July 4, 2024 11:21 pm
Raghav Chadha

ਸਿੱਧੂ ਨੂੰ ਪੰਜਾਬ ਪੁਲਸ ਨਾਲ ਐਨੀ ਨਫ਼ਰਤ ਹੈ ਤਾਂ ਛੱਡ ਦੇਣ ਸੁਰੱਖਿਆ : ਰਾਘਵ ਚੱਢਾ

ਚੰਡੀਗੜ੍ਹ 29 ਦਸੰਬਰ 2021 : ਆਮ ਆਦਮੀ ਪਾਰਟੀ (Aam Aadmi Party) ਦੇ ਰਾਘਵ ਚੱਢਾ (Raghav Chadha) ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਪੰਜਾਬ ਪੁਲਸ ਬਾਰੇ ਦਿੱਤੇ ਵਿਵਾਦਤ ਬਿਆਨ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ‘ਚ ਇੰਨੇ ਇਮਾਨਦਾਰ ਅਧਿਕਾਰੀ ਹਨ ਕਿ ਜੇਕਰ ਉਹ ਚਾਹੁਣ ਤਾਂ ਪੰਜਾਬ ਵਿੱਚੋਂ ਨਸ਼ਿਆਂ ਦਾ ਨਾਮੋ-ਨਿਸ਼ਾਨ ਮਿਟਾ ਸਕਦੇ ਹਨ। ਉਨ੍ਹਾਂ ਨਵਜੋਤ ਸਿੱਧੂ ਨੂੰ ਲਲਕਾਰਦੇ ਹੋਏ ਕਿਹਾ ਹੈ ਕਿ ਨਵਜੋਤ ਸਿੱਧੂ ਨੇ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਸਾਹਮਣੇ ਪੰਜਾਬ ਪੁਲਸ ਦਾ ਅਪਮਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਵਜੋਤ ਸਿੱਧੂ ਨੂੰ ਪੰਜਾਬ ਪੁਲਸ ਨਾਲ ਐਨੀ ਨਫ਼ਰਤ ਹੈ ਤਾਂ ਫਿਰ ਵੀ ਪੰਜਾਬ ਪੁਲਸ ਦੀ ਸੁਰੱਖਿਆ ਛੱਡ ਦਿਓ। ਜੇਕਰ ਉਹ ਬਿਨਾਂ ਸੁਰੱਖਿਆ ਦੇ ਪੂਰੇ ਪੰਜਾਬ ‘ਚ ਘੁੰਮੇ ਤਾਂ ਪਤਾ ਲੱਗੇਗਾ ਕਿ ਲੋਕਾਂ ਦੇ ਦਿਲਾਂ ‘ਚ ਉਸ ਲਈ ਕਿੰਨਾ ਪਿਆਰ ਹੈ। ਕਾਂਗਰਸ ਸਰਕਾਰ ਨੇ ਪੰਜਾਬ ਪੁਲਿਸ ਨੂੰ ਬਦਨਾਮ ਕਰਨ ਦੀ ਜੋ ਕੋਸ਼ਿਸ਼ ਕੀਤੀ ਹੈ, ਉਹ ਮੁਆਫੀ ਦੇ ਕਾਬਿਲ ਨਹੀਂ ਹੈ।

