July 5, 2024 12:28 am
kabaddi players

ਕਬੱਡੀ ਖਿਡਾਰੀਆਂ ਵਿਚਾਲੇ ਮਾਮੂਲੀ ਤਕਰਾਰ ਦੌਰਾਨ ਚੱਲੀਆਂ ਗੋਲੀਆਂ, ਇੱਕ ਜਖ਼ਮੀ

ਗੁਰਦਾਸਪੁਰ 08 ਜੁਲਾਈ 2022: ਗੁਰਦਾਸਪੁਰ ਦੇ ਪਿੰਡ ਨਰਪੁਰ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ 2 ਗੱਡੀਆਂ ‘ਤੇ ਆਏ ਨੌਜਵਾਨ ਹਮਲਾਵਰਾਂ ਨੇ ਇਕ ਘਰ ‘ਚ ਆ ਕੇ ਤਾਬੜਤੋੜ ਫਾਇਰੰਗ ਸ਼ੁਰੂ ਕਰ ਦਿੱਤੀ। ਇਸ ਫਾਇਰਿੰਗ ਦੌਰਾਨ ਪਾਵਰਕਾਮ ਦਾ ਇਕ ਜੇਈ ਸਤਪਾਲ ਜ਼ਖਮੀ ਹੋ ਗਿਆ। ਇਸ ਦੌਰਾਨ ਪਿੰਡ ਵਾਸੀਆਂ ਨੇ ਇਨ੍ਹਾਂ ਹਮਲਾਵਰਾਂ ਨੂੰ ਮੌਕੇ ‘ਤੇ ਕਾਬੂ ਕਰ ਲਿਆ ਅਤੇ ਇਨ੍ਹਾਂ ਦੀ ਕੁੱਟਮਾਰ ਕੀਤੀ ਤੇ ਉਨਾਂ ਦੀਆਂ ਗੱਡੀਆਂ ਵੀ ਭੰਨ ਦਿੱਤੀਆਂ।

ਇਸੇ ਦੌਰਾਨ ਪੁਲਿਸ ਨੂੰ ਸੂਚਿਤ ਕਰਕੇ ਹਮਲਾਵਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਕਤ ਮਾਮਲਾ ਕਬੱਡੀ ਖਿਡਾਰੀਆਂ (kabaddi players) ਵਿੱਚ ਹੋਈ ਮਾਮੂਲੀ ਤਕਰਾਰ ਨਾਲ ਸਬੰਧਿਤ ਦੱਸਿਆ ਜਾ ਰਿਹਾ ਹੈ ਜਿਸ ਨੇ ਖੂਨੀ ਰੂਪ ਧਾਰ ਲਿਆ। ਹਮਲਾ ਕਰਨ ਵਾਲਿਆਂ ਵਿੱਚ ਇਕ ਕਬੱਡੀ ਖਿਡਾਰੀ ਦੱਸਿਆ ਜਾ ਰਿਹਾ ਹੈ ਜਿਸ ਨੇ ਆਪਣੇ ਸਾਥੀਆਂ ਸਮੇਤ ਦੂਜੇ ਕਬੱਡੀ ਖਿਡਾਰੀ ਸਨਮਦੀਪ ਸਿੰਘ ਸੰਨੀ ਪੁੱਤਰ ਸਤਪਾਲ ਵਾਸੀ ਨਰਪੁਰ ਦੇ ਘਰ ਆ ਕੇ ਹਮਲਾ ਕਰ ਦਿੱਤਾ।

ਇਸ ਹਮਲੇ ‘ਚ ਜ਼ਖਮੀ ਹੋਏ ਜੇਈ ਸਤਪਾਲ ਦੀ ਪਤਨੀ ਰਣਜੀਤ ਕੌਰ ਅਤੇ ਪਿੰਡ ਨਰਪੁਰ ਦੇ ਸਰਪੰਚ ਧਰਮ ਸਿੰਘ ਨੇ ਦੱਸਿਆ ਕਿ ਸਨਮਦੀਪ ਸਿੰਘ ਸੰਨੀ ਪੁੱਤਰ ਸੱਤਪਾਲ ਕਬੱਡੀ ਖਿਡਾਰੀ ਹੈ ਜਿਸ ਦੀ ਖੇਡ ਦੌਰਾਨ ਕੁਝ ਕਬੱਡੀ ਖਿਡਾਰੀ ਨੌਜਵਾਨਾਂ ਨਾਲ ਝਗੜਾ ਹੋ ਗਿਆ ਅੱਤੇ ਦੂਸਰੀ ਧਿਰ ਨੇ ਸ਼ਾਮ 6 ਵਜੇ ਦੇ ਕਰੀਬ ਦੋ ਗੱਡੀਆਂ ‘ਤੇ ਸਵਾਰ ਹੋ ਕੇ ਉਨਾਂ ਦੇ ਘਰ ਆ ਕੇ ਹਮਲਾ ਕਰ ਕਰ ਦਿੱਤਾ।

ਉਨਾਂ ਦੱਸਿਆ ਕਿ ਉਕਤ ਹਮਲਾਵਰਾਂ ਕੋਲੋਂ ਰਵਾਇਤੀ ਹਥਿਆਰ ਅਤੇ ਅਸਲਾ ਸੀ ਜਿਨਾਂ ਨੇ ਫਾਇਰਿੰਗ ਕੀਤੀ। ਇਸ ਦੌਰਾਨ ਕਬੱਡੀ ਖਿਡਾਰੀ ਸਨਮਦੀਪ ਸੰਨੀ ਦਾ ਪਿਤਾ ਸਤਪਾਲ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਿਆ। ਗੋਲੀ ਚਲਾਉਣ ਦੇ ਬਾਅਦ ਹਮਲਾਵਰਾਂ ਨੇ ਜਦੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪਿੰਡ ਦੀ ਫਿਰਨੀ ਬੰਦ ਹੋਣ ਕਾਰਨ ਜਦੋਂ ਉਨਾਂ ਨੂੰ ਵਾਪਸ ਮੁੜਨਾ ਪਿਆ ਤਾਂ ਇਕੱਠੇ ਹੋਏ ਪਿੰਡ ਵਾਸੀਆਂ ਨੇ ਉਨਾਂ ਨੂੰ ਕਾਬੂ ਕਰ ਲਿਆ ਅਤੇ ਗੱਡੀਆਂ ਦੀ ਭੰਨ ਤੋੜ ਕਰ ਦਿੱਤੀ।

ਪਿੰਡ ਵਾਲਿਆਂ ਨੇ ਉਨਾਂ ਦੀ ਮਾਰ ਕੁਟਾਈ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਮੌਕੇ ‘ਤੇ ਪਹੁੰਚੇ ਐੱਸ ਐੱਚ ਓ ਗੁਰਮੀਤ ਸਿੰਘ ਨੇ ਦੱਸਿਆ ਕਿ 6 ਹਮਲਾਵਰਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ ਅਤੇ ਦੋ ਗੱਡੀਆਂ ਵੀ ਕਬਜੇ ਵਿਚ ਲਈਆਂ ਗਈਆਂ ਹਨ। ਉਨਾਂ ਕਿਹਾ ਕਿ ਬਿਆਨ ਦਰਜ ਕਰਕੇ ਕਾਨੂੰਨ ਅਨੁਸਾਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ |