July 4, 2024 11:56 pm
Harjinder Singh Dhami

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਾਸਤਾਨ-ਏ-ਸਰਹਿੰਦ ਫਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਕੀਤੀ ਮੰਗ

ਅੰਮ੍ਰਿਤਸਰ 30 ਨਵੰਬਰ 2022: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਪੰਜਾਬ ਸਰਕਾਰ ਪਾਸੋਂ ਦਾਸਤਾਨ-ਏ-ਸਰਹਿੰਦ (Dastan-e-Sirhind) ਨਾਂ ਦੀ ਫ਼ਿਲਮ ਦੇ ਰਿਲੀਜ਼ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਜਾਰੀ ਬਿਆਨ ਵਿਚ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਇਸ ਫ਼ਿਲਮ ਵਿਚ ਦਸਵੇਂ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫਿਲਮਾਇਆ ਗਿਆ ਹੈ, ਜਿਸ ਕਾਰਨ ਸੰਗਤ ਅੰਦਰ ਭਾਰੀ ਰੋਸ ਹੈ।

ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੂੰ ਜਾਰੀ ਹੋਣ ਤੋਂ ਰੋਕਣ ਸੰਬੰਧੀ ਕਈ ਜਥੇਬੰਦੀਆਂ ਅਤੇ ਸੰਗਤ ਵਲੋਂ ਆਪਣਾ ਰੋਸ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਸੰਬੰਧੀ ਬਹੁਤ ਸਾਰੇ ਇਤਰਾਜ਼ ਸ਼੍ਰੋਮਣੀ ਕਮੇਟੀ ਪਾਸ ਵੀ ਪੁੱਜੇ ਹਨ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਤੋਂ ਵੱਡਾ ਕੋਈ ਨਹੀਂ ਹੈ, ਜਿਸ ਦੀ ਤਰਜ਼ਮਾਨੀ ਕਰਦਿਆਂ ਇਸ ਫ਼ਿਲਮ ਦੇ ਰਿਲੀਜ਼ ’ਤੇ ਤੁਰੰਤ ਰੋਕ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੰਬੰਧ ਵਿਚ ਤੁਰੰਤ ਲੋੜੀਂਦੀ ਕਾਰਵਾਈ ਕਰੇ ਅਤੇ ਇਸ ਦੇ ਨਾਲ ਹੀ ਫ਼ਿਲਮ ਸੈਂਸਰ ਬੋਰਡ ਵੀ ਆਪਣੇ ਫ਼ੈਸਲੇ ’ਤੇ ਮੁੜ ਵਿਚਾਰ ਕਰੇ |