Site icon TheUnmute.com

ਰਾਜਪੁਰਾ ’ਚ ਵਾਪਰੀ ਘਟਨਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਨਿੰਦਾ

Harjinder Singh Dhami

ਅੰਮ੍ਰਿਤਸਰ, 17 ਮਈ 2023: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਰਾਜਪੁਰਾ ’ਚ ਇਕ ਵਿਅਕਤੀ ਵੱਲੋਂ ਗੁਰਦੁਆਰਾ ਸਾਹਿਬ ਅੰਦਰ ਨੰਗੇ ਸਿਰ ਅਤੇ ਜੋੜਿਆਂ ਸਮੇਤ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਅਜਿਹੀਆਂ ਸਿੱਖ ਵਿਰੋਧੀ ਹਰਕਤਾਂ ਲਗਾਤਾਰ ਵਧ ਰਹੀਆਂ ਹਨ, ਪਰ ਪੰਜਾਬ ਦੀ ਸਰਕਾਰ ਇਸ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ।

ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬਾਨ ਸਿੱਖਾਂ ਲਈ ਆਸਥਾ ਦਾ ਕੇਂਦਰ ਹਨ, ਜਿਥੇ ਕੋਈ ਵੀ ਮਰਯਾਦਾ ਵਿਰੁੱਧ ਹਰਕਤ ਨਾਲ ਕੌਮ ਅੰਦਰ ਰੋਸ ਪੈਦਾ ਹੋਣਾ ਸੁਭਾਵਿਕ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਬੇਅਦਬੀ ਕਰਨ ਵਾਲੇ ਲੋਕਾਂ ਦੇ ਹੌਂਸਲੇ ਵੱਧ ਰਹੇ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਇਨ੍ਹਾਂ ਮਾਮਲਿਆਂ ਪ੍ਰਤੀ ਏਨੀ ਅਵੇਸਲੀ ਹੋਈ ਹੈ ਕਿ ਕਾਰਵਾਰੀ ਤਾਂ ਦੂਰ ਦੀ ਗੱਲ, ਬਲਕਿ ਮੁੱਖ ਮੰਤਰੀ ਵੱਲੋਂ ਬੀਤੇ ਦਿਨਾਂ ’ਚ ਵਾਪਰੀਆਂ ਘਟਨਾਵਾਂ ਦੀ ਨਿੰਦਾ ਤਕ ਨਹੀਂ ਕੀਤੀ ਗਈ।

ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲੇ ਕੋਈ ਆਮ ਘਟਨਾਵਾਂ ਨਹੀਂ ਹਨ, ਇਨ੍ਹਾਂ ਪਿੱਛੇ ਜ਼ਰੂਰ ਸਾਜ਼ਿਸ਼ੀ ਲੋਕ ਕੰਮ ਕਰ ਰਹੇ ਹਨ, ਜਿਨ੍ਹਾਂ ਨੂੰ ਸਾਹਮਣੇ ਲਿਆਂਦਾ ਜਾਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਗੁਰਦੁਆਰਾ ਸਾਹਿਬਾਨ ਅੰਦਰ ਸੇਵਾ ਸੰਭਾਲ ਲਈ ਸੰਜੀਦਾ ਪਹੁੰਚ ਅਪਨਾਈ ਜਾਵੇ, ਤਾਂ ਜੋ ਸ਼ਰਾਰਤੀ ਲੋਕ ਆਪਣੇ ਮਨਸੂਬਿਆਂ ਵਿਚ ਕਾਮਯਾਬ ਨਾ ਹੋਣ।

Exit mobile version