ਅੰਮ੍ਰਿਤਸਰ 26 ਅਕਤੂਬਰ 2022: ਭਾਰਤ ਦੇ ਉੱਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਹ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਵੀ ਗਏ ਜਿਥੇ ਉਨ੍ਹਾਂ ਨੇ ਪ੍ਰਸ਼ਾਦਾ ਛਕਿਆ ਅਤੇ ਬਰਤਨ ਸਾਫ ਕਰਨ ਦੀ ਸੇਵਾ ਕੀਤੀ। ਉਹ ਕੁਝ ਸਮੇਂ ਲਈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੈਠੇ ਅਤੇ ਗੁਰਬਾਣੀ ਕੀਰਤਨ ਸੁਣਿਆ।
ਉਨ੍ਹਾਂ ਨੂੰ ਪਰਕਰਮਾਂ ਦੌਰਾਨ ਸੂਚਨਾ ਅਧਿਕਾਰੀ ਜਸਵਿੰਦਰ ਸਿੰਘ ਜੱਸੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ, ਜਿਸ ਵਿਚ ਉਨ੍ਹਾਂ ਖਾਸ ਰੁਚੀ ਦਿਖਾਈ। ਇਸੇ ਦੌਰਾਨ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਿਰੋਪਾਓ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦੇ ਕੇ ਸਨਮਾਨਿਤ ਦੇ ਕੀਤਾ।
ਇਸ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਉੱਪ ਰਾਸ਼ਟਰਪਤੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਇਕ ਮੰਗ ਪੱਤਰ ਸੌਂਪਿਆ ਅਤੇ ਸਿੱਖ ਕੌਮ ਦੇ ਇਸ ਅਹਿਮ ਮਸਲੇ ਵਿਚ ਦਖਲ ਦੇਣ ਦੀ ਅਪੀਲ ਕੀਤੀ। ਐਡਵੋਕੇਟ ਧਾਮੀ ਨੇ ਆਪਣੇ ਪੱਤਰ ਵਿਚ ਕਿਹਾ ਕਿ ਦੇਸ਼ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਪਿਛਲੇ 30-30 ਸਾਲਾਂ ਤੋਂ ਬੰਦੀ ਸਿੱਖਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਜੋ ਕਿ ਸਿੱਖ ਕੌਮ ਨਾਲ ਅਨਿਆਂ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਸਿੱਖ ਬੰਦੀਆਂ ਨੇ 1984 ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਦੇ ਰੋਸ ਵਜੋਂ ਸੰਘਰਸ਼ ਦਾ ਰਾਹ ਚੁਣਿਆ ਸੀ। ਇਹ ਸਿੱਖ ਬੰਦੀ ਹੁਣ ਉਮਰ ਕੈਦ ਤੋਂ ਦੁਗਣੀਆਂ ਸਾਜ਼ਾਵਾਂ ਭੁਗਤ ਚੁੱਕੇ ਹਨ ਅਤੇ ਸੰਵਿਧਾਨਕ ਤੌਰ ’ਤੇ ਰਿਹਾਈ ਦੇ ਹੱਕਦਾਰ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਮਾਮਲੇ ’ਤੇ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਅਵਾਜ਼ ਉਠਾਉਂਦੀ ਆ ਰਹੀ ਹੈ। ਹਾਲ ਹੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਦਿੱਲੀ ਅਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਪਾਸੋਂ ਇਸ ਸਬੰਧ ਵਿਚ ਸਮਾਂ ਵੀ ਮੰਗਿਆ ਗਿਆ ਹੈ ਪਰ ਉਨ੍ਹਾਂ ਨੇ ਹਾਂਪੱਖੀ ਹੁੰਗਾਰਾ ਨਹੀਂ ਦਿੱਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਦੇਸ਼ ਦੇ ਉੱਪ ਰਾਸ਼ਟਰਪਤੀ ਵਜੋਂ ਸਿੱਖ ਕੌਮ ਦੇ ਇਸ ਗੰਭੀਰ ਮਸਲੇ ਵਿਚ ਦਖਲ ਦੇ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰਾਂ ਨੂੰ ਤੁਰੰਤ ਕਾਰਵਾਈ ਕਰਨ ਲਈ ਆਖਿਆ ਜਾਵੇ। ਐਡਵੋਕੇਟ ਧਾਮੀ ਨੇ ਆਪਣੇ ਪੱਤਰ ਵਿਚ ਸ੍ਰੀ ਧਨਖੜ ਨੂੰ ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣਨ ’ਤੇ ਵਧਾਈ ਵੀ ਦਿੱਤੀ।
ਇਸ ਮੌਕੇ ਉੱਪ ਰਾਸ਼ਟਰਪਤੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਬੇਹੱਦ ਖੁਸ਼ੀ ਹੋਈ ਹੈ। ਇਥੇ ਦੀ ਸ਼ਾਂਤੀ, ਸਹਿਜ, ਸ਼ਰਧਾ ਭਰਿਆ ਵਾਤਾਵਰਣ ਅਤੇ ਸੇਵਾ ਦੀ ਭਾਵਨਾ ਇਕ ਅਭੁੱਲ ਅਨੁਭਵ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਦੀ ਸ੍ਰੇਸ਼ਟ ਅਧਿਆਤਮਿਕ ਪ੍ਰੰਪਰਾ ਦਾ ਚਮਕਦਾ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਯੁਗਾਂ ਤੋਂ ਪਿਆਰ, ਮਾਨਵਤਾ, ਦਇਆ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦਾ ਆ ਰਿਹਾ ਹੈ। ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਮਨੁੱਖਤਾ ਦੀ ਸੇਵਾ ਲਈ ਸਦੀਵੀ ਸੰਦੇਸ਼ ਨੂੰ ਮੈਂ ਸ਼ਰਧਾਂਜਲੀ ਭੇਟ ਕਰਦਾ ਹਾਂ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸਰਵਣ ਸਿੰਘ ਕੁਲਾਰ, ਕੇਂਦਰੀ ਰਾਜ ਮੰਤਰੀ ਸ੍ਰੀ ਸੋਮ ਪ੍ਰਕਾਸ਼, ਸ਼੍ਰੋਮਣੀ ਕਮੇਟੀ ਸਕੱਤਰ ਸ. ਪ੍ਰਤਾਪ ਸਿੰਘ, ਵਧੀਕ ਸਕੱਤਰ ਸ. ਕੁਲਵਿੰਦਰ ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਮੈਨੇਜਰ ਸ. ਸੁਲੱਖਣ ਸਿੰਘ ਭੰਗਾਲੀ, ਸੂਚਨਾ ਅਧਿਕਾਰੀ ਸ. ਜਸਵਿੰਦਰ ਸਿੰਘ ਜੱਸੀ, ਸ. ਹਰਿੰਦਰ ਸਿੰਘ ਰੋਮੀ, ਸ. ਅੰਮ੍ਰਿਤਪਾਲ ਸਿੰਘ, ਪੰਜਾਬ ਦੇ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ, ਸਾਬਕਾ ਐਮ.ਪੀ. ਸ੍ਰੀ ਸ਼ਵੇਤ ਮਲਿਕ, ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਅੰਮ੍ਰਿਤਸਰ ਪੁਲਿਸ ਕਮਿਸ਼ਨਰ ਸ੍ਰੀ ਅਰੁਨ ਪਾਲ ਸਿੰਘ, ਡੀਸੀਪੀ ਸ. ਪਰਮਿੰਦਰ ਸਿੰਘ ਭੰਡਾਲ ਆਦਿ ਮੌਜੂਦ ਸਨ।