ਚੰਡੀਗੜ੍ਹ 20 ਜੁਲਾਈ 2022: ਇਸ ਸਮੇਂ ਦੀ ਵੱਡੀ ਖ਼ਬਰ ਚੰਡੀਗੜ੍ਹ (Chandigarh) ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸ਼ਹਿਰ ਦੇ ਸੈਕਟਰ 22 ਸਥਿਤ ਇਕ ਹੋਟਲ ‘ਚ ਗੋਲ਼ੀ ਚੱਲਣ ਦੀ ਘਟਨਾ ਸਾਹਮਣੇ ਆਈ ਹੈ | ਇਸ ਦੌਰਾਨ ਹੋਟਲ ਸਟਾਫ਼ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਸੈਕਟਰ-17 ਥਾਣਾ ਪੁਲਿਸ ਮੌਕੇ ‘ਤੇ ਪਹੁੰਚੀ | ਇਹ ਘਟਨਾ ਸੈਕਟਰ-22 ਸਥਿਤ ਹੋਟਲ ਡਾਇਮੰਡ ਪਲਾਜ਼ਾ ਦੀ ਦੱਸੀ ਜਾ ਰਹੀ ਹੈ |
ਸੂਤਰਾਂ ਦੇ ਮੁਤਾਬਕ ਇਸ ਘਟਨਾ ‘ਚ ਇਕ ਮੁਲਾਜ਼ਮ ਨੂੰ ਗੋਲ਼ੀ ਲੱਗਣ ਨਾਲ ਜ਼ਖਮੀ ਹੋ ਗਿਆ । ਹੋਟਲ ਸਟਾਫ ਨੇ ਸਵੇਰੇ 8 ਵਜੇ ਦੇ ਕਰੀਬ ਕਮਰੇ ‘ਚ ਗੋਲ਼ੀ ਚੱਲਣ ਦੀ ਆਵਾਜ਼ ਸੁਣੀ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਗੋਲ਼ੀ ਚੱਲਣ ਦੌਰਾਨ ਜ਼ਖਮੀ ਹੋਇਆ ਵਿਅਕਤੀ ਪੰਜਾਬ ਪੁਲਿਸ ਦਾ ਜਵਾਨ ਹੈ।
ਪੁਲਿਸ ਨੇ ਜ਼ਖਮੀ ਮੁਲਾਜ਼ਮ ਨੂੰ ਪੀਜੀਆਈ ( Chandigarh) ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਜਵਾਨ ਦੀ ਪਛਾਣ ਦੀਪਕ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੰਜਾਬ ਪੁਲਿਸ ਦੇ ਕਾਂਸਟੇਬਲ ਦੀਪਕ ਨੇ ਗ਼ਲਤੀ ਨਾਲ ਗੋਲ਼ੀ ਚਲਾ ਦਿੱਤੀ ਜਿਸ ਕਾਰਨ ਇਹ ਘਟਨਾ ਵਾਪਰੀ। ਦੀਪਕ ਦੀ ਸਰਵਿਸ ਬੰਦੂਕ AK-47 ਤੋਂ ਫਾਇਰ ਹੋਇਆ ਹੈ। ਇਸ ਘਟਨਾ ‘ਚ ਗੋਲ਼ੀ ਪੁਲਿਸ ਮੁਲਾਜ਼ਮ ਦੇ ਪੇਟ ‘ਚ ਲੱਗੀ ਹੈ। ਇਸ ਦੌਰਾਨ ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।