ਪੰਜਾਬ ਪੁਲਸ ਲਈ ਕੀਤੇ ਵੱਡੇ ਐਲਾਨ
ਇਸ ਮੌਕੇ ਰਾਘਵ ਚੱਢਾ (Raghav Chadha) ਨੇ ਪੰਜਾਬ ਪੁਲਸ ਲਈ ਐਲਾਨ ਕੀਤਾ ਕਿ ਜੇਕਰ ਪੰਜਾਬ ‘ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਈ ਤਾਂ ਪੰਜਾਬ ਪੁਲਸ ਦੇ ਬਹਾਦਰ ਜਵਾਨਾਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਸਰਕਾਰ ਬਣਨ ‘ਤੇ ਪੰਜਾਬ ਪੁਲਸ ਤੋਂ ਸਿਰਫ਼ ਪੁਲਸ ਦਾ ਕੰਮ ਕੀਤਾ ਜਾਵੇਗਾ ਅਤੇ ਕੋਈ ਗੈਰ-ਸਰਕਾਰੀ ਕੰਮ ਨਹੀਂ ਕੀਤਾ ਜਾਵੇਗਾ। ਰਾਘਵ ਚੱਢਾ (Raghav Chadha) ਨੇ ਕਿਹਾ ਕਿ ਪੰਜਾਬ ਪੁਲਿਸ ਦੇ ਭੱਤਿਆਂ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਮਹੀਨਾਵਾਰ ਭੱਤੇ ਮਿਲਣਗੇ। ਇਸ ਦੇ ਨਾਲ ਹੀ ਪੰਜਾਬ ਪੁਲਸ ਦੇ ਕੰਮਕਾਜੀ ਘੰਟਿਆਂ ਨੂੰ ਵੀ ਨਿਯਮਤ ਕੀਤਾ ਜਾਵੇਗਾ।

ਰਾਘਵ ਚੱਢਾ (Raghav Chadha) ਨੇ ਕਿਹਾ ਕਿ ਸੂਬੇ ‘ਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਪੁਲਸ ਵਿੱਚ ਸਿਆਸੀ ਦਖਲਅੰਦਾਜ਼ੀ ਬੰਦ ਹੋ ਜਾਵੇਗੀ ਅਤੇ ਪੰਜਾਬ ਪੁਲਸ ਦੇ ਅਧਿਕਾਰੀ ਬਿਨਾਂ ਕਿਸੇ ਰੁਕਾਵਟ ਦੇ ਆਪਣਾ ਕੰਮ ਕਰ ਸਕਣਗੇ। ਪੰਜਾਬ ਪੁਲਸ ਦੇ ਮੁਲਾਜ਼ਮ ਕਈ-ਕਈ ਮਹੀਨੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਬਾਹਰ ਦੀ ਰੋਟੀ ਖਾਂਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਨਵਜੋਤ ਸਿੱਧੂ ਵਰਗੇ ਨੇਤਾਵਾਂ ਨੂੰ ਵੀ ਗਾਲ੍ਹਾਂ ਕੱਢਣੀਆਂ ਹਨ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੱਤਾ ‘ਚ ਆਉਣ ਤੋਂ ਬਾਅਦ ਪੰਜਾਬ ਪੁਲਸ ‘ਚ ਵੱਡੇ ਸੁਧਾਰ ਕੀਤੇ ਜਾਣਗੇ। ਰਾਘਵ ਚੱਢਾ ਨੇ ਇਸ ਮੌਕੇ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਦੇ ਵੱਡੇ ਮੰਤਰੀ, ਚੇਅਰਮੈਨ ਅਤੇ ਵਿਧਾਇਕ ਪਾਰਟੀ ਛੱਡ ਰਹੇ ਹਨ ਅਤੇ ਪੰਜਾਬ ‘ਚ ਕਾਂਗਰਸ ਦਾ ਕੋਈ ਭਵਿੱਖ ਨਹੀਂ ਹੈ। ਭਾਜਪਾ, ਕੈਪਟਨ ਅਤੇ ਢੀਂਡਸਾ ਦੇ ਗਠਜੋੜ ਬਾਰੇ ਗੱਲ ਕਰਦਿਆਂ ਰਾਘਵ ਚੱਢਾ ਨੇ ਕਿਹਾ ਕਿ ਉਹ ਭਵਿੱਖਬਾਣੀ ਕਰਦੇ ਹਨ ਕਿ ਇਹ ਗਠਜੋੜ ਪੰਜਾਬ ਦੀਆਂ 117 ਸੀਟਾਂ ਵਿੱਚੋਂ ਇੱਕ ਵੀ ਸੀਟ ਨਹੀਂ ਜਿੱਤ ਸਕੇਗਾ।