ਅੰਮ੍ਰਿਤਸਰ 14 ਸਤੰਬਰ 2022: ਅੰਮ੍ਰਿਤਸਰ (Amritsar) ਥਾਣਾ ਮੋਹਕਮਪੁਰਾ ਅਧੀਨ ਪੈਂਦੇ ਇਲਾਕੇ ਜੌੜਾ ਫਾਟਕ ਨੇੜੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੁਝ ਹਮਲਾਵਰਾਂ ਨੇ ਨੌਜਵਾਨ ਦੇ ਘਰ ਦੇ ਬਾਹਰ ਗੋਲੀਆਂ ਚਲਾ ਦਿੱਤੀਆਂ। ਇਸ ਗੋਲੀਬਾਰੀ ‘ਚ ਇੱਕ ਨੌਜਵਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਿਸ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਰੀਬ 7 ਖੋਲ੍ਹ ਬਰਾਮਦ ਕੀਤੇ ਹਨ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਕੁਝ ਹਵਾਈ ਫਾਇਰ ਵੀ ਕੀਤੇ | ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮੋਹਿਤ ਮਹਾਜਨ ਵਾਸੀ ਜੌੜਾ ਫਾਟਕ ਸਮੇਤ 10 ਜਣਿਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਸ ਮੌਕੇ ਪਲਵਿੰਦਰ ਸਿੰਘ ਵਾਸੀ ਜੌੜਾ ਫਾਟਕ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਜਨਮ ਦਿਨ ਦੀ ਪਾਰਟੀ ਤੋਂ ਘਰ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਭੋਲਾ ਚੱਕੀ ਵਾਲਾ ਨੇੜੇ ਪਹੁੰਚਿਆ ਤਾਂ ਮੋਹਿਤ ਮਹਾਜਨ ਵੀ ਉਥੋਂ ਬਾਈਕ ‘ਤੇ ਲੰਘ ਰਿਹਾ ਸੀ। ਲਾਈਨ ਤੰਗ ਹੋਣ ਕਾਰਨ ਦੋਵੇਂ ਮੋਟਰਸਾਈਕਲ ਆਪਸ ਵਿਚ ਟਕਰਾ ਗਏ। ਮੋਹਿਤ ਸ਼ਰਾਬ ਦੇ ਨਸ਼ੇ ‘ਚ ਸੀ ਅਤੇ ਉਸ ਨਾਲ ਬਹਿਸ ਕਰਨ ਲੱਗ ਪਿਆ।
ਇਸ ਦੌਰਾਨ ਉਨ੍ਹਾਂ ਦੀ ਹੱਥੋਪਾਈ ਵੀ ਹੋ ਗਈ ਪਰ ਆਸ-ਪਾਸ ਦੇ ਲੋਕਾਂ ਨੇ ਬਚਾਅ ਕਰਵਾ ਕੇ ਝਗੜਾ ਸ਼ਾਂਤ ਕਰਵਾਇਆ। ਜਿਸ ਤੋਂ ਬਾਅਦ ਉਹ ਆਪਣੇ ਘਰ ਪਰਤ ਗਿਆ। ਇਸ ਤੋਂ ਬਾਅਦ ਕਰੀਬ ਡੇਢ ਘੰਟੇ ਬਾਅਦ ਮੁਲਜ਼ਮ ਮੋਹਿਤ ਮਹਾਜਨ ਆਪਣੇ ਸਾਥੀ ਸਾਹਿਲ, ਭੱਟਾ ਅਤੇ ਕਰੀਬ 10-15 ਸਾਥੀਆਂ ਸਮੇਤ ਉਨ੍ਹਾਂ ਦੇ ਘਰੋਂ ਬਾਹਰ ਆ ਗਏ ਅਤੇ ਉਨ੍ਹਾਂ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ।
ਥਾਣਾ ਮੋਹਕਮਪੁਰਾ ਦੇ ਇੰਚਾਰਜ ਸ਼ਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਮੋਹਿਤ ਮਹਾਜਨ ਸਮੇਤ 8 ਵਿਅਕਤੀਆਂ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸਾਰੇ ਮੁਲਜ਼ਮ ਘਰਾਂ ਨੂੰ ਤਾਲੇ ਲਗਾ ਕੇ ਫਰਾਰ ਹੋ ਗਏ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।