ਅਬੋਹਰ, 7 ਫਰਵਰੀ 2024: ਅਬੋਹਰ ਦੇ ਸਥਾਨਕ ਪੁਲਿਸ ਹੋਮਗਾਰਡ ਵੱਲੋਂ ਉਸ ਦੇ ਪੁੱਤ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਦਾ ਪਤਾ ਲੱਗਣ ‘ਤੇ ਨੌਜਵਾਨ ਦੇ ਪਿਓ ਦੀ ਸਦਮੇ ਨਾਲ ਮੌਤ ਹੋ ਗਈ। ਜਿਸ ਕਾਰਨ ਉਸਦਾ ਪੂਰਾ ਪਰਿਵਾਰ ਬਹੁਤ ਸਦਮੇ ਵਿੱਚ ਹੈ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਟਰੈਵਲ ਏਜੰਟਾਂ (travel agents) ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਰੋਡ ‘ਤੇ ਕੁਆਰਟਰਾਂ ‘ਚ ਰਹਿੰਦੇ ਮੇਜਰ ਸਿੰਘ ਹੋਮਗਾਰਡ ਦੀ ਧੀ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਗਗਨਦੀਪ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਉਸ ਦੇ ਪਿਓ ਨੇ ਆਪਣਾ ਜੱਦੀ ਘਰ ਵੇਚ ਕੇ ਸਾਰਾ ਨਿਵੇਸ਼ ਕਰਕੇ ਇੰਗਲੈਂਡ ਭੇਜ ਦਿੱਤਾ ਸੀ |
ਰਮਨਦੀਪ ਕੌਰ ਨੇ ਦੱਸਿਆ ਕਿ ਅਰਨੀਵਾਲਾ ਦੀ ਇੱਕ ਟਰੈਵਲ ਏਜੰਸੀ ਰਾਹੀਂ ਉਸ ਨੇ ਆਪਣੇ ਭਰਾ ਨੂੰ ਯੂ.ਕੇ ਭੇਜਣ ਲਈ ਇਮੀਗ੍ਰੇਸ਼ਨ ਤੋਂ ਫਾਈਲ ਮੰਗਵਾਈ ਸੀ ਅਤੇ ਕੰਪਨੀ ਨੇ ਉਸ ਤੋਂ ਕਰੀਬ 24.5 ਲੱਖ ਰੁਪਏ ਲੈ ਲਏ ਸਨ। ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਭਰਾ ਉਸ ਨੂੰ ਫੋਨ ਕਰ ਕੇ ਦੱਸ ਰਿਹਾ ਸੀ ਕਿ ਉਸ ਨੂੰ ਉੱਥੇ ਕੰਮ ਨਾ ਮਿਲਣ ਕਾਰਨ ਉਹ ਬਹੁਤ ਪਰੇਸ਼ਾਨ ਹੈ ਅਤੇ ਉੱਥੇ ਦੇ ਅਧਿਕਾਰੀ ਉਸ ਨੂੰ ਟੈਕਸ ਜਮ੍ਹਾ ਕਰਵਾਉਣ ਲਈ ਪ੍ਰੇਸ਼ਾਨ ਕਰ ਰਹੇ ਹਨ।
ਕਿਉਂਕਿ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਨੂੰ ਸਹੀ ਰੂਪ ਵਿਚ ਵਿਦੇਸ਼ ਭੇਜਣ ਦੀ ਬਜਾਏ ਗਲਤ ਤਰੀਕੇ ਨਾਲ ਉੱਥੇ ਭੇਜ ਦਿੱਤਾ ਹੈ। ਇਸ ਕਾਰਨ ਉਨ੍ਹਾਂ ਦਾ ਪਿਓ ਕਾਫੀ ਸਮੇਂ ਤੋਂ ਮਾਨਸਿਕ ਤਣਾਅ ‘ਚ ਰਹਿ ਰਿਹਾ ਸੀ ਅਤੇ ਇਸੇ ਸਦਮੇ ਕਾਰਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ।
ਰਮਨਦੀਪ ਨੇ ਦੱਸਿਆ ਕਿ ਉਸ ਨੇ 26 ਦਸੰਬਰ ਨੂੰ ਟਰੈਵਲ ਏਜੰਟਾਂ (travel agents) ਵੱਲੋਂ ਕੀਤੀ ਜਾ ਰਹੀ ਧੋਖਾਧੜੀ ਬਾਰੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ ਪਰ ਅੱਜ ਤੱਕ ਉਸ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਪਰਿਵਾਰ ਦੀ ਮੰਗ ਹੈ ਕਿ ਉਸ ਨਾਲ ਠੱਗੀ ਮਾਰਨ ਵਾਲੇ ਟਰੈਵਲ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਉਸ ਦੇ ਪੈਸੇ ਵਾਪਸ ਕੀਤੇ ਜਾਣ ਅਤੇ ਉਸ ਦੇ ਭਰਾ ਨੂੰ ਇਨਸਾਫ਼ ਦਿਵਾਇਆ ਜਾਵੇ।