ਚੰਡੀਗੜ੍ਹ, 12 ਅਕਤੂਬਰ, 2023: ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ (Shubman Gill) ਅਹਿਮਦਾਬਾਦ ਪਹੁੰਚ ਗਏ ਹਨ। ਗਿੱਲ ਬੁੱਧਵਾਰ ਰਾਤ ਨੂੰ ਅਹਿਮਦਾਬਾਦ ਹਵਾਈ ਅੱਡੇ ‘ਤੇ ਪਹੁੰਚੇ। ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ 14 ਅਕਤੂਬਰ ਨੂੰ ਹੋਣਾ ਹੈ। ਅਜਿਹੇ ‘ਚ ਗਿੱਲ ਕੋਲ ਫਿਟਨੈੱਸ ਨੂੰ ਬਹਾਲ ਕਰਨ ਲਈ ਦੋ ਦਿਨ ਦਾ ਸਮਾਂ ਹੈ। ਜੇਕਰ ਉਹ ਫਿੱਟ ਹੋ ਜਾਂਦਾ ਹੈ ਤਾਂ ਗਿੱਲ ਦਾ ਖੇਡਣਾ ਤੈਅ ਹੈ, ਕਿਉਂਕਿ ਈਸ਼ਾਨ ਕਿਸ਼ਨ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੀ ਹੀ ਗੇਂਦ ‘ਤੇ ਆਊਟ ਹੋ ਗਏ ਸਨ ਅਤੇ ਅਫਗਾਨਿਸਤਾਨ ਖ਼ਿਲਾਫ਼ ਵੀ ਉਨ੍ਹਾਂ ਦੀ ਸ਼ੁਰੂਆਤ ਹੌਲੀ ਰਹੀ ਸੀ। ਇਸ ਦੇ ਬਾਵਜੂਦ ਉਹ ਵੱਡੀ ਪਾਰੀ ਨਹੀਂ ਖੇਡ ਸਕਿਆ। ਜੇਕਰ ਗਿੱਲ ਫਿੱਟ ਹੈ ਤਾਂ ਈਸ਼ਾਨ ਕਿਸ਼ਨ ਦਾ ਪਲੇਇੰਗ 11 ਤੋਂ ਬਾਹਰ ਹੋਣਾ ਯਕੀਨੀ ਹੈ।
ਸ਼ੁਭਮਨ ਗਿੱਲ (Shubman Gill) ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਮਾਸਕ ਪਹਿਨ ਕੇ ਸੁਰੱਖਿਆ ਕਰਮੀਆਂ ਨਾਲ ਅਹਿਮਦਾਬਾਦ ਏਅਰਪੋਰਟ ਤੋਂ ਬਾਹਰ ਨਿਕਲਦੇ ਹੋਏ ਨਜ਼ਰ ਆ ਰਹੇ ਹਨ। ਗਿੱਲ ਤੋਂ ਇਲਾਵਾ ਪਾਕਿਸਤਾਨ ਦੀ ਟੀਮ ਵੀ ਅਹਿਮਦਾਬਾਦ ਪਹੁੰਚ ਚੁੱਕੀ ਹੈ। ਬੁੱਧਵਾਰ ਨੂੰ ਭਾਰਤੀ ਟੀਮ ਨੇ ਅਫਗਾਨਿਸਤਾਨ ਖਿਲਾਫ ਵੱਡੀ ਜਿੱਤ ਹਾਸਲ ਕੀਤੀ ਅਤੇ ਹੁਣ ਭਾਰਤੀ ਖਿਡਾਰੀ ਵੀ ਅਹਿਮਦਾਬਾਦ ਵਿੱਚ ਹਨ।
ਸ਼ੁਭਮਨ ਗਿੱਲ ਏਅਰਪੋਰਟ ‘ਤੇ ਕਾਫੀ ਸਾਧਾਰਨ ਲੱਗ ਰਿਹਾ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਉਹ ਡੇਂਗੂ ਤੋਂ ਪੂਰੀ ਤਰ੍ਹਾਂ ਠੀਕ ਹੋ ਗਏ ਹਨ। ਹੁਣ ਉਸ ਨੂੰ ਮੈਚ ਲਈ ਫਿਟਨੈੱਸ ਹਾਸਲ ਕਰਨੀ ਪਵੇਗੀ। ਪੂਰੀ ਉਮੀਦ ਹੈ ਕਿ ਉਹ ਪਾਕਿਸਤਾਨ ਖ਼ਿਲਾਫ਼ ਮੈਚ ‘ਚ ਖੇਡੇਗਾ। ਡੇਂਗੂ ਤੋਂ ਠੀਕ ਹੋਣ ਵਿੱਚ ਆਮ ਤੌਰ ‘ਤੇ ਇੱਕ ਹਫ਼ਤਾ ਲੱਗਦਾ ਹੈ ਅਤੇ ਗਿੱਲ ਵਰਗੇ ਖਿਡਾਰੀ ਜਲਦੀ ਠੀਕ ਹੋ ਸਕਦੇ ਹਨ ਕਿਉਂਕਿ ਉਹ ਪਹਿਲਾਂ ਹੀ ਕਾਫ਼ੀ ਫਿੱਟ ਹਨ।