ਕਿ ਇਸ ਹਸਪਤਾਲ ਵਿਚ ਸੁਵਿਧਾ ਦੇ ਕੋਈ ਵੀ ਪ੍ਰਬੰਧ ਨਹੀਂ ਹੈ ਅਤੇ ਨਾ ਹੀ ਕੋਈ ਡਾਕਟਰ ਸਮੇਂ ਸਿਰ ਮਿਲਦਾ ਹੈ |

ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਿਵਲ ਹਸਪਤਾਲ ‘ਚ ਲੋਕਾਂ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜੋ ਪੰਜਾਬ ਸਰਕਾਰ ਮੁਹੱਲਾ ਕਲੀਨਿਕ ਦੇ ਜ਼ਰੀਏ ਲੋਕਾਂ ਨੂੰ ਸੁਵਿਧਾ ਦੇਣ ਦਾ ਵਾਅਦਾ ਕੀਤਾ ਹੈ ਉਹ ਕਿਤੇ ਵੀ ਸਿਰੇ ਚੜ੍ਹਦਾ ਨਹੀਂ ਦਿੱਖ ਰਿਹਾ | ਉਨ੍ਹਾਂ ਕਿਹਾ ਕਿ ਲੋਕ ਸਿਵਲ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਵਾਉਣ ਦੇ ਲਈ ਡਾਕਟਰ ਲੱਭ ਰਹੇ ਹਨ | ਉਨ੍ਹਾਂ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਸਬੰਧੀ ਉਹ ਸੱਤ ਤਾਰੀਖ ਨੂੰ ਜ਼ਿਲ੍ਹਾ ਪੱਧਰੀ ਮੀਟਿੰਗ ‘ਚ ਹਿੱਸਾ ਲੈਣਗੇ ਅਤੇ ਇਨ੍ਹਾਂ ਕਮੀਆਂ ਨੂੰ ਚੁੱਕਣਗੇ |

ਬਿੱਟੂ ਨੇ ਅੰਮ੍ਰਿਤਪਾਲ ਸਿੰਘ (Amritpal Singh) ਤੇ ਬੋਲਦੇ ਹੋਏ ਕਿਹਾ ਕਿ ਐੱਸਜੀਪੀਸੀ ਨੂੰ ਇਸ ‘ਤੇ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਅੰਮ੍ਰਿਤ ਛਕਾਉਣ ਦੀ ਗੱਲ ਦੇ ਚੱਲਦਿਆਂ ਜਿੱਥੇ ਹਥਿਆਰਾਂ ਨਾਲ ਲੈਸ ਆਪਣੇ ਸਾਥੀ ਦੇ ਨਾਲ ਦਰਬਾਰ ਸਾਹਿਬ ਵਿੱਚ ਜਾਣਾ ਅਤਿ ਨਿੰਦਣਯੋਗ ਹੈ | ਇਸ ਦੌਰਾਨ ਉਨ੍ਹਾਂ ਕਿਹਾ ਕਿ ਜਿੱਥੇ ਕੋਈ ਇਕ ਸਾਲ ਦਾ ਬੱਚਾ ਵੀ ਜੁਰਾਬ ਪਾ ਕੇ ਜਾਂਦਾ ਹੈ ਤਾਂ ਉਸ ਨੂੰ ਉਤਾਰਨ ਲਈ ਕਹਿ ਦਿੱਤਾ ਜਾਂਦਾ ਹੈ, ਪਰ ਅੰਮ੍ਰਿਤਪਾਲ ਸਿੰਘ ‘ਤੇ ਕਾਰਵਾਈ ਨਾ ਹੋਣਾ ਕਿਤੇ ਨਾ ਕਿਤੇ ਪੰਜਾਬ ਸਰਕਾਰ ‘ਤੇ ਵੀ ਸਵਾਲੀਆ ਨਿਸ਼ਾਨ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਾਲੇ ਤੱਕ ਇਸ ਮਾਮਲੇ ਨੂੰ ਲੈ ਕੇ ਚੁੱਪ ਹੈ, ਪਰ ਕਦੇ ਵੀ ਮਾਹੌਲ ਵਿਗੜ ਸਕਦਾ ਹੈ |

ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਕੇਸ ਦੀ ਸੁਣਵਾਈ ਨਾ ਹੋਣ ‘ਤੇ ਦੇਸ਼ ਛੱਡਣ ਦੀ ਗੱਲ ਆਖੀ ਹੈ | ਇਸ ਬਿਆਨ ‘ਤੇ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦਾ ਗੱਭਰੂ ਜਵਾਨ ਪੁੱਤ ਚਲੇ ਜਾਣਾ ਉਹ ਵੀ ਇਕੱਲੇ ਮਾਪਿਆਂ ਦਾ ਪੁੱਤ ਤਾਂ ਕਿਤੇ ਨਾ ਕਿਤੇ ਪਰਿਵਾਰ ਨੂੰ ਕਾਫੀ ਧੱਕਾ ਮਹਿਸੂਸ ਹੋਇਆ ਹੈ, ਪਰ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ | ਜਿਸ ਕਾਰਨ ਉਹ ਪੰਜਾਬ ਸਰਕਾਰ ਨੂੰ ਮਿਲਣ ਦਾ ਸਮਾਂ ਮੰਗ ਰਹੇ ਹਨ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਲੜਾਈ ਲੜਨੀ ਚਾਹੀਦੀ ਹੈ, ਉਨ੍ਹਾਂ ਆਪਣੇ ਦਾਦਾ ਸਰਦਾਰ ਬੇਅੰਤ ਸਿੰਘ ਜੀ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਵੀ ਹਾਲੇ ਤੱਕ ਲੜਾਈਆਂ ਲੜ ਰਹੇ ਹਨ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਵੀ ਡਟ ਕੇ ਲੜਾਈ ਲੜਨ ਦੀ ਜ਼ਰੂਰਤ ਹੈ | ਫੌਜਾ ਸਿੰਘ ਸਰਾਰੀਦੇ ਮਾਮਲੇ ‘ਤੇ ਬਿੱਟੂ ਨੇ ਕਿਹਾ ਕਿ ‘ਆਪ ‘ ਪਾਰਟੀ ਵੱਲੋਂ ਆਪਣੇ ਮੰਤਰੀ ‘ਤੇ ਕੋਈ ਕਾਰਵਾਈ ਨਾ ਕਰਨਾ ਕਿਤੇ ਨਾ ਕਿਤੇ ਦਾਲ ‘ਚ ਕੁਝ ਕਾਲਾ ਹੈ | ਉਨ੍ਹਾਂ ਕਿਹਾ ਕਿ ਫੌਜਾ ਸਿੰਘ ਸਰਾਰੀ ਨਹੀਂ ਬਲਕਿ ਫਰਾਰੀ ਹੈ |